ਦਲਿਤ ਮਜ਼ਦੂਰਾਂ ਨੂੰ ਮਿਲੇ ਇਨਸਾਫ
Posted on:- 11-10-2016
ਮਹਿਲਕਲਾਂ: ਪੇਂਡੂ ਮਜ਼ਦੂਰ ਯੂਨੀਅਨ(ਮਸ਼ਾਲ) ਜ਼ਿਲ੍ਹਾ ਬਰਨਾਲਾ ਨੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਜਲੂਰ ਵਿੱਚ ਦਲਿਤ ਮਜ਼ਦੂਰਾਂ ਉੱਪਰ ਸਿਆਸੀ ਸ਼ਹਿ ਪ੍ਰਾਪਤ ਜੱਟ ਕਸਾਨਾਂ/ਚੌਧਰੀਆਂ ਦੇ ਇੱਕ ਗਰੁੱਪ ਵੱਲੋਂ ਹਥਿਆਰਾਂ ਨਾਲ ਹਮਲਾ ਕਰਕੇ ਦਰਜਣਾਂ ਮਜ਼ਦੂਰਾਂ ਨੂੰ ਫੱਟੜ ਕਰਨ ਅਤੇ ਦਲਿਤ ਮਜ਼ਦੂਰਾਂ ਦੇ ਘਰਾਂ’ਚ ਦਾਖਲ ਹੋਕੇ ਗੁੰਡਾਗਰਦੀ ਕਰਨ ਦੀ ਸਖਤ ਸ਼ਬਦਾਂ ’ਚ ਨਿਖੇਧੀ ਕਰਦੇ ਹੋਏ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਵੱਲੋਂ ਦੋਸ਼ੀਆਂ ਖਿਲ਼ਾਫ ਕਾਰਵਾਈ ਕਰਨ ਦੀ ਥਾਂ ਉਲਟਾ ਜ਼ਖਮੀ ਹੋਏ ਦਰਜਣ ਦੇ ਕਰੀਬ ਮਜ਼ਦੂਰਾਂ ਨੂੰ ਸਿਵਲ ਹਸਪਤਾਲ ਲਹਿਰਾਗਾਗਾ ਵਿੱਚੋਂ ਜਬਰੀ ਚੁੱਕਕੇ ਥਾਣੇ ਬੰਦ ਕਰ ਦਿੱਤਾ ਹੈ। ਜਥੇਬੰਦੀ ਦੇ ਆਗੂਆਂ ਏਕਮ ਛੀਨੀਵਾਲਕਲਾਂ,ਅਵਤਾਰ ਸਿੰਘ ਚੀਮਾ,ਨਛੱਤਰ ਸਿੰਘ ਦੀਵਾਨਾ ਨੇ ਕਿਹਾ ਕਿ ਹਾਸਲ ਜਾਣਕਾਰੀ ਅਨੁਸਾਰ ਪੁਲਿਸ ਨੇ 68 ਦਲਿਤਾਂ ਉੱਪਰ ਇਰਾਦਾ ਕਤਲ ਸਮੇਤ ਹੋਰ ਸੰਗੀਨ ਧਾਰਾਵਾਂ ਲਗਾਕੇ ਝੂਠੇ ਪੁਲਿਸ ਕੇਸ ਮੜ੍ਹ ਦਿੱਤੇ ਹਨ।ਜਦ ਕਿ ਹਮਲਾਵਾਰ ਧਿਰ ਦੇ ਸਿਰਫ 18 ਵਿਅਕਤੀਆਂ ਖਿਲਾਫ ਕੇਸ ਦਰਜ ਕੀਤੇ ਹਨ।
ਆਗੂਆਂ ਨੇ ਅੱਗੇ ਦੱਸਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਪਿੰਡ ਜਲੂਰ ਵਿੱਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਦਲਿਤ ਵਰਗ ਆਪਣੇ ਹਿੱਸੇ ਦੀ ਤੀਜਾ ਹਿੱਸਾ ਜ਼ਮੀਨ ਕੁਝ ਜੱਟ ਕਿਸਾਨਾਂ ਵੱਲੋਂ ਪ੍ਰਸ਼ਾਸ਼ਨ ਦੀ ਮਿਲੀਭੁਗਤ ਨਾਲ ਡੰਮੀ ਬੋਲੀ ਰਾਹੀਂ ਹਥਿਆਉਣ ਖਿਲਾਫ ਸੰਘਰਸ਼ ਕਰ ਰਿਹਾ ਹੈ। ਪਰ ਪ੍ਰਸ਼ਾਸ਼ਨ ਵੱਲੋਂ ਮਸਲੇ ਦੇ ਢੁਕਵੇਂ ਹੱਲ ਲਈ ਠੋਸ ਪਹਿਲਕਦਮੀ ਨਾ ਕਰਨ ਕਰਕੇ ਪਿਛਲੇ ਦਿਨੀਂ ਪਿੰਡ ’ਚ ਹੋਏ ਟਕਰਾਅ ਖਿਲਾਫ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ 5 ਅਕਤੂਬਰ ਨੂੰ ਐਸਡੀਐਮ ਲਹਿਰਾਗਾਗਾ ਦੇ ਦਫਤਰ ਅੱਗੇ ਧਰਨਾ ਦਿੱਤਾ ਗਿਆ।ਇਸ ਧਰਨੇ ਨੂੰ ਡਾਂਗ ਦੇ ਜ਼ੋਰ ਰੋਕਣ ਲਈ ਹਕੂਮਤੀ ਸ਼ਹਿ ’ਤੇ ਪਿੰਡ ਦੇ ਕੁਝ ਚੌਧਰੀਆਂ ਨੇ ਕਿਸਾਨਾਂ ਨੂੰ ਉਕਸਾਕੇ ਦਿਨ ਦਿਹਾੜੇ ਹਮਲਾ ਕਰਾਉਣ ਦਾ ਯਤਨ ਕੀਤਾ।ਧਰਨੇ ’ਚ ਦਲਿਤਾਂ ਨੇ ਹਮਲੇ ਦਾ ਖਦਸ਼ਾ ਪ੍ਰਗਟ ਕਰਦੇ ਹੋਏ ਦਲਿਤਾਂ ਨੂੰ ਪਿੰਡ ਵਿੱਚ ਸੁਰੱਖਿਅਤ ਪਹੁੰਚਾਉਣ ਦੀ ਮੰਗ ਕੀਤੀ।ਪ੍ਰਸ਼ਾਸ਼ਨ ਨੇ ਜਾਣਬੁੱਝ ਕੇ ਦਲਿਤਾਂ ਦੀ ਇਸ ਮੰਗ ਉੱਤੇ ਕੰਨ ਨਾ ਧਰਿਆ ਤਾਂ ਸ਼ਾਮ ਨੂੰ ਪਿੰਡ ਵੜਦੇ ਸਾਰ ਹੀ ਮਜ਼ਦੂਰਾਂ ਉੱਪਰ ਭਿਆਨਕ ਹਮਲਾ ਹੋ ਗਿਆ।ਪਿੰਡ ਦੀਆਂ ਗਲੀਆਂ ’ਚ ਰਾਤ ਭਰ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ।ਦਰਜਣਾਂ ਮਜ਼ਦੂਰ ਮਰਦ-ਔਰਤਾਂ ਗੰਭੀਰ ਫੱਟੜ ਹੋ ਗਏ,ਉਨ੍ਹਾਂ ਨੂੰ ਹਸਪਤਾਲ ਲਿਜਾਣ ਤੋਂ ਰੋਕਣ ਲਈ ਰਾਹ ਤੱਕ ਵੀ ਬੰਦ ਕਰ ਦਿੱਤੇ ਗਏ।ਜਿਹੜੇ ਦਲਿਤ ਮਜ਼ਦੂਰ ਕਿਸੇ ਨਾ ਕਿਸੇ ਤਰ੍ਹਾਂ ਹਸਪਤਾਲ ਪਹੁੰਚ ਵੀ ਗਏ ਪੁਲਿਸ ਨੇ ਉਨ੍ਹਾਂ ਨੂੰ ਹਸਪਤਾਲ ’ਚੋਂ ਜਬਰੀ ਚੁੱਕਕੇ ਗ੍ਰਿਫਤਾਰ ਕਰ ਲਿਆ ਹੈ।ਜਥੇਬੰਦੀ ਦੇ ਆਗੂਆਂ ਨੇ ਦਲਿਤ ਮਜ਼ਦੂਰਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਗ੍ਰਿਫਤਾਰ ਕੀਤੇ ਦਲਿਤਾਂ ਉੱਪਰ ਦਰਜ ਕੀਤੇ ਝੂਠੇ ਪੁਲਿਸ ਤੁਰੰਤ ਵਾਪਸ ਲੈਣ,ਗ੍ਰਿਫਤਾਰ ਕੀਤੇ ਆਗੂਆਂ ਨੂੰ ਬਿਨ੍ਹਾਂ ਸ਼ਰਤ ਤੁਰੰਤ ਰਿਹਾਅ ਕਰਨ ਜੋਰਦਾਰ ਮੰਗ ਕੀਤੀ ਹੈ।ਨਾਲ ਦੀ ਨਾਲ ਸਿਆਸੀ ਸ਼ਹਿ ਪ੍ਰਾਪਤ ਸਾਰੇ ਹਮਲਾਵਰਾਂ ਨੂੰ ਬਣਦੀਆਂ ਸਖਤ ਧਾਰਾਵਾਂ ਤਹਿਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ ।-ਏਕਮ ਸਿੰਘ ਛੀਨੀਵਾਲਕਲਾਂ