ਪੂੰਜੀਵਾਦ ਗੰਭੀਰ ਖ਼ਤਰੇ ‘ਚ ਹੈ ਅਤੇ ਲੋਕ ਇਸਦੇ ਖ਼ਿਲਾਫ਼ ਬਗ਼ਾਵਤ ਕਰਨਗੇ -ਰਘੂਰਾਮ ਰਾਜਨ
Posted on:- 13-03-2019
ਭਾਵੇਂ ਰਾਜਨ ਨੂੰ ਖ਼ਤਰੇ ਦੇ ਇਹ ਲੱਛਣ 2008 ਦੇ ਵਿਸ਼ਵ ਆਰਥਿਕ ਸੰਕਟ ਤੋਂ ਬਾਅਦ ਪੈਦਾ ਹੋਏ ਜਾਪਦੇ ਹਨ ਪਰ ਸੰਕਟ ਪੂੰਜੀਵਾਦ ਦਾ ਜਮਾਂਦਰੂ ਰੋਗ ਹੈ। ਇਸ ਰੋਗ ਦੇ ਲੱਛਣ ਤੇ ਦਵਾ ਲੈਨਿਨ ਨੇ ਬਹੁਤ ਸਮਾਂ ਪਹਿਲਾਂ ਹੀ ਦੱਸ ਦਿੱਤੇ ਸਨ। ਉਦੋਂ ਤੋਂ ਲੈ ਕੇ ਹੁਣ ਤੱਕ ਸੈਂਕੜੇ ਰਾਜਨ ਪੂੰਜੀਵਾਦ ਦੇ ਇਸ ਅਸਾਧ ਰੋਗ ਦਾ ਇਲਾਜ ਕਰਨ ‘ਚ ਲੱਗੇ ਹੋਏ ਹਨ ਅਤੇ ਹੁਣ ਜਦੋਂ ਵਿਸ਼ਵ ਪੂੰਜੀਵਾਦ ਆਪਣੀ ‘ਅੰਤਿਮ ਅਵਸਥਾ’ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ ਤਾਂ ਰਾਜਨ ਸਮੇਤ ਦੁਨੀਆਂ ਭਰ ਦੇ ਬੁਰਜੂਆ ਅਰਥ-ਸ਼ਾਸ਼ਤਰੀ ਅਤੇ ਇਹਨਾਂ ਦੇ ਅਕਾਵਾਂ ਦੇ ਸਿਰ ਤੋਂ ਪਾਣੀ ਲੰਘ ਰਿਹਾ ਹੈ ਤਾਂ ਇਹ ਖ਼ੁਦ ਥੁੱਕ ਕੇ ਚੱਟਣ ਲਈ ਮਜਬੂਰ ਹੋ ਰਹੇ ਹਨ। ‘ਇਤਿਹਾਸ ਦਾ ਅੰਤ’ (ਫਰਾਂਸਿਸ ਫੁਕੂਯਾਮਾ) ਦੇ ਦਾਅਵੇ ਕਰਨ ਵਾਲ਼ਿਆਂ ਨੂੰ ਦਿਨ-ਰਾਤ ਸਮਾਜਵਾਦ ਦਾ ਭੂਤ ਡਰਾ ਰਿਹਾ ਹੈ। ਪੂੰਜੀਵਾਦ ਗੰਭੀਰ ਸੰਕਟ ‘ਚ ਹੈ ਇਹ ਕੋਰੀ ਹਕੀਕਤ ਹੈ। ਲੋਕ ਬਗ਼ਾਵਤ ਕਰਨਗੇ ਹੀ ਨਹੀਂ ਬਲਕਿ ਲਗਾਤਾਰ ਕਰਦੇ ਆ ਰਹੇ ਨੇ। ਪੂੰਜੀਵਾਦ ਖ਼ਿਲਾਫ਼ ਭਵਿੱਖ ‘ਚ ਹੋਰ ਵੱਡੀਆਂ ਬਗਾਵਤਾਂ ਖੜੀਆਂ ਹੋਣੀਆਂ ਅਟੱਲ ਹਨ। ਰਾਜਨ ਦਾ ਤੌਖਲਾ ਸਹੀ ਹੈ, ਪਰ ਸੰਸਾਰ ਇਨਕਲਾਬੀ ਲਹਿਰ ਲਈ ਇਹ ਬਹੁਤ ਵੱਡੀ ਫਿਕਰਮੰਦੀ ਦਾ ਸਵਾਲ ਹੈ ਕਿ ਇਹਨਾਂ ਬਗਾਵਤਾਂ ਨੂੰ ਸਹੀ ਦਿਸ਼ਾ ‘ਚ ਕਿਵੇਂ ਅੱਗੇ ਲੈ ਕੇ ਜਾਣਾ ਹੈ? ਪੂੰਜੀਵਾਦ ਖ਼ਿਲਾਫ਼ ਬਗਾਵਤਾਂ ਦੇ ਖਿਆਲ ਰੂਹ ਖੁਸ਼ ਕਰ ਦਿੰਦੇ ਹਨ ਪਰ ਸੰਸਾਰ ਕਮਿਊਨਿਸਟ ਲਹਿਰ ਦੀ ਹਾਲਤ ਪਰਤੀ ਆਸ਼ਾਵੰਦ ਹੋਣ ਦੇ ਬਾਵਜੂਦ ਹਕੀਕਤ ਉਹ ਨਹੀਂ ਹੈ ਜੋ ਹੋਣੀ ਚਾਹੀਦੀ ਹੈ।