ਸ੍ਰੀ ਖ਼ੁਰਮ ਪਰਵੇਜ਼ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਨਿਖੇਧੀ
Posted on:- 16-09-2016
ਲੰਘੀ ਰਾਤ ਜੰਮ-ਕਸ਼ਮੀਰ ਪੁਲਿਸ ਵਲੋਂ ਚੋਟੀ ਦੇ ਮਨੁੱਖੀ ਅਧਿਕਾਰ ਕਾਰਕੁਨ ਸ੍ਰੀ ਖ਼ੁਰਮ ਪਰਵੇਜ਼ ਨੂੰ ਸ੍ਰੀਨਗਰ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ। 14 ਸਤੰਬਰ ਨੂੰ ਉਹ ਜਦੋਂ ਜੰਮੂ-ਕਸ਼ਮੀਰ ਵਿਚ ਮਨੁੱਖੀ ਹੱਕਾਂ ਦੇ ਘਾਣ ਦਾ ਮਾਮਲਾ ਜਨੈਵਾ ਵਿਚ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਵਿਚ ਰੱਖਣ ਲਈ ਜਾ ਰਹੇ ਸਨ ਤਾਂ ਦਿੱਲੀ ਪੁਲਿਸ ਵਲੋਂ ਖੁਫ਼ੀਆ ਏਜੰਸੀਆਂ ਦੀ ਹਦਾਇਤ ਉੱਪਰ ਉਨ੍ਹਾਂ ਨੂੰ ਹਵਾਈ ਅੱਡੇ ਉੱਪਰ ਡੇਢ ਘੰਟਾ ਹਿਰਾਸਤ ਵਿਚ ਰੱਖਕੇ ਉਡਾਣ ਫੜ੍ਹਨ ਤੋਂ ਰੋਕ ਦਿੱਤਾ ਗਿਆ। ਬਾਦ ਵਿਚ ਉਨ੍ਹਾਂ ਨੂੰ ਸ੍ਰੀਨਗਰ ਪਹੁੰਚਣ ਤੇ ਗਿਰਫ਼ਤਾਰ ਕਰ ਲਿਆ ਗਿਆ।
ਯਾਦ ਰਹੇ ਸ੍ਰੀ ਖ਼ੁਰਮ ਪਰਵੇਜ਼ ਜੰਮ-ਕਸ਼ਮੀਰ ਕੁਲੀਸ਼ਨ ਆਫ ਸਿਵਲ ਸੁਸਾਇਟੀ ਦੇ ਪ੍ਰੋਗਰਾਮ ਕੋਆਰਡੀਨੇਟਰ ਅਤੇ ਲਾਪਤਾ ਕੀਤੇ ਵਿਅਕਤੀਆਂ ਸਬੰਧੀ ਏਸ਼ੀਅਨ ਫੈਡਰੇਸ਼ਨ ਦੇ ਚੇਅਰਪਰਸ਼ਨ ਹਨ। ਉਨ੍ਹਾਂ ਨੇ ਪਿਛਲੇ ਇਕ ਦਹਾਕੇ ਤੋਂ ਕਸ਼ਮੀਰੀ ਲੋਕਾਂ ਉੱਪਰ ਕੀਤੇ ਜਾ ਰਹੇ ਫ਼ੌਜੀ ਜ਼ੁਲਮਾਂ ਬਾਰੇ ਅਹਿਮ ਤੱਥ ਰਿਪੋਰਟਾਂ ਤਿਆਰ ਕਰਨ ਅਤੇ ਕਸ਼ਮੀਰ ਦੇ ਹਾਲਾਤ ਬਾਰੇ ਤੱਥਪੂਰਨ ਵੇਰਵੇ ਦੁਨੀਆ ਦੇ ਲੋਕਾਂ ਅੱਗੇ ਪੇਸ਼ ਕਰਨ ਵਿਚ ਮੁੱਖ ਭੂਮਿਕਾ ਨਿਭਾਈ ਹੈ, ਜਿਨ੍ਹਾਂ ਵਿਚ ਅਣਪਛਾਤੀਆਂ ਕਬਰਾਂ ਬਾਰੇ ਇਕ ਅਹਿਮ ਰਿਪੋਰਟ ਵੀ ਸ਼ਾਮਲ ਹੈ।
ਹੁਣ ਵੀ ਬੁਰਹਾਨ ਵਾਨੀ ਦੇ ਮੁਕਾਬਲੇ ਤੋਂ ਬਾਦ ਭਾਰਤੀ ਫ਼ੌਜ ਅਤੇ ਸੁਰੱਖਿਆ ਬਲਾਂ ਵਲੋਂ ਕਸ਼ਮੀਰੀ ਨੌਜਵਾਨਾਂ ਦੀਆਂ ਬੇਰਹਿਮੀ ਨਾਲ ਹੱਤਿਆਵਾਂ ਅਤੇ ਪੈਲੇਟ ਗੰਨਾਂ ਦੀਆਂ ਬੌਛਾੜਾਂ ਰਾਹੀਂ ਸੈਂਕੜੇ ਨੌਜਵਾਨਾਂ ਨੂੰ ਅੱਖਾਂ ਤੋਂ ਵਾਂਝੇ ਕਰਨ ਦੇ ਬੇਮਿਸਾਲ ਜ਼ੁਲਮ ਦੇ ਖਿ਼ਲਾਫ਼ ਡੱਟਕੇ ਆਵਾਜ਼ ਉਠਾ ਰਹੇ ਸਨ ਅਤੇ ਕਸ਼ਮੀਰ ਦੀ ਜ਼ਮੀਨੀ ਹਕੀਕਤ ਦੇ ਅਸਲ ਤੱਥ ਦੁਨੀਆ ਨੂੰ ਦੱਸ ਰਹੇ ਸਨ।
ਜਮਹੂਰੀ ਅਧਿਕਾਰ ਸਭਾ ਪੰਜਾਬ ਸ੍ਰੀ ਖ਼ੁਰਮ ਪਰਵੇਜ਼ ਨੂੰ ਗਿ੍ਰਫ਼ਤਾਰ ਕੀਤੇ ਜਾਣ ਦੀ ਪੁਰਜ਼ੋਰ ਨਿਖੇਧੀ ਕਰਦੀ ਹੈ। ਉਨ੍ਹਾਂ ਨੂੰ ਸੰਯੁਕਤ ਰਾਸ਼ਟਰ ਵਿਖੇ ਆਪਣਾ ਪੱਖ ਪੇਸ਼ ਕੀਤੇ ਜਾਣ ਤੋਂ ਰੋਕਣਾ ਵਿਚਾਰਾਂ ਦੀ ਆਜ਼ਾਦੀ ਦੀ ਉਲੰਘਣਾ ਹੈ ਅਤੇ ਭਾਰਤ ਸਰਕਾਰ ਇਸ ਤਰ੍ਹਾਂ ਦੇ ਤਾਨਾਸ਼ਾਹ ਹੱਥਕੰਡਿਆਂ ਰਾਹੀਂ ਮਨੁੱਖੀ ਹੱਕਾਂ ਦੇ ਘੁਲਾਟੀਆਂ ਨੂੰ ਦਬਾਉਣ ਵਿਚ ਕਾਮਯਾਬ ਨਹੀਂ ਹੋਵੇਗੀ। ਸਭਾ ਮੰਗ ਕਰਦੀ ਹੈ ਕਿ ਸ੍ਰੀ ਖ਼ੁਰਮ ਪਰਵੇਜ਼ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਭਾਰਤ ਸਰਕਾਰ ਬਿਨਾ ਕੋਈ ਕਾਰਨ ਦੱਸੇ ਉਨ੍ਹਾਂ ਨੂੰ ਜਨੇਵਾ ਜਾਣ ਤੋਂ ਰੇਕਣ ਦੇ ਸ਼ਰਮਨਾਕ ਤਾਨਾਸ਼ਾਹ ਰਵੱਈਏ ਲਈ ਮੁਆਫ਼ੀ ਮੰਗੇ।