ਕਿਰਤੀਆਂ ਦੇ ਦਰਦੀ ਗੁਰਦਿਆਲ ਸਿੰਘ ਦੀ ਸਾਹਿਤਕ ਘਾਲਣਾ ਨੂੰ ਸਲਾਮ
Posted on:- 18-08-2016
ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲੇ ਨੇ ਉੱਘੇ ਸਾਹਿਤਕਾਰ ਗੁਰਦਿਆਲ ਸਿੰਘ ਦੇ ਵਿਛੋੜੇ 'ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ ਤੇ ਸਭਨਾਂ ਲੋਕ ਪੱਖੀ ਜਨਤਕ ਜਮਹੂਰੀ ਜਥੇਬੰਦੀਆਂ ਅਤੇ ਲੋਕ ਪੱਖੀ ਸਾਹਿਤਕਾਰਾਂ-ਕਲਾਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ 18 ਅਗਸਤ ਨੂੰ ਜੈਤੋ 'ਚ ਉਹਨਾਂ ਦੇ ਸੰਸਕਾਰ ਮੌਕੇ ਪੁੱਜਣ। ਸਲਾਮ ਕਾਫ਼ਲੇ ਵੱਲੋਂ ਬਿਆਨ ਜਾਰੀ ਕਰਦਿਆਂ ਕਨਵੀਨਰ ਜਸਪਾਲ ਜੱਸੀ ਤੇ ਕਾਫ਼ਲਾ ਟੀਮ ਮੈਂਬਰ ਪਾਵੇਲ ਕੁੱਸਾ ਨੇ ਕਿਹਾ ਕਿ ਪੰਜਾਬੀ ਸਾਹਿਤ ਜਗਤ ਦੀ ਲੋਕ ਪੱਖੀ ਧਾਰਾ ਲਈ ਗੁਰਦਿਆਲ ਸਿੰਘ ਦਾ ਵਿਗੋਚਾ ਚਿਰਾਂ ਤੱਕ ਮਹਿਸੂਸ ਹੋਵੇਗਾ ਕਿਉਂਕਿ ਉਹ ਲੋਕ ਪੱਖੀ ਸਾਹਿਤ ਧਾਰਾ ਦੇ ਵੱਡੇ ਥੰਮ ਸਨ। ਉਹ ਦੱਬੇ ਕੁਚਲੇ ਲੋਕਾਂ ਤੇ ਕਿਰਤੀ ਕਾਮਿਆਂ ਦੇ ਸਾਹਿਤਕਾਰ ਸਨ ਤੇ ਇਹਨਾਂ ਲੋਕਾਂ ਦਾ ਜੀਵਨ ਹੀ ਉਹਨਾਂ ਦੀ ਸਾਹਿਤ ਰਚਨਾ ਤੇ ਸਰਗਰਮੀ ਦਾ ਧੁਰਾ ਰਿਹਾ। ਜੋਕਾਂ ਤੇ ਲੋਕਾਂ ਦੀ ਵੰਡ ਵਾਲੇ ਜਮਾਤੀ ਸਮਾਜ 'ਚ ਉਹ ਲੋਕਾਂ ਦੇ ਪੱਖ 'ਚ ਵਗਦੀ ਧਾਰਾ ਦੇ ਮੋਢੀ ਸਾਹਿਤਕਾਰਾਂ 'ਚ ਸ਼ੁਮਾਰ ਸਨ।
ਪੰਜਾਬੀ ਸਾਹਿਤ ਦੀ ਲੋਕ ਪੱਖੀ ਵਿਰਾਸਤ ਨੂੰ ਅੱਗੇ ਤੋਰਦਿਆਂ ਉਹਨਾਂ ਪੰਜਾਬੀ ਨਾਵਲ ਨੂੰ ਨਵੀਆਂ ਬੁਲੰਦੀਆਂ 'ਤੇ ਪਹੁੰਚਾਇਆ। ਉਹਨਾਂ ਦੇ ਨਾਵਲਾਂ 'ਚ ਕਿਰਤੀਆਂ ਦੀ ਜ਼ਿੰਦਗੀ ਦਾ ਯਥਾਰਥ ਬਹੁਤ ਖੂਬਸੂਰਤੀ ਨਾਲ ਇਉਂ ਪੇਸ਼ ਹੋਇਆ ਕਿ ਉਹਨਾਂ ਦੇ ਨਾਵਲਾਂ ਦੇ ਨਾਇਕ ਜਗਸੀਰ ਤੇ ਬਿਸ਼ਨੇ ਵਰਗੇ ਪੰਜਾਬੀ ਸਾਹਿਤ ਜਗਤ ਦੇ ਮਕਬੂਲ ਪਾਤਰ ਬਣ ਗਏ। ਉਹਨਾਂ ਦਾ ਸਾਹਿਤਕ ਵਿਰਸਾ ਤੇ ਘਾਲਣਾ ਪੰਜਾਬ ਦੇ ਲੋਕਾਂ ਲਈ ਬਹੁਤ ਮੁੱਲਵਾਨ ਹੈ। ਪੰਜਾਬੀ ਨਾਵਲ ਦੇ ਖੇਤਰ 'ਚ ਉਹਨਾਂ ਦੀਆਂ ਪਾਈਆਂ ਪੈੜਾਂ ਅਮਿੱਟ ਹਨ। ਪੰਜਾਬ ਦੇ ਕਿਰਤੀ ਜੀਵਨ ਦੀ ਹਕੀਕਤ ਨੂੰ ਚਿਤਰਣ 'ਚ ਕੋਈ ਨਾਵਲਕਾਰ ਉਹਨਾਂ ਦਾ ਸਾਨੀ ਨਹੀਂ। ਏਸੇ ਲਈ ਪੰਜਾਬੀ ਨਾਵਲ ਦੇ ਖੇਤਰ 'ਚ ਪਏ ਇਸ ਵੱਡੇ ਖਲਾਅ ਨੂੰ ਪੂਰਨ 'ਚ ਅਜੇ ਸਮਾਂ ਲੱਗੇਗਾ।ਪੰਜਾਬ ਦੇ ਕਿਰਤੀਆਂ ਦੇ ਜੀਵਨ ਬਾਰੇ ਡੂੰਘੀ ਪਕੜ ਦਾ ਆਧਾਰ ਉਹਨਾਂ ਦਾ ਅਜਿਹੇ ਜੀਵਨ ਬਾਰੇ ਸਿੱਧਾ ਅਨੁਭਵ ਸੀ। ਉਹ ਕਿਹਾ ਕਰਦੇ ਸਨ ਕਿ ਭਾਵੇਂ ਉਹਨਾਂ ਹਜ਼ਾਰਾਂ ਕਿਤਾਬਾਂ ਪੜੀਆਂ ਹਨ ਤੇ ਪ੍ਰਾਇਮਰੀ ਸਕੂਲ ਤੋਂ ਲੈ ਕੇ ਕਾਲਜ ਤੱਕ ਅਧਿਆਪਨ ਦਾ ਕੰਮ ਕੀਤਾ ਹੈ, ਪਰ ਜੋ ਅਨੁਭਵ ਉਹਨਾਂ ਚੜਦੀ ਜਵਾਨੀ 'ਚ ਕਿਰਤ ਕਰਦਿਆਂ ਹਾਸਲ ਕੀਤੇ ਹਨ ਉਹ ਕਿਤੋਂ ਹੋਰ ਹਾਸਲ ਨਹੀਂ ਹੋ ਸਕਦੇ ਸਨ। ਤੇ ਇਹੀ ਅਨੁਭਵ ਮੇਰੀ ਸਾਹਿਤ ਸਿਰਜਣਾ ਲਈ ਆਧਾਰ ਬਣੇ ਹਨ। ਉਹਨਾਂ ਆਮ ਕਿਰਤੀ ਲੋਕਾਈ ਦੀਆਂ ਸੋਚਾਂ ਉਮੰਗਾਂ ਤੇ ਅਨੁਭਵਾਂ ਨੂੰ ਹਮੇਸ਼ਾਂ ਮਹੱਤਵ ਦਿੱਤਾ ਤੇ ਲੋਕ-ਸਿਆਣਪ ਦੇ ਕਾਇਲ ਰਹੇ। ਉਹਨਾਂ ਹਮੇਸ਼ਾਂ ਸਾਹਿਤ ਸਿਰਜਣਾ ਤੇ ਆਮ ਲੋਕਾਂ ਦੇ ਅਨੁਭਵਾਂ ਦੇ ਗੂੜੇ ਰਿਸ਼ਤੇ ਦੀ ਗੱਲ ਕੀਤੀ ਤੇ ਸਾਹਿਤ ਦੇ ਜ਼ਿੰਦਗੀ ਨਾਲ ਰਿਸ਼ਤੇ ਦੇ ਮਹੱਤਵ ਨੂੰ ਦਰਸਾਇਆ।ਉਹਨਾਂ ਦੇ ਨਾਵਲਾਂ 'ਚ ਕਿਰਤੀ ਜ਼ਿੰਦਗੀ ਬਾਰੇ ਅਜਿਹੀ ਅਮੀਰ ਤੇ ਭਰਪੂਰ ਸਮੱਗਰੀ ਮੌਜੂਦ ਹੈ ਜਿਨ੍ਹਾਂ ਦੀ ਵਰਤੋਂ ਅਜਮੇਰ ਔਲਖ ਵਰਗੇ ਲੋਕ ਨਾਟਕਕਾਰਾਂ ਨੇ ਆਪਣੇ ਨਾਟਕਾਂ 'ਚ ਕੀਤੀ ਤੇ ਇਹ ਪਿੰਡਾਂ ਦੀਆਂ ਸੱਥਾਂ 'ਚ ਜਾ ਪਹੁੰਚੀ।ਸ਼ੁਰੂ ਦੇ ਸਮੇਂ 'ਚ ਭਾਰਤ ਦੇ ਲੋਕਾਂ ਵੱਲੋਂ ਅੰਗਰੇਜ਼ ਬਸਤੀਵਾਦੀਆਂ ਖਿਲਾਫ਼ ਲੜੇ ਗਏ ਮੁਕਤੀ ਸੰਗਰਾਮ ਦੀਆਂ ਝਲਕਾਂ ਦੀ ਉਹਨਾਂ ਦੀਆਂ ਸਾਹਿਤਕ ਕਿਰਤਾਂ ਦਾ ਅੰਗ ਬਣੀਆਂ। ਜ਼ਿੰਦਗੀ ਭਰ ਉਹ ਵੱਖ ਵੱਖ ਮੋੜਾਂ ਮੌਕੇ ਹਮੇਸ਼ਾਂ ਲੋਕਾਂ ਦੇ ਪੱਖ 'ਚ ਖੜਦੇ ਰਹੇ। ਖਾਸ ਕਰ 80 ਵਿਆਂ ਦੇ ਦਹਾਕੇ 'ਚ ਫਿਰਕਾਪ੍ਰਸਤੀ ਤੇ ਹਕੂਮਤੀ ਜਾਬਰ ਹੱਲੇ ਦੇ ਦੌਰ 'ਚ ਉਹ ਲੋਕਾਂ ਨਾਲ ਖੜੇ ਤੇ ਹਰ ਤਰ੍ਹਾਂ ਦੇ ਜਬਰ ਦਾ ਵਿਰੋਧ ਕੀਤਾ। ਸ਼ਹੀਦ ਭਗਤ ਸਿੰਘ ਦੇ 100 ਸਾਲਾ ਜਨਮ ਦਿਹਾੜੇ ਮੌਕੇ ਲੋਕਾਂ ਦੀ ਧਿਰ ਵੱਲੋਂ ਚੱਲੀ ਇਤਿਹਾਸਕ ''ਰਾਜ ਬਦਲੋ—ਸਮਾਜ ਬਦਲੋ'' ਮੁਹਿੰਮ ਤੇ ਸਮਾਗਮ ਦਾ ਸੱਦਾ ਦੇਣ ਵਾਲੀਆਂ ਜਨਤਕ ਸਖਸ਼ੀਅਤਾਂ 'ਚ ਉਹ ਵੀ ਸ਼ੁਮਾਰ ਸਨ। ਲਗਭਗ ਡੇਢ ਦੋ ਦਹਾਕੇ ਪਹਿਲਾਂ ਬਾਦਲ ਹਕੂਮਤ ਵੱਲੋਂ ਪਹਿਲੀ ਜਮਾਤ ਤੋਂ ਅੰਗਰੇਜ਼ੀ ਲਾਗੂ ਕਰਨ ਦੇ ਸਾਮਰਾਜੀ ਚਾਕਰੀ ਵਾਲੇ ਫੁਰਮਾਨਾਂ ਦਾ ਉਹਨਾਂ ਡਟਵਾਂ ਵਿਰੋਧ ਕੀਤਾ ਤੇ ਇਹਨਾਂ ਖਿਲਾਫ਼ ਸਿੱਖਿਆ ਸ਼ਾਸਤਰੀਆਂ ਅਤੇ ਭਾਸ਼ਾ ਵਿਗਿਆਨੀਆਂ ਦੇ ਵਿਗਿਆਨਕ ਨੁਕਤਾ ਨਜ਼ਰ ਤੋਂ ਵਿਚਾਰਾਂ ਦਾ ਛਿੱਟਾ ਦਿੱਤਾ। ਹਾਕਮ ਜਮਾਤੀ ਪ੍ਰਚਾਰ ਸਾਧਨਾਂ ਵੱਲੋਂ ਵਿਕਾਊ ਕਲਾ ਪਰੋਸਣ ਦੇ ਦੌਰ 'ਚ ਆਮ ਲੋਕਾਂ ਦੀਆਂ ਦੁਸ਼ਵਾਰੀਆਂ ਦੇ ਮੁੱਦੇ ਜਦੋਂ ਲਾਂਭੇ ਕਰ ਦਿੱਤੇ ਗਏ ਹਨ ਤਾਂ ਅਜਿਹੇ ਸਮੇਂ ਗੁਰਦਿਆਲ ਸਿੰਘ ਵਰਗੇ ਸਾਹਿਤਕਾਰਾਂ ਦੀ ਹੋਰ ਵਧੇਰੇ ਜ਼ਰੂਰਤ ਹੈ।ਆਗੂਆਂ ਨੇ ਕਿਹਾ ਪੰਜਾਬ ਦੇ ਕਿਰਤੀਆਂ ਕੋਲੋਂ ਉਹਨਾਂ ਦੇ ਦੁੱਖਾਂ-ਸੁੱਖਾਂ ਦਾ ਸੂਖਮਤਾ ਨਾਲ ਚਿਤਰਨ ਕਰਨ ਵਾਲਾ ਵੱਡਾ ਸਾਹਿਤਕਾਰ ਖੁੱਸ ਗਿਆ ਹੈ। ਪਰ ਉਸਦੀ ਵਿਰਾਸਤ ਨੂੰ ਬੁਲੰਦ ਕਰਕੇ ਤੇ ਉਸਦੀਆਂ ਪੈੜਾਂ ਤੇ ਕਦਮ ਟਿਕਾਕੇ ਪੰਜਾਬੀ ਸਾਹਿਤਕਾਰ ਅਗਲਾ ਸਫ਼ਰ ਤੈਅ ਕਰ ਸਕਦੇ ਹਨ। ਉਹਨਾਂ ਕਿਹਾ ਕਿ ਸਲਾਮ ਕਾਫ਼ਲੇ ਦੇ ਕਾਰਕੁੰਨ ਗੁਰਦਿਆਲ ਸਿੰਘ ਨੂੰ ਅੰਤਮ ਵਿਦਾਇਗੀ ਦੇਣ ਅਤੇ ਉਹਨਾਂ ਦੀ ਸਾਹਿਤਕ ਦੇਣ ਨੂੰ ਸਲਾਮ ਕਰਨ ਲਈ ਕੱਲ੍ਹ ਨੂੰ ਜੈਤੋ ਪੁੱਜਣਗੇ।ਜਾਰੀ ਕਰਤਾ —
ਜਸਪਾਲ ਜੱਸੀ, ਕਨਵੀਨਰ
ਪਾਵੇਲ ਕੁੱਸਾ, ਟੀਮ ਮੈਂਬਰ
ਸੰਪਰਕ +91 94170 54015