'ਕਾਲੀ ਦੀਵਾਲੀ' ਮਨਾਉਣ ਲਈ ਨਿਊ ਮੋਤੀ ਮਹਿਲ ਵੱਲ ਰੋਸ ਮਾਰਚ ਕਰਦੇ ਅਧਿਆਪਕਾਂ 'ਤੇ ਪੁਲਿਸ ਨੇ ਕੀਤਾ ਲਾਠੀਚਾਰਜ਼
Posted on:- 07-11-2018
ਪਟਿਆਲਾ : ਮੁੱਖ ਮੰਤਰੀ ਦੀ ਬੇਰੁਖੀ ਦਾ ਸ਼ਿਕਾਰ ਅਧਿਆਪਕ ਪਿਛਲੇ ਇੱਕ ਮਹੀਨੇ ਤੋਂ ਪਟਿਆਲਾ ਦੀਆਂ ਸੜਕਾਂ 'ਤੇ ਰੁਲਣ ਲਈ ਮਜਬੂਰ ਹਨ। ਦੁਸ਼ਹਿਰਾ ਅਤੇ ਕਰਵਾ ਚੌਥ ਦਾ ਤਿਉਹਾਰ ਸੰਘਰਸ਼ ਦੀਆਂ ਪਿੜਾਂ 'ਚ ਬਿਤਾਉਣ ਵਾਲੇ ਅਧਿਆਪਕਾਂ ਨੇ ਦੀਵਾਲੀ ਦਾ ਤਿਉਹਾਰ ਵੀ ਆਪਣੇ ਘਰਾਂ ਤੋਂ ਬਾਹਰ ਹੀ ਮਨਾਇਆ ਅਤੇ ਸਾਂਝੇ ਅਧਿਆਪਕ ਮੋਰਚੇ ਦੀ ਅਗਵਾਈ ਵਿੱਚ ਚੱਲ ਰਹੇ ਪੱਕੇ ਮੋਰਚੇ ਦੇ 32ਵੇਂ ਦਿਨ 10 'ਅਧਿਆਪਕ ਜੋੜਿਆਂ' ਨੇ ਭੁੱਖ ਹੜਤਾਲ ਦੀ ਲੜੀ ਨੂੰ ਅੱਗੇ ਤੋਰਿਆ।
ਪਟਿਆਲਾ,ਸੰਗਰੂਰ,ਬਰਨਾਲਾ ਅਤੇ ਫਤਿਹਗੜੵ ਸਾਹਿਬ ਜ਼ਿਲ੍ਹਿਆਂ ਦੇ ਵੱਡੀ ਗਿਣਤੀ ਅਧਿਆਪਕਾਂ ਨੇ ਅੱਜ ਪਟਿਆਲਾ ਸ਼ਹਿਰ 'ਚ ਗੁਰੂਦੁਆਰਾ ਦੁੱਖ ਨਿਵਾਰਨ ਸਾਹਿਬ ਨੇੜੇ ਲੱਗੇ ਪੱਕੇ ਧਰਨੇ ਵਾਲੇ ਸਥਾਨ ਤੋਂ ਮੁੱਖ ਮੰਤਰੀ ਦੀ ਰਿਹਾਇਸ਼ 'ਨਿਊ ਮੋਤੀ ਮਹਿਲ' ਵੱਲ ਰੋਸ ਮਾਰਚ ਕੀਤਾ। ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਨੂੰ ਖੱਜਲ ਖੁਆਰ ਕਰਨ ਦੀ ਨੀਤੀ ਦੇ ਵਿਰੋਧ ਵਿੱਚ 'ਕਾਲੀ ਦੀਵਾਲੀ' ਮਨਾਉਣ ਲਈ ਮੁੱਖ ਮੰਤਰੀ ਦੇ ਘਰ ਵੱਲ ਵਧਦੇ ਅਧਿਆਪਕਾਂ 'ਤੇ ਪੁਲਿਸ ਵੱਲੋਂ ਭੜਕਾਹਟ ਪੈਦਾ ਕਰਦੇ ਹੋਏ ਲਾਠੀਚਾਰਜ ਕੀਤਾ ਅਤੇ ਮਹਿਲਾ ਅਧਿਆਪਕਾਵਾਂ ਦੀ ਪੁਰਸ਼ ਮੁਲਾਜ਼ਮਾਂ ਵੱਲੋਂ ਖਿੱਚਧੂਹ ਵੀ ਕੀਤੀ ਗਈ।ਪੁਲਿਸ ਦੀ ਧੱਕੇਸ਼ਾਹੀ ਵਾਲੀ ਕਾਰਵਾਈ ਤੋਂ ਖਫਾ ਅਧਿਆਪਕਾਂ ਨੇ ਰੋਕਾਂ ਨੂੰ ਤੋੜਦਿਆਂ ਮੁੱਖ ਮੰਤਰੀ ਦੇ ਨਿਊ ਮੋਤੀ ਮਹਿਲ ਤੱਕ ਰੋਹ ਭਰਪੂਰ ਰੋਸ ਮਾਰਚ ਕੀਤਾ। ਪ੍ਰਸ਼ਾਸ਼ਨ ਵੱਲੋਂ ਨਾਇਬ ਤਹਿਸੀਲਦਾਰ ਪਰਮਜੀਤ ਜਿੰਦਲ ਨੇ ਅਧਿਆਪਕਾਂ 'ਚ ਪਹੁੰਚ ਕੇ ਭਰੋਸਾ ਦਿੱਤਾ ਕਿ ਅਧਿਆਪਕਾਂ ਨਾਲ ਧੱਕੇਸ਼ਾਹੀ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਦੀ ਨਿਸ਼ਾਨਦੇਹੀ ਕਰਕੇ ਉਨੵਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਸਾਂਝਾ ਅਧਿਆਪਕ ਮੋਰਚਾ ਦੇ ਸੂਬਾ ਕਨਵੀਨਰ ਦਵਿੰਦਰ ਸਿੰਘ ਪੂਨੀਆ ਤੇ ਸੁਖਵਿੰਦਰ ਸਿੰਘ ਚਾਹਲ ਤੋਂ ਇਲਾਵਾ ਸੂਬਾ ਕੋ ਕਨਵੀਨਰ ਹਰਦੀਪ ਸਿੰਘ ਟੋਡਰਪੁਰ ਨੇ ਦੱਸਿਆ ਕਿ ਐੱਸ.ਐੱਸ.ਏ, ਰਮਸਾ, ਆਦਰਸ਼ ਤੇ ਮਾਡਲ ਸਕੂਲ ਅਧਿਆਪਕਾਂ ਨੂੰ ਪੂਰੀਆਂ ਤਨਖਾਹਾਂ 'ਤੇ ਰੈਗੂਲਰ ਕਰਨ ਦੀ ਥਾਂ ਤਨਖਾਹਾਂ 'ਚ 65 ਤੋਂ 75% ਕਟੌਤੀ ਕਰਨ, 5178 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵਿੱਚ ਦਰਜ਼ ਸ਼ਰਤਾਂ ਅਨੁਸਾਰ ਨਵੰਬਰ 2017 ਤੋਂ ਰੈਗੂਲਰ ਕਰਨ ਤੋਂ ਪਿੱਛੇ ਹਟਣ, ਪਿਕਟਸ ਅਧੀਨ ਕੰਪਿਊਟਰ ਅਧਿਆਪਕਾਂ ਨੂੰ ਵਿਭਾਗ ਵਿੱਚ ਸ਼ਿਫਟ ਨਾ ਕਰਨ ਅਤੇ ਹੋਰਨਾ ਕੱਚੇ ਅਧਿਆਪਕਾਂ ਨੂੰ ਪੂਰੇ ਸਕੇਲਾਂ 'ਤੇ ਪੱਕੇ ਕਰਨ ਦੀ ਬਜਾਏ ਹੱਕ ਮੰਗਦੇ ਅਧਿਆਪਕਾਂ ਦੀਆਂ ਮੁਅੱਤਲੀਆਂ, ਬਦਲੀਆਂ ਅਤੇ ਹੋਰ ਵਿਕਟੇਮਾਇਜੇਸ਼ਨਾਂ ਕਰਕੇ ਸੂਬੇ ਵਿੱਚ ਬਚੀ ਖੁਚੀ ਜਮਹੂਰੀਅਤ ਦਾ ਗਲਾ ਘੋਟਿਆ ਜਾ ਰਿਹਾ ਹੈ। ਆਗੂਆਂ ਨੇ ਅਖੌਤੀ ਪੋ੍ਜੈਕਟਾਂ ਰਾਹੀਂ ਜਨਤਕ ਸਿੱਖਿਆ ਨੂੰ ਤਹਿਸ ਨਹਿਸ ਕਰਨ ਵਾਲੇ ਅਤੇ ਅਧਿਆਪਕਾਂ ਨਾਲ ਬੁਰਾ ਵਿਵਹਾਰ ਕਰਨ ਵਾਲੇ ਸਿੱਖਿਆ ਸਕੱਤਰ ਨੂੰ ਸਿੱਖਿਆ ਵਿਭਾਗ ਵਿੱਚੋਂ ਤੁਰੰਤ ਬਦਲਾਉਣ ਅਤੇ ਹੋਰਨਾਂ ਮੰਗਾਂ ਦਾ ਸਰਕਾਰ ਵੱਲੋਂ ਹੱਲ ਨਾ ਕੱਢਣ ਦੀ ਸੂਰਤ ਵਿੱਚ ਸੰਘਰਸ਼ ਨੂੰ ਹੋਰ ਵਿਆਪਕ ਤੇ ਤਿੱਖਾ ਰੂਪ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਗੁਰਪਰੀਤ ਅੰਮੀਵਾਲ, ਵਿਕਰਮ ਦੇਵ ਸਿੰਘ, ਰਣਜੀਤ ਸਿੰਘ ਮਾਨ, ਕੁਲਦੀਪ ਗੋਬਿੰਦਪੁਰਾ, ਭਰਾਤਰੀ ਜਥੇਬੰਦੀ ਵੱਲੋਂ ਦਰਸ਼ਨ ਲੁਬਾਣਾ, ਰਾਜਵਿੰਦਰ ਮੀਰ, ਗੁਰਮੀਤ ਸੁੱਖਪੁਰ ਤੋਂ ਇਲਾਵਾ ਅਮੋਲਕ ਡੈਲੂਆਣਾ, ਰਾਜੇਸ਼ ਕੁਮਾਰ, ਜੋਸ਼ੀਲ ਤਿਵਾੜੀ, ਕੁਲਦੀਪ ਪਟਿਆਲਵੀ, ਪਰਮਵੀਰ ਸਿੰਘ, ਕਰਮਜੀਤ ਨਦਾਮਪੁਰ, ਨਿਰਭੈਅ ਸਿੰਘ, ਅੰਮਿ੍ਤਪਾਲ ਸਿੰਘ, ਭਰਤ ਕੁਮਾਰ, ਹਰਵਿੰਦਰ ਰੱਖੜਾ ਆਦਿ ਮੋਜੂਦ ਰਹੇ।