ਉਮਰ ਖ਼ਾਲਿਦ ਦੇ ਹਮਲਾਵਰਾਂ ਦੀ ਗ੍ਰਿਫਤਾਰੀ ਅਤੇ ਯੂਏਪੀਏ ਕਾਨੂੰਨ ਰੱਦ ਕਰਵਾਉਣ ਲਈ ਮੁਜ਼ਾਹਰਾ
Posted on:- 19-08-2018
ਜਮਹੂਰੀ ਅਧਿਕਾਰ ਸਭਾ ਬਰਨਾਲਾ ਦੇ ਸੱਦੇ ’ਤੇ ਜਿਲੇ ਦੀਆਂ ਸਮੂਹ ਜਨਤਕ ਜਮਹੂਰੀ ਜਥੇਬੰਦੀਆਂ ਤੇ ਇਨਸਾਫ-ਪਸੰਦ ਲੋਕਾਂ ਨੇ ਪਿਛਲੇ ਦਿਨੀਂ ਦਿੱਲੀ ਵਿੱਚ ਜੇ.ਐਨ.ਯੂ ਵਿਦਿਆਰਥੀ ਨੇਤਾ ਉਮਰ ਖ਼ਾਲਿਦ ਉਪਰ ਹੋਏ ਜਾਨਲੇਵਾ ਹਮਲੇ ਅਤੇ ਭੀਮਾ-ਕੋਰੇਗਾਉਂ ਕੇਸ ਵਿੱਚ ਨਜ਼ਰਬੰਦ ਕੀਤੇ ਪੰਜ ਬੁੱਧੀਜੀਵੀਆਂ ਦੀ ਗਿ੍ਰਫਤਾਰੀ ਦੇ ਵਿਰੋਧ ਵਿੱਚ ਸ਼ਹਿਰ ਵਿੱਚ ‘ਖੌਫ਼ ਤੋਂ ਆਜ਼ਾਦੀ’ ਬੈਨਰ ਹੇਠ ਰੋਹ-ਭਰਪੂਰ ਰੋਸ ਮੁਜ਼ਾਹਰਾ ਕੀਤਾ। ਮਾਰਚ ਤੋਂ ਪਹਿਲਾਂ ਚਿੰਟੂ ਪਾਰਕ ਵਿੱਚ ਹੋਏ ਇੱਕਠ ਨੂੰ ਸੰਬੋਧਨ ਕਰਦਿਆਂ ਸਭਾ ਦੇ ਪ੍ਰਧਾਨ ਗੁਰਮੇਲ ਸਿੰਘ ਠੁੱਲੀਵਾਲ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਲੋਕਾਂ ਦਾ ਧਰੁਵੀਕਰਨ ਕਰਨ ਦੀ ਮਨਸ਼ਾ ਨਾਲ ਦੇਸ਼ ਵਿੱਚ ਫਿਰਕਾਪ੍ਰਸਤੀ ਦਾ ਪਰਸਾਰ ਕਰ ਰਹੀ ਹੈ ਅਤੇ ਆਪਣੇ ਰਾਜਸੀ ਮਨਸੂਬਿਆਂ ਦੀ ਪੂਰਤੀ ਹਿੱਤ ਲੋਕਾਂ ਦਰਮਿਆਨ ਵੰਡੀਆਂ ਪਾ ਰਹੀ ਹੈ। ਬਗ਼ੈਰ ਕਿਸੇ ਸਬੂਤ ਦੇ ਜੇ.ਐਨ.ਯੂ ਦੇ ਵਿਦਿਆਰਥੀਆਂ ਅਤੇ ਹੋਰ ਅਗਾਂਹਵਧੂ ਜਮਹੂਰੀ ਕਾਰਕੁਨਾਂ ਵਿਰੁੱਧ ਲਗਾਤਾਰ ਦੇਸ਼ ਧਰੋਹੀ ਹੋਣ ਦਾ ਕੂੜ-ਪ੍ਰਚਾਰ ਵਿੱਢਿਆ ਹੋਇਆ ਹੈ ਜਿਸ ਰਾਹੀਂ ਉਨ੍ਹਾਂ ਵਿਰੁਧ ਨਫ਼ਰਤ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ।
ਇਨਕਲਾਬੀ ਕੇਂਦਰ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਨੇ ਕਿਹਾ ਕਿ ਭੀਮਾ-ਕੋਰੇਗਾਉਂ ਕੇਸ ਵਿੱਚ ਸੰਘ-ਪਰਿਵਾਰ ਨਾਲ ਸਬੰਧਤ ਅਸਲੀ ਦੋਸ਼ੀਆਂ ਨੂੰ ਗਿ੍ਰਫਤਾਰ ਕਰਨ ਤੇ ਸਜ਼ਾਵਾਂ ਦੇਣ ਦੀ ਬਜਾਏ, ਉਲਟਾ ਪੰਜ ਬੁੱਧੀਜੀਵੀ ਤੇ ਜਮਹੂਰੀ ਕਾਰਕੁਨਾਂ, ਪ੍ਰੋਫੈਸਰ ਸ਼ੋਮਾ ਸੇਨ, ਰੋਨਾ ਵਿਲਸਨ, ਸੰਪਾਦਕ ਸੁਧੀਰ ਧਾਵਲੇ, ਐਡਵੋਕੇਟ ਸੁਰਿੰਦਰ ਗਾਡਲਿੰਗ ਤੇ ਮਹੇਸ਼ ਰਾਉਤ, ਨੂੰ ਬਦਨਾਮ ਕਾਨੂੰਨ ਯੂ.ਏ.ਪੀ.ਏ ਅਧੀਨ ਨਜ਼ਰਬੰਦ ਕਰ ਦਿੱਤਾ ਹੈ।
ਇਕੱਠ ਨੂੰ ਬੀ.ਕੇ.ਯੂ (ਉਗਰਾਹਾਂ) ਦੇ ਜਿਲਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਬੀ.ਕੇ.ਯੂ (ਡਕੌਂਦਾ) ਦੇ ਆਗੂ ਜਗਰਾਜ ਹਰਦਾਸਪੁਰਾ, ਦਲਿਤ ਚੇਤਨਾ ਮੰਚ ਦੇ ਗੁਰਮੇਲ ਸਿੰਘ,ਤਰਕਸ਼ੀਲ ਸੁਸਾਇਟੀ ਦੇ ਮੇਘ ਰਾਜ ਮਿੱਤਰ, ਬਰਲਿੰਦਰ ਬਰਨਾਲਾ, ਡੀ.ਟੀ.ਐਫ ਦੇ ਗੁਰਮੀਤ ਸੁਖਪੁਰ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ। ਇਨਾਂ ਆਗੂਆਂ ਨੇ ਨੇ ਦੇਸ਼ ਵਿੱਚ ਵੱਧ ਰਹੇ ਫਿਰਕੂ ਤਣਾਅ, ਹਜ਼ੂਮੀ ਹਿੰਸਾ ਕਾਰਨ ਦਿਨ-ਬਦਿਨ ਵੱਧ ਰਹੀਆਂ ਹੱਤਿਆਂਵਾਂ, ਗਊ ਰੱਖਿਆ ਦੇ ਨਾਂਅ ਹੇਠ ਹੋ ਰਹੇ ਕਤਲਾਂ, ਦਲਿਤਾਂ ਉਪਰ ਅਤਿਆਚਾਰ ਦੀਆਂ ਵੱਧ ਰਹੀਆਂ ਘਟਨਾਵਾਂ ਪ੍ਰਤੀ ਚਿੰਤਾ ਪ੍ਰਗਟ ਕਰਦੇ ਹੋਏ ਸਭ ਜਮਹੂਰੀਅਤ ਪਸੰਦ ਲੋਕਾਂ ਅਤੇ ਜਨਤਕ ਜਮਹੂਰੀ ਜਥੇਬੰਦੀਆਂ ਨੂੰ ਇੱਕਜੁਟ ਹੋ ਕੇ ਇਨਾਂ ਨਾਜ਼ੁਕ ਹਾਲਾਤਾਂ ਦਾ ਸਾਹਮਣਾ ਕਰਨ ਲਈ ਅੱਗੇ ਆਉਣ ਲਈ ਕਿਹਾ। ਚਿੰਟੂ ਪਾਰਕ ਤੋਂ ਰੇਲਵੇ ਸਟੇਸ਼ਨ ਤੱਕ ਕੀਤੇ ਰੋਸ ਮਾਰਚ ਦੌਰਾਨ ਆਕਾਸ਼ ਗੁੰਜਾਊ ਨਾਹਰਿਆਂ ਰਾਹੀਂ ਉਮਰ ਖ਼ਾਲਿਦ ਦੇ ਹਮਲਾਵਰਾਂ ਨੂੰ ਗਿ੍ਰਫਤਾਰ ਕਰਨ, ਯੂ.ਏ.ਪੀ.ਏ ਕਾਨੂੰਨ ਰੱਦ ਕਰਨ ਅਤੇ ਭੀਮਾ ਕੋਰੇਗਾਉਂ ਕੇਸ ’ਚ ਨਜ਼ਰਬੰਦ ਬੁੱਧੀਜੀਵੀਆਂ ਨੂੰ ਤੁਰੰਤ ਰਿਹਾ ਕਰਨ ਦੀ ਮੰਗ ਕੀਤੀ ਗਈ। ਕਵੀ ਸੁਰਜੀਤ ਗੱਗ ਅਤੇ ਜਗਰਾਜ ਸਿੰਘ ਧੌਲਾ ਨੇ ਇਨਕਲਾਬੀ ਗੀਤ ਪੇਸ਼ ਕੀਤੇ ਇਸ ਮੌਕੇ ਹੋਰਨਾਂ ਤੋਂ ਇਲਾਵਾ ਇਕਬਾਲ ਕੌਰ ਉਦਾਸੀ, ਰਾਜੀਵ ਬਰਨਾਲਾ, ਹਰਚਰਨ ਸਿੰਘ ਚਹਿਲ,ਮੇਲਾ ਸਿੰਘ ਕੱਟੂ, ਗੁਰਪਰੀਤ ਰੂੜੇਕੇ, ਮਾਸਟਰ ਰਾਮ ਕੁਮਾਰ ਆਦਿ ਹਾਜ਼ਰ ਸਨ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸਭਾ ਦੇ ਸਕੱਤਰ ਸੋਹਨ ਸਿੰਘ ਮਾਝੀ ਨੇ ਬਾਖੂਬੀ ਨਿਭਾਈ।