ਕਨੇਡਾ ਵਾਲੇ ਬਾਬੇ ਤਾਂ ਸੈਰ ਸਪਾਟੇ ਦੀਆਂ ਮੌਜਾਂ ਲੁਟਦੇ ਆ
Posted on:- 26-08-2016
- ਹਰਬੰਸ ਬੁੱਟਰ
ਕੈਲਗਰੀ: ਆਮ ਤੌਰ ‘ਤੇ ਭਾਵੇਂ ਮੰਨਿਆ ਜਾਂਦੈ ਕਿ ਇਨਸਾਨ ਦਾ ਬੁਢਾਪੇ ਵਾਲਾ ਸਮਾ ਮਾੜਾ ਹੁੰਦੈ ਪਰ ਕਨੇਡਾ ਦੀ ਧਰਤੀ ਉੱਪਰ ਪੁੱਜ ਚੁੱਕੇ ਬਾਬੇ ਤਾਂ ਮੌਜਾਂ ਲੁਟਦੇ ਹਨ। ਕੈਲਗਰੀ ਵਿਖੇ ਸਥਾਪਿਤ ਬਜ਼ੁਰਗਾਂ ਦੀ ਸੋਸਾਇਟੀ “ਦਸਮੇਸ ਕਲਚਰਲ ਸੀਨੀਅਰ ਸਿਟੀਜਨ ਸੋਸਾਇਟੀ” ਦੇ ਮੈਂਬਰਾਂ ਦੀ ਗਿਣਤੀ ਤਕਰੀਬਨ 300 ਦੇ ਲੱਗਭੱਗ ਹੈ। ਗੁਰਦਵਾਰਾ ਸਾਹਿਬ ਦੇ ਨਾਲ ਲੱਗਵੀਂ ਬਿਲਡਿੰਗ ਵਿੱਚ ਸਵੇਰੇ 11 ਕੁ ਵਜੇ ਤੋਂ ਬਾਦ ਰੌਣਕ ਲੱਗਣੀ ਸੁਰੂ ਹੋ ਜਾਂਦੀ ਹੈ। ਅਖ਼ਬਾਰ ਪੜਨ ਵਾਲੇ ਅਖ਼ਬਾਰ ਪੜੀ ਜਾਂਦੇ ਹਨ ਪਰ ਬਹੁਤਿਆਂ ਦੀ ਗਿਣਤੀ ਤਾਸ ਖੇਡਣ ਵਾਲਿਆਂ ਦੀ ਹੁੰਦੀ ਹੈ ਇਹੀ ਵਜਾਹ ਲੱਗਦੀ ਹੈ ਕਿ ਹਰ ਸਾਲ ਹੁੰਦੇ ਤਾਸ਼ ਖੇਡਣ ਦੇ ਮੁਕਾਬਲਿਆਂ ਦੌਰਾਨ ਇਸ ਸੰਸਥਾ ਦੇ ਮੈਂਬਰ ਹੀ ਬਾਜ਼ੀ ਜਿੱਤਦੇ ਹਨ। ਦੁਪਹਿਰ ਵੇਲੇ ਸਪੈਸ਼ਲ ਚਾਹ ਬਣਦੀ ਹੈ । ਪਰ ਇਹ ਸਿਰਫ ਬਿਲਡਿੰਗ ਦੇ ਅੰਦਰ ਵੜਕੇ ਹੀ ਨਹੀਂ ਬਹਿੰਦੇ ਜੇਕਰ ਮੌਸਮ ਸੋਹਣਾ ਹੋਵੇ ਤਾਂ ਇਹ ਸ਼ਹਿਰ ਤੋਂ ਬਾਹਰ ਸੈਰ ਸਪਾਟੇ ਲਈ ਵੀ ਚਲੇ ਜਾਂਦੇ ਹਨ। ਸਰਕਾਰ ਵੱਲੋਂ ਇਹਨਾਂ ਦੀ ਸੰਸਥਾ ਨੂੰ ਕਾਫੀ ਸਹਾਇਤਾ ਸਮੇਂ ਸਮੇਂ ਉੱਪਰ ਮਿਲਦੀ ਰਹਿੰਦੀ ਹੈ।
ਬੀਤੇ ਦਿਨੀ ਵੀ ਬੱਸਾਂ ਰਾਹੀ ਬਜੁਰਗਾਂ ਦਾ ਇੱਕ ਗੁਰੱਪ ਅਮਰੀਕਾ ਦੇ ਬਾਰਡਰ ਦੇ ਨਜ਼ਦੀਕ ਬਹੁਤ ਹੀ ਰਮਣੀਕ ਜਗਾਹ ਵਾਟਰ ਟੋਨ ਵਿਖੇ ਘੁੰਮਕੇ ਆਇਆ ਹੈ। ਪਰਧਾਨ ਸੁਖਦੇਵ ਸਿੰਘ ਖਹਿਰਾ ਦੀ ਅਗਵਾਈ ਸਵੇਰ ਵੇਲੇ ਚੱਲਿਆ ਬੱਸਾਂ ਦਾ ਕਾਫਿਲਾ ਪੂਰਾ ਦਿਨ ਜ਼ਿੰਦਗੀ ਦੇ ਆਨੰਦਮਈ ਪਲਾਂ ਨੂੰ ਮਾਣਦਾ ਹੋਇਆ ਸ਼ਾਮ ਤੱਕ ਕੈਲਗਰੀ ਆਣ ਵੜਿਆ। ਵਾਈਸ ਪ੍ਰਧਾਨ ਵਰਿੰਦਰਜੀਤ ਸਿੰਘ ਭੱਟੀ,ਸੈਕਟਰੀ ਮਹਿੰਦਰ ਸਿੰਘ ਢਿੱਲੋਂ,ਖਜਾਨਚੀ ਜਗਮੇਲ ਸਿੰਘ ਮੱਲੀ, ਡਾਇਰੈਕਟਰ ਪ੍ਰੀਤਮ ਸਿੰਘ ਕਾਹਲੋਂ,ਬਲਵੰਤ ਸਿੰਘ ਗਿੱਲ, ਹਰਬੰਸ ਸਿੰਘ ਸਿੱਧੂ, ਮਾ: ਸੁਖਦੇਵ ਸਿੰਘ ਧਾਲੀਵਾਲ,ਜਸਵੰਤ ਸਿੰਘ ਗਿੱਲ ਅਤੇ ਸੁਖਦੇਵ ਸਿੰਘ ਧਾਲੀਵਾਲ ਹੋਰਾਂ ਦਾ ਮੰਨਣਾ ਹੈ ਇੱਕ ਦਿਨ ਦਾ ਇਹ ਸੈਰ ਸਪਾਟਾ ਭਾਵੇਂ ਕੁੱਲ ਜ਼ਿੰਦਗੀ ਦਾ ਕੋਈ ਵੱਡਾ ਹਿੱਸਾ ਤਾਂ ਨਹੀਂ ਹੁੰਦਾ ਪਰ ਫਿਰ ਵੀ ਆਪਸੀ ਮਿਲਵਰਤਨ ਨਾਲ ਮਿਲ ਬੈਠਕੇ ਸਾਰਾ ਦਿਨ ਬਾਕੀ ਦੁਨਿਆਵੀ ਰੁਝੇਵਿਆਂ ਤੋਂ ਮੁਕਤ ਹੋਕੇ ਰਹਿਣ ਦਾ ਇੱਕ ਦਿਨ ਦਾ ਇਹ ਸਮਾਂ ਬੁਢਾਪੇ ਵੇਲੇ ਜ਼ਿੰਦਗੀ ਨੂੰ ਸਮਤੋਲ ਰੱਖਣ ਵਿੱਚ ਸਹਾਈ ਸਿੱਧ ਹੁੰਦਾ ਹੈ