ਦੇਸ਼ ਸੇਵਕ ਦੇ ਪ੍ਰਿੰਟਰ ਤੇ ਪਬਲੀਸ਼ਰ ਤੇਜਿੰਦਰ ਸਿੰਘ ਨੇ ਐਡਵੋਕੇਟ ਸਤਨਾਮ ਸਿੰਘ ਕਲੇਰ ਰਾਹੀਂ ਠੋਕਿਆ ਮਾਣਹਾਨੀ ਦਾਅਵਾ
ਚੰਡੀਗੜ੍ਹ: ਸੀ.ਪੀ.ਆਈ.ਐਮ ਦੇ ਆਗੂ ਕਾਮਰੇਡ ਚਰਨ ਸਿੰਘ ਵਿਰਦੀ,ਕਾਮਰੇਡ ਰਘੂਨਾਥ ਸਿੰਘ, ਕਾਮਰੇਡ ਲਹਿੰਬਰ ਸਿੰਘ ਤੱਗੜ ਅਤੇ ਦੇਸ਼ ਸੇਵਕ ਦੇ ਸੰਪਾਦਕ ਮਦਨਦੀਪ ਸਿੰਘ ਖਿਲਾਫ ਜ਼ਿਲ੍ਹਾ ਅਦਾਲਤ ਪਟਿਆਲਾ ਵਿਖੇ ਦੇਸ਼ ਸੇਵਕ ਦੇ ਪ੍ਰਿੰਟਰ ਤੇ ਪਬਲੀਸ਼ਰ ਤੇਜਿੰਦਰ ਸਿੰਘ ਵੱਲੋਂ ਕ੍ਰਿਮੀਨਲ ਮਾਣਹਾਨੀ ਕੇਸ ਦਾਖਲ ਕੀਤਾ ਗਿਆ ਹੈ। ਸ਼ਿਕਾਇਤ ਕਰਤਾ ਨੇ ਪਟਿਆਲਾ ਦੇ ਸੀਨੀਅਰ ਵਕੀਲ ਐਡਵੋਕੇਟ ਸਤਨਾਮ ਸਿੰਘ ਕਲੇਰ ਰਾਹੀਂ ਮਾਣਹਾਨੀ ਦਾ ਇਹ ਕੇਸ ਮਾਨਯੋਗ ਇੰਦਰਜੀਤ ਸਿੰਘ ਜੇ.ਐਮ.ਆਈ.ਸੀ ਦੀ ਅਦਾਲਤ ਵਿੱਚ ਦਾਖਲ ਕੀਤਾ ਹੈ। ਜ਼ਿਕਰਯੋਗ ਹੈ ਕਿ ਦੇਸ਼ ਸੇਵਕ ਅਖਬਾਰ ਦੇ ਮੁੱਖ ਪੰਨੇ 'ਤੇ ਤੇਜਿੰਦਰ ਸਿੰਘ ਦੀ ਸ਼ਾਖ ਨੂੰ ਢਾਅ ਲਾਉਣ ਲਈ ਇੱਕ ਗੈਰ-ਕਾਨੂੰਨੀ ਨੋਟਿਸ ਲਗਾਇਆ ਗਿਆ ਸੀ,ਜਿਸ ਲਈ ਸਿੱਧੇ ਤੌਰ 'ਤੇ ਕਾਮਰੇਡ ਚਰਨ ਸਿੰਘ ਵਿਰਦੀ, ਕਾਮਰੇਡ ਰਘੂਨਾਥ ਸਿੰਘ,ਕਾਮਰੇਡ ਲਹਿੰਬਰ ਸਿੰਘ ਤੱਗੜ ਅਤੇ ਸੰਪਾਦਕ ਮਦਨਦੀਪ ਸਿੰਘ ਸਿੱਧੇ ਤੌਰ 'ਤੇ ਜ਼ਿੰਮੇਵਾਰ ਹਨ। ਜਦੋਂ ਅਖਬਾਰ ਵਿੱਚ ਇਹ ਨੋਟਿਸ ਲਗਾਇਆ ਗਿਆ ਸੀ ਉਦੋਂ ਦੇਸ਼ ਸੇਵਕ ਦੇ ਪ੍ਰਿੰਟਰ ਤੇ ਪਬਲੀਸ਼ਰ ਤੇਜਿੰਦਰ ਸਿੰਘ ਸਨ ਜੋ ਅੱਜ ਵੀ ਆਪਣੇ ਅਹੁਦੇ 'ਤੇ ਮੌਜੂਦ ਹਨ। ਕੋਈ ਵੀ ਅਖਬਾਰ ਆਪਣੇ ਹੀ ਮੌਜੂਦਾ ਪ੍ਰਿੰਟਰ ਤੇ ਪਬਲੀਸ਼ਰ ਦੇ ਖਿਲਾਫ ਖਬਰ ਜਾਂ ਨੋਟਿਸ ਨਹੀਂ ਛਾਪ ਸਕਦਾ, ਜਿਸਦੇ ਚਲਦਿਆਂ ਤੇਜਿੰਦਰ ਸਿੰਘ ਨੇ ਉਕਤ ਵਿਅਕਤੀਆਂ ਖਿਲਾਫ ਕ੍ਰਿਮੀਨਲ ਮਾਣਹਾਨੀ ਕੇਸ ਦਾਖਲ ਕੀਤਾ ਹੈ।