27 ਸਤੰਬਰ ਨੂੰ ਬਰਨਾਲਾ ’ਚ ਹੋਵੇਗੀ ਰੰਗ ਦੇ ਬਸੰਤੀ ਕਾਨਫਰੰਸ
Posted on:- 17-09-2016
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ 27 ਸਤੰਬਰ ਨੂੰ ਬਰਨਾਲਾ ’ਚ ਰੰਗ ਦੇ ਬਸੰਤੀ ਕਾਨਫਰੰਸ ਹੋਵੇਗੀ, ਜਿਸ ’ਚ ਪੰਜਾਬ ਭਰ ’ਚੋਂ ਹਜ਼ਾਰਾਂ ਨੌਜਵਾਨ ਜੁੜਨਗੇ ਅਤੇ ਸ਼ਹੀਦ ਭਗਤ ਸਿੰਘ ਦੇ ਸੰਗਰਾਮੀ ਵਿਚਾਰਾਂ ਦਾ ਸੰਦੇਸ਼ ਉੱਚਾ ਕਰਨਗੇ। ਇਸ ਸਮਾਗਮ ਦਾ ਸੱਦਾ ਲੋਕ ਆਗੂਆਂ ’ਤੇ ਅਧਾਰਿਤ “ਰੰਗ ਦੇ ਬਸੰਤੀ ਕਾਨਫਰੰਸ ਕਮੇਟੀ” ਵੱਲੋਂ ਦਿੱਤਾ ਗਿਆ ਹੈ, ਜਿਸ ਵਿੱਚ ਸ਼੍ਰੀ ਜੋਗਿੰਦਰ ਸਿੰਘ ਉਗਰਾਹਾਂ, ਝੰਡਾ ਸਿੰਘ ਜੇਠੂਕੇ, ਜੋਰਾ ਸਿੰਘ ਨਸਰਾਲੀ, ਲਛਮਣ ਸਿੰਘ ਸੇਵੇਵਾਲਾ, ਅਸ਼ਵਨੀ ਘੁੱਦਾ ਤੇ ਪਾਵੇਲ ਕੁੱਸਾ ਸ਼ਾਮਲ ਹਨ।
ਕਮੇਟੀ ਦੇ ਕਨਵੀਨਰ ਪਾਵੇਲ ਕੁੱਸਾ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਇਨਕਲਾਬੀ ਆਦਰਸ਼ਾਂ ਤੇ ਵਿਚਾਰਾਂ ਨੂੰ ਨੌਜਵਾਨਾਂ ’ਚ ਉਭਾਰਨ-ਪ੍ਰਚਾਰਨ ਅਤੇ ਹੱਕੀ ਸੰਗਰਾਮਾਂ ’ਚ ਜੂਝ ਰਹੀ ਲੋਕਾਈ ’ਤੇ ਭਗਤ ਸਿੰਘ ਦੇ ਵਿਚਾਰਾਂ ਦੀ ਰੰਗਤ ਹੋਰ ਗੂੜ੍ਹੀ ਕਰਨ ਲਈ ਇਹ ਉੱਦਮ ਜੁਟਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਵੱਲੋਂ ਬਰਤਾਨਵੀ ਸਾਮਰਾਜਵਾਦ ਖਿਲਾਫ ਕੌਮ ਦੇ ਸੰਗਰਾਮ ਵੇਲੇ ਮਹਾਤਮਾ ਗਾਂਧੀ ਦੀ ਅਗਵਾਈ ਹੇਠਲੀ ਕਾਂਗਰਸੀ ਲਹਿਰ ਦੀ ਗੱਦਾਰੀ ਦੀ ਪਹਿਚਾਣ ਕਰਕੇ ਖਰੀ ਕੌਮੀ ਆਜ਼ਾਦੀ ਦਾ ਨਾਅਰਾ ਬੁਲੰਦ ਕੀਤਾ ਗਿਆ ਸੀ ਤੇ ਜੂਝਦੀ ਕੌਮ ਨੂੰ ਮੁਕਤੀ ਦਾ ਰੌਸ਼ਨ-ਮਾਰਗ ਦਰਸਾਇਆ ਸੀ। ਇਸ ਰਸਤੇ ਨੂੰ ਬੁਲੰਦ ਕਰਨ ਦੀ ਅੱਜ ਦੇ ਦੌਰ ’ਚ ਹੋਰ ਵੀ ਵਧੇਰੇ ਸਾਰਥਿਕਤਾ ਤੇ ਮਹੱਤਤਾ ਹੈ। ਅੱਜ ਮੁਲਕ ਸਾਮਰਾਜੀ ਬਹੁਕੌਮੀ ਕੰਪਨੀਆਂ, ਉਹਨਾਂ ਦੇ ਦੇਸੀ ਦਲਾਲਾਂ ਤੇ ਜਗੀਰਦਾਰਾਂ ਦੀ ਅੰਨ੍ਹੀ ਲੁੱਟ ਦੇ ਪੰਜੇ ’ਚ ਜਕੜਿਆ ਹੋਇਆ ਹੈ। ਦੇਸ਼ ਦੇ ਹਾਕਮ ਲੋਕਾਂ ਦੀ ਲੁੱਟ ਤਿੱਖੀ ਕਰਨ ਲਈ ਅਤੇ ਆਪਣੇ ਰਾਜ ਭਾਗ ਦੀਆਂ ਥੰਮ੍ਹੀਆਂ ਮਜਬੂਤ ਕਰਨ ਲਈ ਫਿਰਕੂ ਅਮਨ ਨੂੰ ਲਾਂਬੂ ਲਾ ਰਹੇ ਹਨ, ਜਾਤ-ਪਾਤੀ ਵੰਡੀਆਂ ਡੂੰਘੀਆਂ ਕਰ ਰਹੇ ਹਨ ਤੇ ਲੋਕਾਂ ਨੂੰ ਭਰਾ ਮਾਰ ਲੜਾਈ ਦੇ ਰਾਹ ਤੋਰ ਰਹੇ ਹਨ। ਅਜਿਹੇ ਖੂੰਖਾਰ ਮਕਸਦਾਂ ਦੀ ਪੂਰਤੀ ਲਈ ਨੌਜਵਾਨ ਜਨ ਸਮੂਹ ਵਿਸ਼ੇਸ਼ ਨਿਸ਼ਾਨਾ ਹਨ ਤੇ ਫਿਰਕੂ ਭੀੜਾਂ ਜਟਾਉਣ ਲਈ ਸਾਧਨ ਹਨ। ਅੱਜ ਮੁਲਕ ਭਰ ’ਚ ਦਲਿਤਾਂ, ਧਾਰਮਿਕ ਘੱਟ ਗਿਣਤੀਆਂ, ਦਬਾਈਆਂ ਕੌਮੀਅਤਾਂ ਅਤੇ ਆਦਿਵਾਸੀ ਹਿੱਸਿਆਂ ’ਤੇ ਜੁਲਮ ਦੇ ਝੱਖੜ ਝੁਲਾਏ ਜਾ ਰਹੇ ਹਨ। ਅਜਿਹੇ ਦੌਰ ’ਚ ਨੌਜਵਾਨਾਂ ਨੂੰ ਜੂਝ ਰਹੇ ਲੋਕ ਕਾਫਲਿਆਂ ਦੀਆਂ ਮੋਹਰੀ ਸਫਾਂ ’ਚ ਆਉਣ ਦੇ ਭਗਤ ਸਿੰਘ ਦੇ ਸੁਨੇਹੇ ਨੂੰ ਅਮਲੀ ਜਾਮਾ ਪਹਿਨਾਉਣ ਦੀ ਜ਼ਰੂਰਤ ਹੈ। ਰੰਗ ਦੇ ਬਸੰਤੀ ਕਾਨਫਰੰਸ ਨੌਜਵਾਨਾਂ ਨੂੰ ਇਹ ਸੰਦੇਸ਼ ਦੇਵੇਗੀ। ਵੱਖ-ਵੱਖ ਖੇਤਰਾਂ ’ਚੋਂ ਨੌਜਵਾਨ ਬਸੰਤੀ ਮਾਰਚ ਕਰਦੇ ਹੋਏ ਕਾਨਫਰੰਸ ਚ ਸ਼ਾਮਲ ਹੋਣਗੇ। ਬਰਨਾਲੇ ਦੀ ਦਾਣਾ ਮੰਡੀ ’ਚ ਮਨਾਏ ਜਾਣ ਵਾਲੇ ਜਨਮ ਦਿਹਾੜੇ ਦੇ ਜਸ਼ਨਾਂ ’ਚ ਇੱਕ ਰੰਗ ਆਤਿਸ਼ਬਾਜੀ ਦਾ ਵੀ ਹੋਵੇਗਾ।ਕਮੇਟੀ ਵੱਲੋਂ ਭਗਤ ਸਿੰਘ ਦੇ ਆਦਰਸ਼ਾਂ ਤੇ ਵਿਚਾਰਾਂ ਦੇ ਪ੍ਰਚਾਰ ਤੇ ਕਾਨਫਰੰਸ ਦੇ ਸੁਨੇਹੇ ਲਈ ਇੱਕ ਹੱਥ-ਪਰਚਾ ਤੇ ਕੰਧ ਪੋਸਟਰ ਜਾਰੀ ਕੀਤਾ ਜਾ ਰਿਹਾ ਹੈ। ਸਮਾਗਮ ਦੀ ਤਿਆਰੀ ’ਚ ਮੀਟਿੰਗਾਂ-ਰੈਲੀਆਂ ਤੇ ਮਾਰਚਾਂ ਦਾ ਸਿਲਸਿਲਾ ਚੱਲੇਗਾ। ਕਮੇਟੀ ਨੇ ਪੰਜਾਬ ਦੇ ਸਭਨਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਜਨਮ ਦਿਹਾੜਾ ਜਸ਼ਨਾਂ ’ਚ ਸ਼ਾਮਲ ਹੋਣ ਲਈ ਨੱਚਦੇ-ਗਾਉਂਦੇ ਤੇ ਗਰਜਦੇ ਹੋਏ ਬਰਨਾਲੇ ਵੱਲ ਕੂਚ ਕਰਨ।- ਪਾਵੇਲ ਕੁੱਸਾ