ਰੇਡੀਕਲ ਦੇਸੀ ਵੱਲੋਂ ਪ੍ਰੋਫੈਸਰ ਸਾਈਬਾਬਾ ਅਤੇ ਹੋਰ ਕਾਰਕੁੰਨਾਂ ਦੀ ਰਿਹਾਈ ਲਈ ਹਸਤਾਖ਼ਰ ਮੁਹਿੰਮ ਦੀ ਸ਼ੁਰੂਆਤ
Posted on:- 10-04-2017
ਵੈਨਕੂਵਰ: ਰੇਡੀਕਲ ਦੇਸੀ ਪ੍ਰਕਾਸ਼ਨ ਵੱਲੋਂ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਜੀ.ਐੱਨ ਸਾਈਬਾਬਾ ਦੀ ਰਿਹਾਈ ਦੀ ਮੰਗ ਵਾਸਤੇ ਪਟੀਸ਼ਨ ’ਤੇ ਹਸਤਾਖ਼ਰ ਕਰਵਾਉਣ ਦੀ ਸ਼ੁਰੂਆਤ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਪ੍ਰੋਫੈਸਰ ਸਾਈਬਾਬਾ ਜੋ ਬੇਜ਼ਮੀਨੇ ਕਿਸਾਨਾਂ, ਆਦਿਵਾਸੀ , ਦਲਿਤਾਂ, ਮਜ਼ਦੂਰਾਂ ਅਤੇ ਭਾਰਤੀ ਸਮਾਜ ਦੇ ਹੋਰ ਦੱਬੇ-ਕੁਚਲੇ ਅਤੇ ਲਤਾੜੇ ਹਿੱਸਿਆਂ ਲਈ ਲਗਾਤਾਰ ਡੱਟ ਕੇ ਆਵਾਜ਼ ਉਠਾਉਂਦੇ ਰਹੇ ਹਨ, ਨੂੰ 7 ਮਾਰਚ 2017 ਨੂੰ ਭਾਰਤ ਦੇ ਮਹਾਰਾਸ਼ਟਰ ਸੂਬੇ ਦੀ ਗੜ੍ਹਚਿਰੌਲੀ ਜ਼ਿਲ੍ਹਾ ਸੈਸ਼ਨ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਸਾਈਬਾਬਾ ਪੂਰੀ ਤਰ੍ਹਾਂ ਵੀਲ੍ਹ-ਚੇਅਰ ਉੱਪਰ ਨਿਰਭਰ ਹਨ, ਜਿਨ੍ਹਾਂ ਦਾ ਲੱਕ ਤੋਂ ਹੇਠਲਾ 90 ਫ਼ੀਸਦ ਹਿੱਸਾ ਨਕਾਰਾ ਹੈ। ਸਾਈਬਾਬਾ ਦੇ ਖ਼ਿਲਾਫ਼ ਸਖ਼ਤ ਦੋਸ਼ ਲਗਾ ਕੇ ਉਸਨੂੰ ਗ਼ੈਰਕਾਨੂੰਨੀ ਕਾਰਵਾਈਆਂ ਰੋਕੂ ਕਾਨੂੰਨ ਤਹਿਤ ਸਾਲ 2014 ਵਿੱਚ ਜੇਲ੍ਹ ਭੇਜ ਦਿੱਤਾ ਗਿਆ ਸੀ। ਹਾਲਾਂਕਿ ਉਨ੍ਹਾਂ ਨੂੰ ਬਾਅਦ ਵਿੱਚ ਮੈਡੀਕਲ ਆਧਾਰ ’ਤੇ ਜ਼ਮਾਨਤ ‘ਤੇ ਛੱਡ ਦਿੱਤਾ ਗਿਆ ਸੀ, ਪਰ ਹੁਣ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਰੇਡੀਕਲ ਦੇਸੀ ਵੱਲੋਂ ਸ਼ੁਰੂ ਕੀਤੀ ਜਾਣ ਵਾਲੀ ਹਸਤਾਖ਼ਰ ਮੁਹਿੰਮ ਦਾ ਮੰਤਵ ਸਾਈਬਾਬਾ ਅਤੇ ਹੋਰ ਕਾਰਕੁੰਨਾਂ ਦੀ ਰਿਹਾਈ ਅਤੇ ਨਿਰਪੱਖ ਸੁਣਾਈ ਲਈ ਇੱਕ ਮੌਕਾ ਦੇਣ ਲਈ ਭਾਰਤ ਸਰਕਾਰ ’ਤੇ ਦਬਾਅ ਪਾਉਣਾ ਹੈ, ਜਿਸ ਲਈ ਕੈਨੇਡੀਅਨ ਹਾਊਸ ਆਫ਼ ਕਾਮਨਜ਼ ਵੱਲੋਂ ਇਸ ਮਾਮਲੇ ਵਿੱਚ ਦਖ਼ਲ ਦੇਣ ਲਈ ਜ਼ੋਰ ਪਾਇਆ ਜਾਣਾ ਹੈ। ਰੇਡੀਕਲ ਦੇਸੀ ਦੀ ਟੀਮ ਵੱਲੋਂ ਪਟੀਸ਼ਨ ’ਤੇ ਹਸਤਾਖ਼ਰ ਕਰਵਾਉਣ ਦਾ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ ਜੋ ਕਿ ਕ੍ਰਮਵਾਰ 15 ਅਪਰੈਲ ਅਤੇ 22 ਅਪਰੈਲ ਨੂੰ ਵੈਨਕੁਵਰ ਅਤੇ ਸਰੀ ਵਿਖੇ ਵਿਸਾਖੀ ਮੌਕੇ ਹਾਜ਼ਰ ਰਹੇਗੀ।
ਇਸ ਸਬੰਧੀ ਵਧੇਰੇ ਜਾਣਕਾਰੀ ਲਈ ਗੁਰਪ੍ਰੀਤ ਨਾਲ 778-862-2454 ਅਤੇ ਪ੍ਰਸ਼ੋਤਮ ਦੋਸਾਂਝ ਨਾਲ 604-512-8371ਸੰਪਰਕ ਕੀਤਾ ਜਾ ਸਕਦਾ ਹੈ।