ਸੰਘ ਨੂੰ ਹਜ਼ਮ ਨਹੀਂ `ਖੇਤਾਂ ਦੇ ਪੁੱਤ ਦੀ ਕਵਿਤਾ`
Posted on:- 25-07-2017
ਆਰਐਸਐਸ ਵਿਚਾਰਕ ਦੀਨਾਨਾਥ ਬੱਤਰਾ ਨੇ ਐਨਸੀਈਆਰਟੀ ਦੀ ਪਾਠ ਪੁਸਤਕ `ਚੋਂ ਪੰਜਾਬੀ ਦੇ ਇਨਕਲਾਬੀ ਕਵੀ ਪਾਸ਼ ਦੀ ਕਵਿਤਾ ਹਟਾਉਣ ਨੂੰ ਕਿਹਾ ਹੈ । ਸਾਲ 2006 ਵਿੱਚ ਪਾਸ਼ ਦੀ ਮਸ਼ਹੂਰ ਕਵਿਤਾ ‘ਸਭ ਤੋਂ ਖ਼ਤਰਨਾਕ’ ਦੇ ਹਿੰਦੀ ਅਨੁਵਾਦ ਨੂੰ ਗਿਆਰਵੀਂ ਹਿੰਦੀ ਦੇ ਪਾਠਕ੍ਰਮ ਦਾ ਭਾਗ ਬਣਾਇਆ ਗਿਆ। ਉਹ ਇਕੋ ਇਕ ਪੰਜਾਬੀ ਕਵੀ ਹੈ, ਜਿਸ ਦੀ ਕਵਿਤਾ ਨੂੰ ਐਨਸੀਈਆਰਟੀ ਦੀ ਪਾਠ ਪੁਸਤਕ ਵਿੱਚ ਥਾਂ ਮਿਲੀ। ਬੱਤਰਾ ਨੇ ਪਾਸ਼ ਤੋਂ ਇਲਾਵਾ ਰਾਬਿੰਦਰਨਾਥ ਟੈਗੋਰ ਦੇ ਵਿਚਾਰਾਂ, ਮਿਰਜ਼ਾ ਗਾਲਿਬ ਦੀ ਇਕ ਕਵਿਤਾ ਅਤੇ ਐਮ.ਐਫ. ਹੁਸੈਨ ਦੀ ਸਵੈ ਜੀਵਨੀ ਦੀਆਂ ਟੂਕਾਂ ਨੂੰ ਹਟਾਉਣ ਲਈ ਐਨਸੀਈਆਰਟੀ ਨੂੰ ਆਖਿਆ ਹੈ। ਹਾਲਾਂਕਿ ਬੱਤਰਾ ਦੇ ਇਸ ਕਦਮ ਨੂੰ ਐਨਸੀਈਆਰ ਦੀਆਂ ਕਿਤਾਬਾਂ ਦੇ ਪ੍ਰਕਾਸ਼ਨ ਤੇ ਖੋਜ ਨਾਲ ਸਬੰਧਤ ਰਹੇ ਸਿੱਖਿਆ ਸ਼ਾਸਤਰੀਆਂ ਨੇ ਗ਼ੈਰ ਅਕਾਦਮਿਕ ਦੱਸਿਆ ਹੈ।
ਇਸ ਤੋਂ ਬਿਨਾਂ ਬੱਤਰਾ ਨੇ ਮੁਗਲ ਬਾਦਸ਼ਾਹਾਂ ਨੂੰ ਨੇਕ ਦਿਲ ਲਿਖਣ , ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੁਆਰਾ 1984 ਦੇ ਕਤਲੇਆਮ ਦੀ ਮੁਆਫ਼ੀ ਮੰਗਣ , ਨੈਸ਼ਨਲ ਕਾਨਫਰੰਸ ਨੂੰ ਧਰਮ ਨਿਰਪੱਖ ਲਿਖਣ ਤੇ ਗੁਜਰਾਤ ਦੇ ਕਤਲੇਆਮ ਨਾਲ ਸਬੰਧਤ ਤੱਥਾਂ ਨੂੰ ਸਿਲੇਬਸ ਚੋਂ ਹਟਾਉਣ ਦੀ ਗੱਲ ਆਖੀ ਹੈ । ਦੇਸ਼ ਦੇ ਵਿਦਵਾਨ ਚਿੰਤਕਾਂ ਦਾ ਕਹਿਣਾ ਹੈ ਕਿ ਬੱਤਰਾ ਦਾ ਵਿਚਾਰ ਘਟੀਆ ਹੈ ਅਤੇ ਇਸ ਦਾ ਅਕਾਦਮਿਸ਼ਨ ਨਾਲ ਕੋਈ ਸਬੰਧ ਨਹੀਂ ਹੈ। ਪਾਸ਼ ਦੀ ਕਵਿਤਾ ਨੂੰ ਹਿੰਦੀ ਪਾਠ ਪੁਸਤਕਾਂ ਵਿੱਚ ਸ਼ਾਮਲ ਕਰਨ ਦਾ ਕਾਰਨ ਵਿਦਿਆਰਥੀਆਂ ਨੂੰ ਹੋਰ ਭਾਰਤੀ ਭਾਸ਼ਾਵਾਂ ਦੇ ਸਾਹਿਤਕ ਰੁਝਾਨਾਂ ਤੋਂ ਜਾਣੂੰ ਕਰਵਾਉਣਾ ਸੀ ਤਾਂ ਜੋ ਵਿਦਿਆਰਥੀਆਂ ਦਾ ਮਨ ਵੱਖ ਵੱਖ ਵਿਚਾਰਾਂ ਪ੍ਰਤੀ ਜਿਗਿਆਸੂ ਬਣੇ ਅਤੇ ਉਹ ਇਨ੍ਹਾਂ ਵਿਚਾਰਾਂ ਬਾਰੇ ਆਪਣਾ ਸਿੱਟਾ ਕੱਢ ਸਕਣ। ਸਾਡਾ ਮੰਤਵ ਜਮਹੂਰੀ ਤੇ ਸਮੁੱਚੇ ਭਾਰਤ ਦਾ ਸੰਕਲਪ ਵਿਦਿਆਰਥੀਆਂ ਸਾਹਮਣੇ ਪੇਸ਼ ਕਰਨਾ ਹੈ। ਸ਼ਾਇਦ ਇਸ ਦਾ ਮਨੋਰਥ ਉਦਾਰਵਾਦੀ ਸਿੱਖਿਆ ਹੈ।