ਨਾਵਲਕਾਰ ਗੁਰਦਿਆਲ ਸਿੰਘ ਦੇ ਸ਼ੋਕ ਸਮਾਗਮ ’ਚ ਪੁੱਜਣ ਦੀ ਅਪੀਲ
Posted on:- 21-08-2016
ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲੇ ਨੇ ਪਿਛਲੇ ਦਿਨੀਂ ਵਿਛੋੜਾ ਦੇ ਗਏ ਲੋਕ ਪੱਖੀ ਸ੍ਰੋਮਣੀ ਨਾਵਲਕਾਰ ਗੁਰਦਿਆਲ ਸਿੰਘ ਦੇ 21 ਅਗਸਤ ਨੂੰ ਜੈਤੋ ’ਚ ਹੋ ਰਹੇ ਸ਼ੋਕ ਸਮਾਗਮ ’ਚ ਪੁੱਜਣ ਲਈ ਸਭਨਾਂ ਲੋਕ ਪੱਖੀ ਜਥੇਬੰਦੀਆਂ ਤੇ ਸਾਹਿਤਕਾਰਾਂ-ਕਲਾਕਾਰਾਂ ਨੂੰ ਅਪੀਲ ਕੀਤੀ ਹੈ। ਅਤੇ ਸਭਨਾਂ ਲੋਕ ਪੱਖੀ ਹਿੱਸਿਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਵਿਛੜ ਗਏ ਮਕਬੂਲ ਸਾਹਿਤਕਾਰ ਦੀ ਸਾਹਿਤਕ ਘਾਲਣਾ ਨੂੰ ਸਲਾਮ ਕਹਿਣ ਤੇ ਇਸਦਾ ਮਹੱਤਵ ਉਘਾੜਨ ਲਈ 10 ਜਨਵਰੀ ਨੂੰ ਉਹਨਾਂ ਦਾ ਜਨਮ ਦਿਹਾੜਾ ਮਨਾਉਣ। ਸਲਾਮ ਕਾਫ਼ਲਾ ਇਸ ਦਿਨ ਨੂੰ ਵੱਖ-ਵੱਖ ਲੋਕ ਪੱਖੀ ਜਥੇਬੰਦੀਆਂ/ਪਲੇਟਫਾਰਮਾਂ ਦੇ ਸਹਿਯੋਗ ਨਾਲ ਹਰ ਸੰਭਵ ਸ਼ਕਲਾਂ ਰਾਹੀਂ ਮਨਾਏਗਾ।
ਕਾਫ਼ਲੇ ਦੇ ਕਨਵੀਨਰ ਜਸਪਾਲ ਜੱਸੀ ਤੇ ਟੀਮ ਮੈਂਬਰ ਪਾਵੇਲ ਕੁੱਸਾ ਨੇ ਕਿਹਾ ਕਿ ਲੋਕ ਧੜੇ ਦੇ ਇਸ ਸ਼੍ਰੋਮਣੀ ਨਾਵਲਕਾਰ ਦੇਜਨਮ ਦਿਹਾੜੇ ਨੂੰ ਮਨਾਉਣ ਰਾਹੀਂ ਲੋਕ ਆਪਣੇ ਮਕਬੂਲ ਸਾਹਿਤਕਾਰ ਲਈ ਆਪਣੀਆਂ ਭਾਵਨਾਵਾਂ ਦਰਸਾਉਣਗੇ। ਉਹਨਾਂ ਕਿਹਾ ਕਿ ਉਹ ਕਿਰਤੀਆਂ ਦੇ ਸਾਹਿਤਕਾਰ ਸਨ ਤੇ ਲੋਕਾਂ ਦੀ ਲਹਿਰ ਲਈ ਤੇ ਸਮਾਜ ਲਈ ਉਹਨਾਂ ਦੀ ਸਾਹਿਤਕ ਦੇਣ ਦਾ ਬਹੁਤ ਮਹੱਤਵ ਹੈ।
ਜੋਕਾਂ ਤੇ ਲੋਕਾਂ ਦੀ ਵੰਡ ਵਾਲੇ ਜਮਾਤੀ ਸਮਾਜ 'ਚ ਉਹ ਲੋਕਾਂ ਦੇ ਪੱਖ 'ਚ ਵਗਦੀ ਧਾਰਾ ਦੇ ਮੋਢੀ ਸਾਹਿਤਕਾਰਾਂ 'ਚ ਸ਼ੁਮਾਰ ਸਨ। ਪੰਜਾਬੀ ਸਾਹਿਤ ਦੀ ਲੋਕ ਪੱਖੀ ਵਿਰਾਸਤ ਨੂੰ ਅੱਗੇ ਤੋਰਦਿਆਂ ਉਹਨਾਂ ਪੰਜਾਬੀ ਨਾਵਲ ਨੂੰ ਨਵੀਆਂ ਬੁਲੰਦੀਆਂ 'ਤੇ ਪਹੁੰਚਾਇਆ। ਉਹਨਾਂ ਦੇ ਨਾਵਲਾਂ 'ਚ ਕਿਰਤੀਆਂ ਦੀ ਜ਼ਿੰਦਗੀ ਦਾ ਯਥਾਰਥ ਬਹੁਤ ਖੂਬਸੂਰਤੀ ਨਾਲ ਇਉਂ ਪੇਸ਼ ਹੋਇਆ ਕਿ ਉਹਨਾਂ ਦੇ ਨਾਵਲਾਂ ਦੇ ਨਾਇਕ ਜਗਸੀਰ ਤੇ ਬਿਸ਼ਨੇ ਵਰਗੇ ਪੰਜਾਬੀ ਸਾਹਿਤ ਜਗਤ ਦੇ ਮਕਬੂਲ ਪਾਤਰ ਬਣ ਗਏ। ਉਹਨਾਂ ਦਾ ਸਾਹਿਤਕ ਵਿਰਸਾ ਤੇ ਘਾਲਣਾ ਪੰਜਾਬ ਦੇ ਲੋਕਾਂ ਲਈ ਬਹੁਤ ਮੁੱਲਵਾਨ ਹੈ। ਪੰਜਾਬੀ ਨਾਵਲ ਦੇ ਖੇਤਰ 'ਚ ਉਹਨਾਂ ਦੀਆਂ ਪਾਈਆਂ ਪੈੜਾਂ ਅਮਿੱਟ ਹਨ। ਪੰਜਾਬ ਦੇ ਕਿਰਤੀ ਜੀਵਨ ਦੀ ਹਕੀਕਤ ਨੂੰ ਚਿਤਰਣ 'ਚ ਕੋਈ ਨਾਵਲਕਾਰ ਉਹਨਾਂ ਦਾ ਸਾਨੀ ਨਹੀਂ। ਏਸੇ ਲਈ ਪੰਜਾਬੀ ਨਾਵਲ ਦੇ ਖੇਤਰ 'ਚ ਪਏ ਇਸ ਵੱਡੇ ਖਲਾਅ ਨੂੰ ਪੂਰਨ 'ਚ ਅਜੇ ਸਮਾਂ ਲੱਗੇਗਾ।ਪੰਜਾਬ ਦੇ ਕਿਰਤੀਆਂ ਦੇ ਜੀਵਨ ਬਾਰੇ ਡੂੰਘੀ ਪਕੜ ਦਾ ਆਧਾਰ ਉਹਨਾਂ ਦਾ ਅਜਿਹੇ ਜੀਵਨ ਬਾਰੇ ਸਿੱਧਾ ਅਨੁਭਵ ਸੀ। ਉਹ ਕਿਹਾ ਕਰਦੇ ਸਨ ਕਿ ਭਾਵੇਂ ਉਹਨਾਂ ਹਜ਼ਾਰਾਂ ਕਿਤਾਬਾਂ ਪੜ•ੀਆਂ ਹਨ ਤੇ ਪ੍ਰਾਇਮਰੀ ਸਕੂਲ ਤੋਂ ਲੈ ਕੇ ਕਾਲਜ ਤੱਕ ਅਧਿਆਪਨ ਦਾ ਕੰਮ ਕੀਤਾ ਹੈ, ਪਰ ਜੋ ਅਨੁਭਵ ਉਹਨਾਂ ਚੜ•ਦੀ ਜਵਾਨੀ 'ਚ ਕਿਰਤ ਕਰਦਿਆਂ ਹਾਸਲ ਕੀਤੇ ਹਨ ਉਹ ਕਿਤੋਂ ਹੋਰ ਹਾਸਲ ਨਹੀਂ ਹੋ ਸਕਦੇ ਸਨ। ਤੇ ਇਹੀ ਅਨੁਭਵ ਮੇਰੀ ਸਾਹਿਤ ਸਿਰਜਣਾ ਲਈ ਆਧਾਰ ਬਣੇ ਹਨ। ਉਹਨਾਂ ਆਮ ਕਿਰਤੀ ਲੋਕਾਈ ਦੀਆਂ ਸੋਚਾਂ ਉਮੰਗਾਂ ਤੇ ਅਨੁਭਵਾਂ ਨੂੰ ਹਮੇਸ਼ਾਂ ਮਹੱਤਵ ਦਿੱਤਾ ਤੇ ਲੋਕ-ਸਿਆਣਪ ਦੇ ਕਾਇਲ ਰਹੇ। ਉਹਨਾਂ ਹਮੇਸ਼ਾਂ ਸਾਹਿਤ ਸਿਰਜਣਾ ਤੇ ਆਮ ਲੋਕਾਂ ਦੇ ਅਨੁਭਵਾਂ ਦੇ ਗੂੜੇ ਰਿਸ਼ਤੇ ਦੀ ਗੱਲ ਕੀਤੀ ਤੇ ਸਾਹਿਤ ਦੇ ਜ਼ਿੰਦਗੀ ਨਾਲ ਰਿਸ਼ਤੇ ਦੇ ਮਹੱਤਵ ਨੂੰ ਦਰਸਾਇਆ।ਉਹਨਾਂ ਦੇ ਨਾਵਲਾਂ 'ਚ ਕਿਰਤੀ ਜ਼ਿੰਦਗੀ ਬਾਰੇ ਅਜਿਹੀ ਅਮੀਰ ਤੇ ਭਰਪੂਰ ਸਮਗਰੀ ਮੌਜੂਦ ਹੈ ਜਿਨ੍ਹਾਂ ਦੀ ਵਰਤੋਂ ਅਜਮੇਰ ਔਲਖ ਵਰਗੇ ਲੋਕ ਨਾਟਕਕਾਰਾਂ ਨੇ ਆਪਣੇ ਨਾਟਕਾਂ 'ਚ ਕੀਤੀ ਤੇ ਇਹ ਪਿੰਡਾਂ ਦੀਆਂ ਸੱਥਾਂ 'ਚ ਜਾ ਪਹੁੰਚੀ।
ਉਹਨਾਂ ਕਿਹਾ ਕਿ ਅਜਿਹੇ ਲੇਖਕ ਦੀ ਸਾਹਿਤਕ ਘਾਲਣਾ ਨੁੰ ਸਿਜਦਾ ਕਰਨ ਲਈ ਜਨਮ ਦਿਹਾੜਾ ਮਨਾਉਣ ਬਾਰੇ ਬਕਾਇਦਾ ਰੂਪ-ਰੇਖਾ ਆਉਂਦੇ ਦਿਨਾਂ ’ਚ ਵਿਉਂਤੀ ਜਾਵੇਗੀ। ਜਿਸ ਦੌਰਾਨ ਹੋਰਨਾਂ ਲੋਕ ਪੱਖੀ ਜਥੇਬੰਦੀਆਂ, ਸਾਹਿਤਕ ਸ਼ਖਸੀਅਤਾਂ 'ਤੇ ਪਲੇਟਫਾਰਮਾਂ ਨਾਲ ਵਿਚਾਰ ਵਟਾਂਦਰੇ ਰਾਹੀਂ ਇਸਨੂੰ ਠੋਸ ਰੂਪ ਦਿੱਤਾ ਜਾਵੇਗਾ। ਸਲਾਮ ਕਾਫ਼ਲੇ ਵੱਲੋਂ ਪਹਿਲਾਂ ਵੀ ਉੱਘੇ ਨਾਟਕਕਾਰਾਂ ਤੇ ਸਾਹਿਤਕਾਰਾਂ ਦੀ ਘਾਲਣਾ ਦਾ ਮਹੱਤਵ ਉਘਾੜਨ ਲਈ ਯਤਨ ਜੁਟਾਏ ਜਾਂਦੇ ਰਹੇ ਹਨ। ਉਹਨਾਂ ਸਭਨਾਂ ਲੋਕ ਪੱਖੀ ਹਿੱਸਿਆਂ ਨੂੰ ਸੱਦਾ ਦਿੱਤਾ ਕਿ ਅਜੇ ਯਤਨਾਂ ਚ ਹਿੱਸਾ ਪਾਈ ਲਈ ਅੱਗੇ ਆਉਣ।