ਸਾਥੀ ਖੁਸ਼ਮੰਦਰਪਾਲ ਦੇ ਪਰਿਵਾਰ ਉੱਪਰ ਹਮਲਾ ਕਰਨ ਵਾਲਿਆਂ ਨੂੰ ਜਲਦ ਕੀਤਾ ਜਾਵੇ ਗ੍ਰਿਫਤਾਰ: ਨਰਾਇਣ ਦੱਤ
Posted on:- 17-09-2016
ਬਰਨਾਲਾ: ਜਨ ਸਿਹਤ ਵਿਭਾਗ ਦੇ ਕਾਮਿਆਂ ਦੀ ਜਥੇਬੰਦੀ ਟੈਕਨੀਕਲ ਮਕੈਨੀਕਲ ਇੰਪਲਾਈਜ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ,ਇਨਕਲਾਬੀ ਕੇਂਦਰ ਪੰਜਾਬ ਦੇ ਜ਼ਿਲ੍ਹਾ ਕਮੇਟੀ ਮੈਂਬਰ ਸਾਥੀ ਖੁਸ਼ਮੰਦਰ ਪਾਲ ਹੰਢਿਆਇਆ ਦੇ ਪਰਿਵਾਰ ਉੱਪਰ ਹਮਲਾ ਕਰਕੇ ਉਸ ਦੀ ਜੀਵਨ ਸਾਥਣ ਨਵਦੀਪ ਕੌਰ ਅਤੇ ਬਜ਼ੁਰਗ ਮਾਤਾ ਨੂੰ ਹੰਢਿਆਇਆ ਦੇ ਹੀ ਇੱਕ ਪਰਿਵਾਰ ਨੇ 16 ਸਤੰਬਰ ਨੂੰ ਸਵੇਰ ਸਮੇਂ ਸਖਤ ਫੱਟੜ ਕਰ ਦਿੱਤਾ ਹੈ। ਇਸ ਹਮਲੇ ਵਿੱਚ ਨਾਮਜਦ ਦੋਸ਼ੀਆਂ ਦੀ ਜਲਦ ਗ੍ਰਿਫਤਾਰੀ ਅਤੇ ਗਲੀ ਉੱਪਰ ਕੀਤੇ ਨਾਜਾਇਜ਼ ਕਬਜ਼ੇ ਨੂੰ ਖਤਮ ਕਰਾਉਣ ਦੀ ਮੰਗ ਨੂੰ ਲੈਕੇ ਵੱਖੋ-ਵੱਖ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਦਾ ਵਫਦ ਐਸਐਸਪੀ ਬਰਨਾਲਾ ਦੀ ਗੈਰ ਮੌਜੂਦਗੀ ਵਿੱਚ ਐੱਸਪੀ ਡੀ ਸਵਰਨ ਸਿੰਘ ਖੰਨਾ ਨੂੰ ਮਿਲਿਆ।
ਵਫਦ ਵਿੱਚ ਸ਼ਾਮਲ ਆਗੂ ਸਾਥੀਆਂ ਨਰਾਇਣ ਦੱਤ,ਡਾ.ਰਜਿੰਦਰਪਾਲ,ਸਾਹਿਬ ਸਿੰਘ, ਹਰਚਰਨ ਚੰਨਾ, ਗੁਰਮੇਲ ਠੁੱਲੀਵਾਲ, ਬਲਵੰਤ ਉੱਪਲੀ, ਜਗਜੀਤ ਢਿੱਲਵਾਂ,ਹਰਚਰਨ ਚਹਿਲ,ਮਹਿਮਾ ਸਿੰਘ,ਹਰਪਾਲ ਸੁਖਪੁਰ,ਜਸਪਾਲ ਚੀਮਾ,ਸੰਦੀਪ ਚੀਮਾ ਨੇ ਦੱਸਿਆ ਕਿ ਇੱਕ ਪਰਿਵਾਰ ਨੇ ਲੰਬੇ ਸਮੇਂ ਤੋਂ ਕਈ ਘਰਾਂ ਨੂੰ ਜਾਂਦੀ ਗਲੀ ਵਿੱਚ ਪਸ਼ੂ ਬੰਨਕੇ,ਹੋਰ ਸਮਾਨ ਖੜਾ ਕਰਕੇ ਨਾਜਾਇਜ਼ ਕਬਜ਼ਾ ਕਰ ਰੱਖਿਆ ਹੈ।ਗਲੀ ਵਿਚਲੇ ਪਰਿਵਾਰਾਂ ਦਾ ਇੱਕ ਤਰ੍ਹਾਂ ਨਾਲ ਲੰਘਣਾ ਹੀ ਬੰਦ ਕੀਤਾ ਹੋਇਆ ਹੈ।ਅਜਿਹਾ ਨਾ ਕਰਨ ਲਈ ਗਲੀ ਵਿੱਚ ਰਹਿੰਦੇ ਸਾਰੇ ਹੀ ਪਰਿਵਾਰ ਇੱਕ ਵਾਰ ਨਹੀਂ ਬਹੁਤ ਵਾਰ ਕਹਿ ਚੁੱਕੇ ਹਨ। ਕੱਲ੍ਹ ਵੀ ਜਦ ਸਾਥੀ ਖੁਸ਼ਮੰਦਰ ਪਾਲ ਦਾ ਪਰਿਵਾਰ ਅਜਿਹਾ ਨਾ ਕਰਨ ਲਈ ਕਹਿਣ ਵਾਸਤੇ ਗਿਆ ਤਾਂ ਉਸ ਪਰਿਵਾਰ ਨੇ ਉਲਟਾ ਸਾਥੀ ਖੁਸ਼ਮੰਦਰਪਾਲ ਦੀ ਜੀਵਨ ਸਾਥਣ ਨਵਦੀਪ ਕੌਰ ਅਤੇ ਬਿਰਧ ਮਾਤਾ ਨੂੰ ਰਾੜਾਂ ਸੋਟੀਆਂ ਨਾਲ ਹਮਲਾ ਕਰਕੇ ਸਖਤ ਫੱਟੜ ਕਰ ਦਿੱਤਾ।
ਇਸ ਸਬੰਧੀ ਥਾਣਾ ਸਦਰ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਭਾਵੇਂ ਦਰਜ ਕਰ ਲਿਆ ਹੈ ਪ੍ਰੰਤੂ ਦੋਸ਼ੀਆਂ ਨੂੰ ਹਾਲੇ ਤੱਕ ਗ੍ਰਿਫਤਾਰ ਨਹੀਂ ਕੀਤਾ।ਜਿਸ ਪ੍ਰਤੀ ਇਲਾਕੇ ਭਰ ਦੀਆਂ ਇਨਸਾਫਪਸੰਦ ਜਨਤਕ ਜਮਹੂਰੀ ਜਥੇਬੰਦੀਆ’ਚ ਗੁੱਸੇ ਦੀ ਲਹਿਰ ਫੈਲ ਗਈ ਹੈ।ਆਗੂਆਂ ਇਸ ਹਮਲਾਵਰ ਘਟਨਾ ਦੀ ਸਖਤ ਸ਼ਬਦਾਂ ’ਚ ਨਿੰਦਿਆ ਕਰਦਿਆਂ ਕਿਹਾ ਕਿ ਜੇਕਰ ਪੁਲਿਸ ਨੇ ਦੋਸ਼ੀ ਜਲਦ ਗ੍ਰਿਫਤਾਰ ਨਾ ਕੀਤੇ ਅਤੇ ਗਲੀ ਉੱਪਰ ਕੀਤਾ ਨਾਜਾਇਜ਼ ਕਬਜ਼ਾ ਜਲਦ ਖਤਮ ਨਾ ਕਰਵਾਇਆ ਤਾਂ ਜਥੇਬੰਦੀਆਂ ਸੰਘਰਸ਼ ਕਰਨ ਤੋਂ ਵੀ ਗੁਰੇਜ ਨਹੀਂ ਕਰਨਗੀਆਂ।ਇਨਸਾਫ ਹਰ ਹੀਲੇ ਹਾਸਲ ਕੀਤਾ ਜਾਵੇਗਾ।