ਪੰਜਾਬੀ ਸਾਹਿਤ ਅਕਾਦਮੀ ਵੱਲੋਂ ਡਾ. ਜਗਜੀਤ ਸਿੰਘ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ
Posted on:- 17-09-2016
ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਅਹੁਦੇਦਾਰਾਂ ਤੇ ਸਮੂਹ ਮੈਂਬਰਾਂ ਵੱਲੋਂ ਡਾ. ਜਗਜੀਤ ਸਿੰਘ ਦੇ ਬੇਵਕਤ ਵਿਛੋੜੇ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ। ਡਾ. ਜਗਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਪੰਜਾਬੀ ਵਿਭਾਗ ਦੇ ਸਾਬਕਾ ਚੇਅਰਮੈਨ ਸਨ ਅਤੇ ਹੁਣ ਪ੍ਰੋਫ਼ੈਸਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ। ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਜੋ ਕਿ ਉਨ੍ਹਾਂ ਦੇ ਨਾਲ ਹੀ ਸੇਵਾ ਨਿਭਾ ਰਹੇ ਹਨ ਨੇ ਬੜੇ ਭਰੇ ਮਨ ਨਾਲ ਆਖਿਆ ਕਿ ਸਾਡੇ ਕੋਲੋਂ ਵਿਦਿਆਰਥੀਆਂ ਵਿੱਚ ਹਰਮਨ ਪਿਆਰਾ ਅਧਿਆਪਕ, ਬਾਰੀਕਬੀਨ ਆਲੋਚਕ ਬੇਵਕਤ ਤੁਰ ਗਿਆ ਹੈ।
ਉਨ੍ਹਾਂ ਦੀ ਸਾਹਿਤਕ ਦੇਣ ਸਾਹਮਣੇ ਸਾਡਾ ਸਿਰ ਝੁਕਦਾ ਹੈ। ਅਕਾਦਮੀ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਡਾ. ਜਗਜੀਤ ਸਿੰਘ ਉਹ ਆਲੋਚਕ ਸਨ ਜਿਨ੍ਹਾਂ ਨੇ ਜਿਥੇ ਸਾਡੇ ਮੱਧਕਾਲੀ ਅਤੇ ਸਮਕਾਲੀ ਸਾਹਿਤ ਬਾਰੇ ਨਿੱਠ ਕੇ ਅਧਿਐਨ ਕੀਤਾ ਉਥੇ ਪੱਛਮੀ ਅਧਿਐਨ ਵਿਧੀਆਂ ਨੂੰ ਉਤਰ-ਸਰੰਚਨਾਵਾਦ ਤੱਕ ਪੰਜਾਬੀ ਵਿਚ ਪ੍ਰਚਲਿਤ ਕੀਤਾ।
ਉਨ੍ਹਾਂ ਦਸਿਆ ਕਿ ਉਨ੍ਹਾਂ ਨੇ ਪ੍ਰਮੁੱਖ ਪੁਸਤਕਾਂ ‘ਪੰਜਾਬੀ ਸੂਫ਼ੀ ਚਿੰਤਨ’, ‘ਸ਼ੇਖ਼ ਫ਼ਰੀਦ ਦਾ ਕਾਵਿ ਪ੍ਰਵਚਨ’, ‘ਪਾਠ-ਉਤਰ ਪਾਠ’ ਅਤੇ ‘ਪੰਜਾਬੀ ਸ਼ਬਦ ਸ਼੍ਰੇਣੀਆਂ’ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ। ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ ਨੇ ਕਿਹਾ ਕਿ ਡਾ. ਜਗਜੀਤ ਸਿੰਘ ਦੀ ਪੰਜਾਬੀ ਆਲੋਚਨਾ ਵਿਚ ਦੇਣ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕੇਗਾ। ਜਦੋਂ ਉਹ ਬੋਲਦੇ ਸਨ ਤਾਂ ਉਨ੍ਹਾਂ ਦਾ ਵਿਸ਼ਾਲ ਅਧਿਐਨ ਝਲਕਦਾ ਰਹਿੰਦਾ ਸੀ। ਉਨ੍ਹਾਂ ਦੀਆਂ ਸਾਹਿਤ ਅਤੇ ਵਿਸ਼ੇਸ਼ ਕਰਕੇ ਕਵਿਤਾ ਬਾਰੇ ਟਿੱਪਣੀਆਂ ਬੜੀਆਂ ਮੁਲਵਾਨ ਹੁੰਦੀਆਂ ਸਨ। ਉਨ੍ਹਾਂ ਦੇ ਵਿਛੋੜੇ ਨਾਲ ਪੰਜਾਬੀ ਸਾਹਿਤ ਜਗਤ ਅਤੇ ਪਰਿਵਾਰ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ।ਡਾ. ਸ. ਸ. ਜੌਹਲ, ਪ੍ਰੋ. ਗੁਰਭਜਨ ਸਿੰਘ ਗਿੱਲ, ਪ੍ਰੋ. ਨਰਿੰਜਨ ਤਸਨੀਮ, ਪ੍ਰਿੰ. ਪ੍ਰੇਮ ਸਿੰਘ ਬਜਾਜ, ਸੁਰਿੰਦਰ ਕੈਲੇ, ਡਾ. ਗੁਰਇਕਬਾਲ ਸਿੰਘ, ਜਸਵੰਤ ਸਿੰਘ ਜ਼ਫ਼ਰ, ਤ੍ਰੈਲੋਚਨ ਲੋਚੀ, ਡਾ. ਗੁਰਚਰਨ ਕੌਰ ਕੋਚਰ, ਡਾ. ਸਰੂਪ ਸਿੰਘ ਅਲੱਗ, ਡਾ. ਗੁਲਜ਼ਾਰ ਸਿੰਘ ਪੰਧੇਰ, ਮਨਜਿੰਦਰ ਸਿੰਘ ਧਨੋਆ, ਸਹਿਜਪ੍ਰੀਤ ਸਿੰਘ ਮਾਂਗਟ, ਡਾ. ਦੇਵਿੰਦਰ ਦਿਲਰੂਪ, ਅਜੀਤ ਪਿਆਸਾ ਸਮੇਤ ਸਥਾਨਕ ਲੇਖਕਾਂ ਨੇ ਸ਼ੋਕ ਦਾ ਪ੍ਰਗਟਾਵਾ ਕੀਤਾ।-ਗੁਲਜ਼ਾਰ ਸਿੰਘ ਪੰਧੇਰ (ਡਾ.)