ਹਾਮਿਦ ਅੰਸਾਰੀ ਤੋਂ ਬਾਅਦ ਕੀ ਹੋਵੇਗਾ ਰਾਜਸਭਾ ਟੀ . ਵੀ .ਦਾ ਭਵਿੱਖ ?
Posted on:- 26-07-2017
ਨਵੇਂ ਉੱਪ ਰਾਸ਼ਟਰਪਤੀ ਲਈ ਪੈਣ ਵਾਲੀਆਂ ਵੋਟਾਂ ਦੇ ਦਿਨ ਜਿਵੇਂ -ਜਿਵੇਂ ਨੇੜੇ ਆ ਰਹੇ ਨੇ , ਉਸੇ ਤਰ੍ਹਾਂ ਹੀ ਪੱਤਰਕਾਰੀ ਤੇ ਬੌਧਿਕ ਹਲਕਿਆਂ ਦੀ ਚਿੰਤਾ ਵੱਧ ਰਹੀ ਹੈ ਕੀ ਰਾਜਸਭਾ ਟੀ.ਵੀ. ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਹੋਵੇਗਾ ? ਰਾਜ ਸਭਾ ਦੇ ਸਭਾਪਤੀ (ਉੱਪ -ਰਾਸ਼ਟਰਪਤੀ) ਦੀ ਨਿਗਰਾਨੀ `ਚ ਚੱਲਣ ਵਾਲੇ ਰਾਜਸਭਾ ਟੀ.ਵੀ. ਨੇ ਪਿਛਲੇ ਕੁਝ ਸਾਲਾਂ` ਚ ਆਪਣੀ ਨਿਰਪੱਖ , ਭਰੋਸੇਯੋਗ ਪੱਤਰਕਾਰੀ ਤੇ ਗੰਭੀਰ ਬਹਿਸਾਂ ਵਾਲੇ ਪ੍ਰੋਗਰਾਮਾਂ ਕਾਰਨ ਭੱਲ ਬਣਾਈ ਹੋਈ ਹੈ । ਬਹੁਤ ਸਾਰੇ ਮੀਡੀਆ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਅਜਿਹਾ ਤਾਂ ਹੀ ਸੰਭਵ ਹੈ ਕਿ ਇਸਦੇ ਨਿਗਰਾਨ ਹਾਮਿਦ ਅੰਸਾਰੀ ਵਰਗੇ ਸ਼ਖ਼ਸ ਹਨ । ਉੱਪ ਰਾਸ਼ਟਰਪਤੀ ਦੇ ਅਹੁਦੇ ਲਈ ੫ ਅਗਸਤ ਨੂੰ ਵੋਟਾਂ ਪੈ ਰਹੀਆਂ ਹਨ । ਮੁਕਾਬਲਾ ਗੋਪਾਲ ਕ੍ਰਿਸ਼ਨ ਗਾਂਧੀ ਤੇ ਐੱਮ.ਵੈਂਕਈਆ ਨਾਇਡੂ ਵਿਚਕਾਰ ਹੋ ਰਿਹਾ ਹੈ । ਗਿਣਤੀਆਂ- ਮਿਣਤੀਆਂ ਦੇ ਹਿਸਾਬ ਨਾਲ ਵੈਂਕਈਆ ਨਾਇਡੂ ਦਾ ਹੱਥ ਉਪਰ ਹੈ ।
ਦੇਸ਼ ਦੇ ਇੱਕ ਨਾਮਵਰ ਪੱਤਰਕਾਰ ਦਾ ਕਹਿਣਾ ਹੈ ``ਵੈਂਕਈਆ ਨਾਇਡੂ ਦੀ ਜਿੱਤ ਪੱਕੀ ਹੈ ਇਸ ਨਾਲ ਰਾਜਸਭਾ ਟੈਲੀਵਿਜ਼ਨ ਦੀ ਪਹਿਲਾਂ ਵਾਲੀ ਮਟਕ ਨਹੀਂ ਰਹਿਣੀ । ਨਾਇਡੂ ਸਾਹਿਬ ਇਸ ਨੂੰ ਆਪਣੇ ਮੁਤਾਬਕ ਚਲਾਉਣਗੇ ਤੁਸੀਂ ਦੇਖਿਆ ਹੀ ਹੈ ਕਿ ਲੋਕ ਸਭਾ ਟੀ . ਵੀ ਦਾ ਕੀ ਹਾਲ ਹੋਇਆ ਉਸ ਤਰ੍ਹਾਂ ਇਸਦਾ ਵੀ ਹੋ ਜਾਵੇਗਾ ।`` ਰਾਜਸਭਾ ਟੀ . ਵੀ ਦੇ ਇੱਕ ਸੀਨੀਅਰ ਸੰਪਾਦਕ ਨੇ ਆਪਣਾ ਨਾਮ ਨਾ ਨਸ਼ਰ ਕਰਨ ਦੀ ਸ਼ਰਤ `ਤੇ ਕਿਹਾ`` ਇਥੇ ਤੁਸੀਂ ਸਹੀ ਪੱਤਰਕਾਰੀ ੧੦ ਅਗਸਤ ਤੱਕ ਹੀ ਦੇਖ ਸਕੋਗੇ ਉਸਤੋਂ ਬਾਅਦ ਸਭ ਕੁਝ ਬਦਲ ਜਾਵਗਾ 3 ਮਹੀਨੇ ਦੇ ਅੰਦਰ ਬਹੁਤ ਸਾਰੇ ਸੰਪਾਦਕ ਪੱਤਰਕਾਰ ਇਸ ਚੈਨਲ ਨੂੰ ਅਲਵਿਦਾ ਆਖ ਰਹੇ ਨੇ ।``
ਚੇਤੇ ਰਹੇ ਚੈਨਲ ਨੇ ਹੁਣੇ ਹੀ ਬਹੁਤ ਸਾਰੇ ਲੋਕ -ਪੱਖ ਦੀ ਗੱਲ ਕਰਨ ਵਾਲੇ ਪ੍ਰੋਗਰਾਮਾਂ ਨੂੰ ਬੰਦ ਕਰ ਦਿੱਤਾ ਹੈ । ਉਰਮਿਲੇਸ਼ ਤੇ ਸਿਧਾਰਥ ਵਰਧਰਾਜਨ ਵਰਗੇ ਪੱਤਰਕਾਰਾਂ ਦੇ , ਸ਼ੋਅ ਬੰਦ ਕਰ ਦਿੱਤੇ ਨੇ । ਇਸੇ ਚੈਨਲ ਦੇ ਇੱਕ ਸੀਨੀਅਰ ਪੱਤਰਕਾਰ ਦਾ ਕਹਿਣਾ ਹੈ ਕਿ ਹੁਣੇ ਸ਼ੁਰੂ ਹੋਇਆ ਇੱਕ ਪ੍ਰੋਗਰਾਮ `ਗਰਾਉਂਡ ਰਿਪੋਰਟ ` ਵੀ ਸਰਕਾਰ ਦੀਆਂ ਅੱਖਾਂ `ਚ ਚੁਭ ਰਿਹਾ ਹੈ ਦਸ ਅਗਸਤ ਤੋਂ ਬਾਅਦ ਇਸਦਾ ਭਵਿੱਖ ਪਤਾ ਨਹੀਂ ਕੀ ਹੋਵੇਗਾ ।