ਭਗਤ ਸਿੰਘ ਦੇ ਚਿੱਤਰ ਦਾ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ - ਸੰਦੀਪ
Posted on:- 30-09-2016
ਪੰਜਾਬੀ ਯੂਨੀਵਰਸਿਟੀ, ਪਟਿਆਲਾ ‘ਚ ਏ.ਆਈ.ਐਸ.ਐਫ ਦੇ ਆਗੂ ਪਰਮ ਤੇ ਸੰਦੀਪ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ‘ਚ ਭਗਤ ਸਿੰਘ ਦੇ 109ਵੇਂ ਜਨਮ ਦਿਨ ਉੱਤੇ ਵਿਦਿਆਰਥੀਆਂ ਦੀ ਮੰਗ ‘ਤੇ ਭਗਵਾਨਦਾਸ ਕੰਟੀਨ ਦੀ ਕੰਧ ਉੱਤੇ ਭਗਤ ਸਿੰਘ ਦੀ ਪੇਂਟਿੰਗ ਬਣੀ ਹੋਈ ਹੈ। ਜੋ ਭਗਤ ਸਿੰਘ ਦੇ ਅਕਸ ਨੂੰ ਵਿਦਿਆਰਥੀਆਂ ਦੇ ਸਾਹਮਣੇ ਰੱਖਦੀ ਹੈ। ਇਹ ਪੇਂਟਿੰਗ ਵਿਦਿਆਰਥੀਆਂ ‘ਚ ਆਕਰਸ਼ਣ ਦਾ ਕੇਂਦਰ ਬਣੀ ਹੋਈ ਹੈ, ਜੋ ਵਿਦਿਆਰਥੀਆਂ ਨੂੰ ‘ਭਗਤ ਸਿੰਘ’ ਨਾਲ ਜੋੜਨ ਦਾ ਕੰਮ ਕਰ ਰਹੀ ਹੈ। ਪਰ 28 ਸਤੰਬਰ ਦੇ ਦਿਨ ਬੀਤਣ ਨਾਲ ਹੀ ਇਹ ਪੇਂਟਿੰਗ ਯੂਨੀਵਰਸਿਟੀ ਅਥਾਰਟੀ ਦੀਆਂ ਅੱਖਾਂ ‘ਚ ਰੜਕਨ ਲੱਗ ਗਈ ਹੈ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਅਧਿਕਾਰੀ ਪਿਛਲੇ ਦੋ ਦਿਨਾਂ ਤੋਂ ‘ਭਗਤ ਸਿੰਘ ਦੇ ਇਸ ਪੇਂਟਿੰਗ ਨੂੰ ਉਤਾਰਨ ਲਈ ਜਥੇਬੰਦੀ ਦੇ ਕਾਰਕੁਨਾਂ ‘ਤੇ ਦਬਾਅ ਪਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਏ.ਆਈ.ਐਸ.ਐਫ ਇਸ ਪੇਂਟਿੰਗ ਨੂੰ ਕਿਸੇ ਵੀ ਕੀਮਤ ‘ਤੇ ਉਤਰਨ ਨਹੀਂ ਦੇਵੇਗੀ। ਉਨ੍ਹਾਂ ਕਿਹਾ ਕਿ ਅਸੀਂ ਅਥਾਰਟੀ ਨੂੰ ਵੀ ਬੇਨਤੀ ਕੀਤੀ ਹੈ ਕਿ ਨੌਜਵਾਨਾਂ ਦੇ ਰੋਲ ਮਾਡਲ ਦੀ ਪੇਂਟਿੰਗ ਨੂੰ ਉਤਾਰਨਾ ਨੌਜਵਾਨਾਂ ਨੂੰ ਭਗਤ ਸਿੰਘ ਤੋਂ ਦੂਰ ਕਰਨ ਦਾ ਕਦਮ ਸਮਝਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇ ਫਿਰ ਵੀ ਯੂਨੀਵਰਸਿਟੀ ਆਪਣੀ ਜ਼ਿੱਦ ‘ਤੇ ਅੜੀ ਰਹਿੰਦੀ ਹੈ ਤਾਂ ਇਸ ਗੱਲ ਨੂੰ ਵਿਦਿਆਰਥੀਆਂ ‘ਚ ਲੈ ਕੇ ਜਾਣ ਦਾ ਕੰਮ ਜ਼ੋਰ ਸ਼ੋਰ ਨਾਲ ਕੀਤਾ ਜਾਵੇਗਾ। ਇਸ ਸਮੇਂ ਯੋਧਾ ਸਿੰਘ, ਗੁਰਜੰਟ ਸਿੰਘ, ਗੁਰਪੀ੍ਰਤ ਸਿੰਘ, ਗੁਰਜੰਟ ਆਦਿ ਆਗੂ ਮੌਜੂਦ ਸਨ।