ਮਹਿਲਕਲਾਂ ਲੋਕ ਸੰਘਰਸ਼ ਦੀ ਇੱਕ ਹੋਰ ਅਹਿਮ ਜਿੱਤ
Posted on:- 29-08-2016
ਮਹਿਲਕਲਾਂ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵੀ ਕੀਤਾ ਸ਼ਹੀਦ ਬੀਬੀ ਕਿਰਨਜੀਤ ਕੌਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਮਹਿਲਕਲਾਂ ਦਾ ਨਾਮ ਤਬਦੀਲ ਦਾ ਅਧਿਕਾਰਤ ਪੱਤਰ ਜਾਰੀ ਕਰ ਦਿੱਤਾ ਹੈ।ਇਸ ਸਬੰਧੀ ਅਧਿਕਾਰਤ ਪੱਤਰ ਪਸਸਬ:2016/5318 ਮਿਤੀ 26-8-16 ਵਿਖਾਉਂਦਿਆਂ ਸ਼ਹੀਦ ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਮਹਿਲਕਲਾਂ ਦੇ ਕਨਵੀਨਰ ਗੁਰਬਿੰਦਰ ਸਿੰਘ ਕਲਾਲਾ ਨੇ ਦੱਸਿਆ ਕਿ ਸਿੱਖਿਆ ਵਿਭਾਗ ਪੰਜਾਬ ਸਰਕਾਰ ਵੱਲੋਂ 8/40/2013-1 ਸਿ6/805790/1ਮਿਤੀ 28-7-16 ਰਾਹੀਂ ਜਾਰੀ ਕੀਤੇ ਗਏ ਹੁਕਮਾਂ ਦੀ ਪਾਲਣਾ ਕਰਦਿਆਂ ਸਕੂਲ ਸਿੱਖਿਆ ਬੋਰਡ ਨੇ ਇਹ ਹੁਕਮ ਜਾਰੀ ਕੀਤਾ ਹੈ।ਯਾਦ ਰਹੇ ਕਿ 19 ਸਤੰਬਰ 1997 ਨੂੰ ਮੁੱਖ ਮੰਤਰੀ ਪੰਜਾਬ ਸ.ਪ੍ਰਕਾਸ਼ ਸਿੰਘ ਬਾਦਲ ਵੱਲੋਂ ਗੁੰਡਿਆਂ ਸੰਗ ਜੂਝਦੀ ਹੋਈ ਸ਼ਹੀਦ ਕਿਰਨਜੀਤ ਕੌਰ ਦੇ ਪਿਤਾ ਮਾ.ਦਰਸ਼ਨ ਸਿੰਘ ਦੇ ਘਰ ਆਉਣ ਸਮੇਂ ਸਥਾਨਕ ਸੀਨੀਅਰ ਸੈਕੰਡਰੀ ਸਕੂਲ ਦਾ ਨਾਮ ਸ਼ਹੀਦ ਬੀਬੀ ਕਿਰਨਜੀਤ ਕੌਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਮਹਿਲਕਲਾਂ ਰੱਖਣ ਸਮੇਤ ਦੋਸ਼ੀਆਂ ਨੂੰ ਅਦਾਲਤ ਵਿੱਚੋਂ ਸਖਤ ਸਜ਼ਾਵਾਂ ਦਿਵਾਉਣ ਲਈ ਸਰਕਾਰ ਵੱਲੋਂ ਹਰ ਕਿਸਮ ਦੀ ਮਦਦ ਦਾ ਵਿਸਵਾਸ਼ ਦਿੱਤਾ ਸੀ।
ਐਕਸ਼ਨ ਕਮੇਟੀ ਦੀ ਦਰੁੱਸਤ ਅਗਵਾਈ ’ਚ ਚੱਲੇ ਲੋਕ ਸੰਘਰਸ਼ ਦੀ ਬਦੌਲਤ ਹੀ ਦੋਸ਼ੀਆਂ ਨੂੰ ਉਮਰ ਕੈਦ ਵਰਗੀਆਂ ਮਿਸਾਲੀ ਸਜਾਵਾਂ ਦਿਵਾਉਣ’ਚ ਸਫਲਤਾ ਹਾਸਲ ਕੀਤੀ ਸੀ।ਪਰ ਨੇਕੀ ਅਤੇ ਬਦੀ ਦੀ ਜੰਗ ਜਾਰੀ ਰਹਿਣ ਵਾਲੀ ਹਕੀਕਤ ਵਾਂਗ ਕਿਰਨਜੀਤ ਕਤਲ ਕਾਂਡ ਦੇ ਦੋਸ਼ੀ ਸਰਗਣੇ ਵੱਲੋਂ ਸਜ਼ਾ ਕੱਟਕੇ ਬਾਹਰ ਆਉਣ ਤੋਂ ਬਾਅਦ ਫਿਰ ਸਾਜਿਸ਼ਾਂ ਦਾ ਦੌਰ ਸ਼ੁਰੂ ਕਰ ਦਿੱਤਾ ਸੀ।ਸਭ ਤੋਂ ਪਹਿਲੀ ਸਾਜ਼ਿਸ਼ ਸ਼ਹੀਦ ਬੀਬੀ ਕਿਰਨਜੀਤ ਕੌਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਮਹਿਲਕਲਾਂ ਦੇ ਸਕੂਲ ਦਾ ਨਾਮ ਤਕਨੀਕੀ ਕਮਜ਼ੋਰੀਆਂ ਨੂੰ ਵਰਤ ਕੇ ਬਦਲਣ ਦੀ ਰਚੀ ਸਾਜ਼ਿਸ਼ ਸੀ। ਲੋਕ ਤਾਕਤ ਦੇ ਕਿਲੇ/ਸ਼ਾਨਾਮੱਤੇ ਇਤਿਹਾਸ ਨੂੰ ਢਾਹ ਲਾਉਣ ਦੀ ਇਹ ਇੱਕ ਗੰਭੀਰ ਸਾਜ਼ਿਸ਼ ਸੀ ਜਿਸ ਪ੍ਰਤੀ ਐਕਸ਼ਨ ਕਮੇਟੀ ਮਹਿਲਕਲਾਂ ਨੇ ਗੰਭੀਰ ਹੁੰਦਿਆਂ ਮੁੱਖ ਮੰਤਰੀ ਪੰਜਾਬ ਨੂੰ ਆਪਣੇ ਜਾਰੀ ਕੀਤੇ ਹੁਕਮਾਂ ਦੀ ਤਕਨੀਕੀ ਗਲਤੀ ਨੂੰ ਦੂਰ ਕਰਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਅਸਲ ਸਥਿਤੀ ਬਹਾਲ ਕਰਨ ਦੀ ਜ਼ੋਰਦਾਰ ਮੰਗ ਕੀਤੀ ਸੀ।ਅੱਜ ਐਕਸਨ ਕਮੇਟੀ ਮੈਂਬਰਾਂ ਮਨਜੀਤ ਧਨੇਰ,ਹਰਚਰਨ ਚੰਨਾ,ਪ੍ਰੇਮ ਕੁਮਾਰ,ਮਲਕੀਤ ਵਜੀਦਕੇ,ਸੁਰਿੰਦਰ ਜਲਾਲਦੀਵਾਲ,ਅਮਰਜੀਤ ਕੁੱਕੂ,ਨਿਹਾਲ ਸਿੰਘ,ਮਲਕੀਤ ਸਿੰਘ ਈਨਾ,ਜਰਨੈਲ ਸਿੰਘ,ਦਰਸ਼ਨ ਸਿੰਘ ਨੇ ਐਕਸ਼ਨ ਕਮੇਟੀ ਮਹਿਲਕਲਾਂ ਦੀ ਅਗਵਾਈ’ਚ ਜੂੜੇ 19 ਸਾਲ ਤੋਂ ਲੋਕ ਕਾਫਲੇ ਨੂੰ ਇਸ ਸੰਘਰਸ਼ਮਈ ਜਿੱਤ ਉੱਪਰ ਸੰਗਰਾਮੀ ਮੁਬਾਰਕਬਾਦ ਦਿੰਦਿਆਂ ਸਮਾਜਿਕ ਜਬਰ ਵਿਰੋਧੀ ਸਾਂਝੇ ਸੰਘਰਸ਼ਾਂ ਨੂੰ ਲਗਾਤਾਰ ਜਾਰੀ ਰੱਖਣ ਦੀ ਜ਼ੋਰਦਾਰ ਅਪੀਲ ਕੀਤੀ।