ਜਲੂਰ ਵਿੱਚ ਮਜ਼ਦੂਰਾਂ ਉੱਪਰ ਹਮਲਾ ਦਲਿਤ ਹੱਕ-ਜਤਾਈ ਨੂੰ ਦਬਾਉਣ ਦੀ ਸਾਜ਼ਿਸ਼ -ਜਮਹੂਰੀ ਅਧਿਕਾਰ ਸਭਾ
Posted on:- 07-10-2016
ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਏ.ਕੇ. ਮਲੇਰੀ, ਸੂਬਾ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਅਤੇ ਪ੍ਰੈੱਸ ਸਕੱਤਰ ਬੂਟਾ ਸਿੰਘ ਨੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਜਲੂਰ ਵਿਚ ਪੇਂਡੂ ਚੌਧਰੀਆਂ ਵੱਲੋਂ ਪੂਰੀ ਸਾਜ਼ਿਸ਼ ਨਾਲ ਦਲਿਤ ਮਜ਼ਦੂਰਾਂ ਉੱਪਰ ਕਾਤਲਾਨਾ ਹਮਲਾ ਕਰਨ ਅਤੇ ਮਜ਼ਦੂਰ ਘਰਾਂ ਦੀ ਘੇਰਾਬੰਦੀ ਕਰਕੇ ਉਨ੍ਹਾਂ ਨੂੰ ਦਹਿਸਤਜ਼ਦਾ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ, ਜਿਸ ਵਿਚ ਔਰਤਾਂ ਸਮੇਤ ਦੋ ਦਰਜਨ ਤੋਂ ਵੱਧ ਮਜ਼ਦੂਰ ਗੰਭੀਰ ਜ਼ਖ਼ਮੀ ਹੋਏ ਹਨ। ਪੁਲਿਸ ਦੀ ਮੌਜੂਦਗੀ ਵਿਚ ਮਜ਼ਦੂਰਾਂ ਉੱਪਰ ਹਮਲੇ ਅਤੇ ਪੁਲਿਸ ਵਲੋਂ ਉਲਟਾ ਮਜ਼ਦੂਰਾਂ ਦੇ ਹੀ ਖ਼ਿਲਾਫ਼ ਪਰਚੇ ਦਰਜ ਕਰਨ ਤੋਂ ਜ਼ਾਹਿਰ ਹੈ ਕਿ ਇਹ ਪੇਂਡੂ ਧਨਾਢ ਚੌਧਰੀਆਂ ਦਾ ਪੰਚਾਇਤੀ ਜ਼ਮੀਨ ਵਿੱਚੋਂ ਆਪਣੇ ਕਾਨੂੰਨੀ ਹਿੱਸੇ ਲਈ ਦਲਿਤਾਂ ਦੇ ਸੰਘਰਸ਼ ਅਤੇ ਉਨ੍ਹਾਂ ਦੀ ਹੱਕ-ਜਤਾਈ ਨੂੰ ਦਬਾਉਣ ਲਈ ਪੂਰੀ ਤਰ੍ਹਾਂ ਵਿਉਂਤਬਧ ਹਮਲਾ ਹੈ, ਜਿਸ ਵਿਚ ਪ੍ਰਸ਼ਾਸਨ ਅਤੇ ਸੱਤਾਧਾਰੀ ਧਿਰ ਦੀ ਪੂਰੀ ਸ਼ਹਿ ਅਤੇ ਮਿਲੀਭੁਗਤ ਹੈ, ਜੋ ਇਸ ਤੱਥ ਤੋਂ ਜ਼ਾਹਿਰ ਹੈ ਕਿ ਮਜ਼ਦੂਰ ਆਗੂਆਂ ਵੱਲੋਂ ਹਮਲੇ ਦਾ ਖ਼ਦਸ਼ਾ ਪੁਲਿਸ ਅਧਿਕਾਰੀਆਂ ਦੇ ਧਿਆਨ ਵਿਚ ਲਿਆਉਣ ਦੇ ਬਾਵਜੂਦ ਹਮਲੇ ਨੂੰ ਰੋਕਣ ਲਈ ਪੁਲਿਸ ਵਲੋਂ ਕੋਈ ਪੇਸ਼ਕਦਮੀਂ ਨਹੀਂ ਕੀਤੀ ਗਈ।
ਇਹ ਮਜ਼ਦੂਰਾਂ ਅਤੇ ਕਿਸਾਨਾਂ ਦਰਮਿਆਨ ਟਕਰਾਓ ਨਹੀਂ ਹੈ ਜਿਵੇਂ ਕਿ ਇਸ ਨੂੰ ਗ਼ਲਤ ਰੰਗਤ ਦਿੱਤੀ ਜਾ ਰਹੀ ਹੈ ਸਗੋਂ ਧਨਾਢ ਚੌਧਰੀਆਂ ਦੀ ਸਾਜ਼ਿਸ਼ੀ ਕਾਰਵਾਈ ਹੈ ਜੋ ਦਲਿਤਾਂ ਦੀ ਹੱਕ-ਜਤਾਈ ਤੋਂ ਲੋਹੇ-ਲਾਖੇ ਹਨ। ਸਭਾ ਦੇ ਆਗੂਆਂ ਨੇ ਕਿਹਾ ਮਜ਼ਦੂਰਾਂ ਦੇ ਜਥੇਬੰਦ ਹੋਣ ਅਤੇ ਆਪਣੇ ਹਿੱਤਾਂ ਲਈ ਸੰਘਰਸ਼ ਕਰਨ ਦੇ ਜਮਹੂਰੀ ਹੱਕ ਨੂੰ ਸੁਰੱਖਿਆ ਦੇਣ ਵਿਚ ਨਾਕਾਮ ਰਹਿਣ ਵਾਲੇ ਪੁਲਿਸ ਅਧਿਕਾਰੀਆਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਹਮਲਾ ਕਰਨ ਵਾਲਿਆਂ ਉੱਪਰ ਐੱਸ.ਸੀ.ਐੱਸ.ਟੀ. ਐਕਟ ਤਹਿਤ ਪਰਚੇ ਦਰਜ ਕੀਤੇ ਜਾਣ ਅਤੇ ਮਜ਼ਦੂਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਉਨ੍ਹਾਂ ਨੇ ਕਿਹਾ ਕਿ ਸਾਰੀਆਂ ਹੀ ਅਗਾਂਹਵਧੂ ਜਮਹੂਰੀ ਤਾਕਤਾਂ ਨੂੰ ਇਸ ਧੌਂਸਬਾਜ ਹਮਲੇ ਦਾ ਵਿਰੋਧ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਮਜ਼ਦੂਰ, ਕਿਸਾਨ ਅਤੇ ਹੋਰ ਜਮਹੂਰੀ ਜਥੇਬੰਦੀਆਂ ਨੂੰ ਦੱਬੇ ਕੁਚਲੇ ਮਜ਼ਦੂਰਾਂ ਦੇ ਸੰਘਰਸ਼ ਦੇ ਜਮਹੂਰੀ ਹੱਕ ਦੀ ਰਾਖੀ ਲਈ ਢਾਲ ਬਣਨਾ ਚਾਹੀਦਾ ਹੈ।-ਬੂਟਾ ਸਿੰਘ