ਕਮਰੇ ’ਚ ਬਣਾਇਆ ਗਟਰ ਅਤੇ ਰਸੋਈ ’ਚ ਪਖਾਨਾ !
Posted on:- 16-09-2016
- ਸ਼ਿਵ ਕੁਮਾਰ ਬਾਵਾ
ਬਲਾਕ ਮਾਹਿਲਪੁਰ ਦੇ ਪਿੰਡ ਬਾੜੀਆਂ ਕਲਾਂ ਵਿਖੇ ਸਵੱਛ ਭਾਰਤ ਸਕੀਮ ਤਹਿਤ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਗਰੀਬ ਘਰਾਂ ਵਿਚ ਬਣਾਏ ਜਾ ਰਹੇ ਪਖਾਨੇ ਅਧੂਰੇ ਬਣਨ ਕਾਰਨ ਪਿੰਡ ਦੇ ਗਰੀਬ ਪਰਿਵਾਰਾਂ ਦੇ ਲੋਕ ਬੜੀ ਗਿਣਤੀ ਵਿਚ ਦੁੱਖੀ ਹਨ। ਅੰਨ੍ਹੇਵਾਹ ਚੱਲ ਰਹੇ ਕੰਮ ਵਿਚ ਵਿਭਾਗ ਦੇ ਅਧਿਕਾਰੀਆਂ ਵਲੋਂ ਲਾਏ ਗਏ ਆਪਣੀ ਮਨਮਰਜ਼ੀ ਦੇ ਮਿਸਤਰੀ ਅਤੇ ਮਜ਼ਦੂਰਾਂ ਵਲੋਂ ਪਿੰਡ ਦੀ ਇਕ ਗਰੀਬ ਔਰਤ ਬਚਨੀ ਦੇ ਛੰਨ ਵਾਲੇ ਘਰ ਦੇ ਕਮਰੇ ਵਿਚ ਪਖਾਨੇ ਦਾ ਗਟਰ ਅਤੇ ਰਸੋਈ ਨੂੰ ਪਖਾਨੇ ਦੇ ਰੂਪ ਵਿਚ ਤਬਦੀਲ ਕਰ ਦਿੱਤਾ, ਜਿਸ ਕਾਰਨ ਸਾਰਾ ਪਰਿਵਾਰ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹੈ।
ਸਮਾਜ ਸੇਵਕ ਜੈ ਗੋਪਾਲ ਧੀਮਾਨ ਅਤੇ ਪਿੰਡ ਦੇ ਮਾਸਟਰ ਜੈ ਰਾਮ ਬਾੜੀਆਂ ਕਲਾਂ ਨੇ ਦੱਸਿਆ ਕਿ ਸਵੱਛ ਭਾਰਤ ਸਕੀਮ ਤਹਿਤ ਚੱਲ ਰਿਹਾ ਸਾਰਾ ਕੰਮ ਹੀ ਵਿਭਾਗ ਦੀ ਗਲਤੀ ਕਾਰਨ ਅਧੂਰਾ ਪਿਆ ਹੈ, ਜਿਸ ਨਾਲ ਪਿੰਡ ਵਿਚ ਵੱਡੇ ਪੱਧਰ ਤੇ ਗੰਦਗੀ ਪੈਦਾ ਹੋਣ ਕਾਰਨ ਲੋਗ ਨਰਕ ਭੋਗਣ ਲਈ ਮਜ਼ਬੂਰ ਹਨ।
ਉਹਨਾਂ ਦੱਸਿਆ ਕਿ ਬਚਨੀ ਦੇ ਘਰ ਦੀ ਰਸੋਈ ਉਤੇ ਸਰਕੰਡੇ ਦੀ ਛੱਤ ਪਈ ਸੀ ਉਸ ਨੂੰ ਹਾਲੇ ਵੀ ਉਸੇ ਤਰ੍ਹਾਂ ਰਖਿਆ ਹੋਇਆ ਹੈ ਕਮਰੇ ਦੀਆਂ ਕੰਧਾਂ ਨੂੰ ਤਰੇੜਾਂ ਆਈਆਂ ਹੋਈਆਂ ਹਨ। ਇਸੇ ਤਰ੍ਹਾਂ ਹੋਰ ਵੀ ਕਈ ਘਰਾਂ ਵਿਚ ਰਸੋਈ ਦੇ ਸਾਹਮਣੇ ਹੀ ਗਟਰ ਬਣਾਏ ਹੋਏ ਹਨ। ਇਹ ਯੋਜਨਾ ਭਵਿੱਖ ਵਿਚ ਕੈਂਸਰ, ਟੀ ਬੀ, ਦਮਾ ਅਤੇ ਵਾਤਾਵਰਵਣ ਦੀ ਤਬਾਹੀ ਤੋਂ ਸਿਵਾ ਕੁਝ ਵੀ ਨਹੀਂ ਦੇਵੇਗੀ, ਬਹੁਤ ਸਾਰੇ ਘਰਾਂ ਵਿਚ ਰਸੋਈ ਦੇ ਸਾਹਮਣੇ ਹੀ ਪਖਾਨਿਆਂ ਦੇ ਗਟਰ ਹਨ ਅਤੇ ਲੋਕਾਂ ਨੂੰ ਪੱਕੇ ਗੱਟਰਾਂ ਦੀ ਵਰਤੋਂ ਕਰਨ ਦੀ ਥਾਂ ਉਸੇ ਗਟਰ ਦੇ ਆਸ ਪਾਸ ਕੱਚਾ ਪਖਾਨਾ ਪਿੱਟ ਬਣਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ । ਉਹਨਾਂ ਦੱਸਿਆ ਕਿ ਪਖਾਨੇ ਬਣਾਉਣ ਦੀ ਦੁਸਰੀ ਕਿਸ਼ਤ 7500 ਰੁ: ਦੀ ਨਹੀਂ ਦਿਤੀ ਜਾ ਰਹੀ। ਉਹਨਾਂ ਦੱਸਿਆ ਕਿ ਬਹੁਤ ਸਾਰੇ ਗਰੀਬ ਘਰਾਂ ਦੇ ਅਕਾਰ ਬਹੁਤ ਛੋਟੇ ਹਨ ਅਤੇ ਜਿਹਨਾਂ ਲੋਕਾਂ ਨੂੰ ਪਖਾਨੇ ਬਣਾਉਣ ਲਈ ਸਹਾਇਤਾ ਦਿੱਤੀ ਜਾ ਰਹੀ ਹੈ ਉਸ ਦਾ ਅਧਾਰ ਸਰਾਸਰ ਗਲਤ ਅਤੇ ਲੋਕਾਂ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਨ ਵਾਲਾ ਹੈ। ਪਿੰਡ ਵਿਚ ਕੁੱਲ 90 ਪਖਾਨੇ ਬਣਾਉਣ ਦਾ ਟੀਚਾ ਸੀ, ਜਿਨ੍ਹਾਂ ਵਿਚੋਂ ਹਾਲੇ 22 ਹੀ ਬਣੇ ਹਨ।
ਇਸ ਸਬੰਧ ਵਿਚ ਵਿਭਾਗ ਦੇ ਐਸ ਡੀ ਓ ਸੰਤੋਖ ਸਿੰਘ ਅਤੇ ਬੀ ਡੀ ਪੀ ਓ ਹਰਬਿਲਾਸ ਨੇ ਦੱਸਿਆ ਕਿ ਪਖਾਨੇ ਬਣਾਉਣ ਲਈ ਹਰਇਕ ਘਰ ਨੂੰ 15000 ਰੁਪਏ ਸਰਕਾਰ ਵਲੋਂ ਦਿੱਤੇ ਜਾ ਰਹੇ ਹਨ। ਦੋ ਕਿਸ਼ਤਾਂ ਵਿਚ ਪੈਸੇ ਮਿਲ ਰਹੇ ਹਨ। ਅਧੂਰੇ ਕੰਮ ਗ੍ਰਾਂਟ ਮਿਲਦੇ ਸਾਰ ਪੂਰੇ ਕਰਵਾਏ ਜਾਂਦੇ ਹਨ। ਉਹਨਾਂ ਦੱਸਿਆ ਕਿ ਵਿਭਾਗ ਦਾ ਕੋਈ ਵੀ ਅਧਿਕਾਰੀ ਮਨਮਰਜ਼ੀ ਨਹੀਂ ਕਰਦਾ ਲੇਕਿਨ ਲੋਕਾਂ ਦੇ ਘਰਾਂ ਦੇ ਅਕਾਰ ਛੋਟੇ ਹਨ ਉਥੇ ਉਹਨਾਂ ਦੀ ਸਲਾਹ ਨਾਲ ਹੀ ਕੰਮ ਕਰਵਾਇਆ ਜਾਦਾ ਹੈ। ਬਚਨੀ ਦੇਵੀ ਦੇ ਕੇਸ ਬਾਰੇ ਉਹ ਸੋਮਵਾਰ ਨੂੰ ਖੁਦ ਜਾਂਚ ਕਰਨਗੇ।