ਸ਼ਹੀਦ ਬੀਬੀ ਕਿਰਨਜੀਤ ਕੌਰ ਦਾ ਸ਼ਰਧਾਂਜਲੀ ਸਮਾਗਮ 12 ਅਗਸਤ ਨੂੰ
Posted on:- 06-08-2016
ਮਹਿਲਕਲਾਂ : ਸ਼ਹੀਦ ਬੀਬੀ ਕਿਰਨਜੀਤ ਕੌਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਮਹਿਲਕਲਾਂ ਦਾ ਦਾ ਨਾਮ ਗੇਟ ਉੱਪਰ ਲਿਖਣ ਦਾ ਅਮਲ ਮੁਕੰਮਲ ਹੋ ਗਿਆ।ਇਸ ਸਬੰਧੀ ਲੋੜੀਂਦਾ ਹੁਕਮ ਸਿੱਖਿਆ ਵਿਭਾਗ ਵੱਲੋਂ 28 ਜੁਲਾਈ ਨੂੰ ਜਾਰੀ ਕਰ ਦਿੱਤਾ ਗਿਆ ਸੀ। ਯਾਦ ਰਹੇ ਕਿ ਮੁੱਖ ਮੰਤਰੀ ਪੰਜਾਬ ਸ.ਪ੍ਰਕਾਸ਼ ਸਿੰਘ ਬਾਦਲ ਵੱਲੋਂ 19 ਸਤੰਬਰ 1997 ਨੂੰ ਸ਼ਹੀਦ ਕਿਰਨਜੀਤ ਕੌਰ ਦੇ ਪਿਤਾ ਮਾ.ਦਰਸ਼ਨ ਸਿੰਘ ਦੇ ਘਰ ਆਉਣ ਸਮੇਂ ਸਥਾਨਕ ਸਰਕਾਰੀ ਸਕੂਲ ਦਾ ਨਾਲ ਸ਼ਹੀਦ ਬੀਬੀ ਕਿਰਨਜੀਤ ਕੌਰ ਦੇ ਨਾਂ ਤੇ ਰੱਖਣ ਦਾ ਐਲਾਨ ਕੀਤਾ ਸੀ।ਇਹ ਹੁਕਮ ਤੁਰੰਤ ਬਾਅਦ ਅਮਲ‘ਚ ਆ ਗਿਆ ਸੀ।ਇਹ ਮਹਿਜ ਸਕੂਲ ਦਾ ਨਾਮ ਨਹੀਂ ਸਗੋਂ ਲੋਕ ਤਾਕਤ ਦੇ ਸ਼ਾਨਾਮੱਤੇ ਸੰਘਰਸ਼ ਦੀ ਅਹਿਮ ਪ੍ਰਾਪਤੀ ਸੀ।
ਇਸ ਲੋਕ ਸੰਘਰਸ਼ ਦੀ ਪ੍ਰਾਪਤੀ ਨੂੰ ਮਿਟਾਉਣ ਲਈ ਕਿਰਨਜੀਤ ਕੌਰ ਦਾ ਕਾਤਣੀ ਲਾਣਾ ਸਜਾ ਪੁਰੀ ਕਰਨ ਤੋਂ ਬਾਅਦ ਸਰਗਰਮ ਹੋ ਗਿਆ ਸੀ।ਤਕਨੀਕੀ ਕਮਜੋਰੀ ਦਾ ਲਾਹਾ ਲੈਂਦਿਆਂ ਮੁੱਖ ਮੰਤਰੀ ਪੰਜਾਬ ਵੱਲੋਂ ਰੱਖੇ ਨਾਮ ਨੂੰ ਬਦਲਾਉਣ ਦੀ ਸਾਜਿਸ਼ ਰਚ ਲਈ ਸੀ। ਉਸੇ ਸਮੇਂ ਤੋਂ ਪੂਰੇ ਪੰਜਾਬ ਦੇ ਜਮਹੂਰਅਤ ਪਸੰਦ ਲੋਕਾਂ ਅੰਦਰ ਗੁੱਸੇ ਦੀ ਲਹਿਰ ਫੈਲ ਗਈ ਸੀ।ਐਕਸ਼ਨ ਕਮੇਟੀ ਲਗਾਤਾਰ ਮੁੱਖ ਮੰਤਰੀ ਪੰਜਾਬ ਨੂੰ ਉਨ੍ਹਾਂ ਵੱਲੋਂ ਕੀਤੇ ਐਲਾਨ ਨੂੰ ਅਮਲ ‘ਚ ਲਿਆਕੇ ਸਕੂਲ ਨਾਮ ਦੀ ਅਸਲ ਸਥਿਤੀ ਬਹਾਲ ਕਰਨ ਦੀ ਮੰਗ ਕਰਦੀ ਆ ਰਹੀ ਸੀ।21 ਜੁਲਾਈ ਮੁੱਖ ਮੰਤਰੀ ਪੰਜਾਬ ਦੇ ਮਹਿਲਕਲਾਂ ਦੌਰੇ ਸਮੇਂ ਵੀ ਐਕਸ਼ਨ ਕਮੇਟੀ ਵੱਲੋਂ ਇਹ ਮੰਗ ਬਹੁਤ ਜ਼ੋਰਦਾਰ ਢੰਗ ਨਾਲ ਉਠਾਈ ਗਈ ਸੀ।ਜਿਸ ਉੱਪਰ ਵਫਦ ਦੀ ਗੱਲ ਪੂਰੇ ਧਿਆਨ ਨਾਲ ਸੁਨਣ ਤੋਂ ਬਾਅਦ ਅਗਲੇ ਹੀ ਦਿਨ ਚੰਡੀਗੜ੍ਹ ਵਾਪਸ ਪਰਤ ਕੇ ਸਭ ਤੋਂ ਪਹਿਲਾਂ ਸਕੂਲ ਫਾਈਲ ਉੱਪਰ ਦਸਤਖਤ ਕਰਨ ਦਾ ਐਲਾਨ ਕੀਤਾ ਸੀ।ਐਕਸ਼ਨ ਕਮੇਟੀ ਮਹਿਲਕਲ਼ਾਂ ਨੇ 31 ਜੁਲਾਈ ਤੱਕ ਦਾ ਪ੍ਰਸ਼ਾਸ਼ਨ ਨੂੰ ਬਕਾਇਦਾ ਸਮਾਂ ਦਿੱਤਾ ਸੀ।ਪ੍ਰੈੱਸ ਨੇ ਵੀ ਬਕਾਇਦਾ ਇਸ ਮਸਲੇ ਦੀ ਮਹੱਤਤਾ ਨੂੰ ਸਮਝਦਿਆਂ ਬਣਦੀ ਅਹਿਮੀਅਤ ਦਿੱਤੀ ਸੀ।ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਐਕਸ਼ਨ ਕਮੇਟੀ ਦੇ ਕਨਵੀਨਰ ਗੁਰਬਿੰਦਰ ਸਿੰਘ ਕਲਾਲਾ ਹਰਚਰਨ ਚੰਨਾ ਮਲਕੀਤ ਵਜੀਦਕੇ ਨਿਹਾਲ ਸਿੰਘ ਮਾ.ਦਰਸ਼ਨ ਸਿੰਘ ਚਮਕੌਰ ਸਿੰਘ ਸਹਿਜੜਾ ਨੇ ਸ਼ਾਨਾਮੱਤੇ ਇਤਿਹਾਸ ਦੀ ਅਸਲ ਸਥਿਤੀ ਬਹਾਲ ਹੋਣ ਨੂੰ ਲੋਕ ਇਤਿਹਾਸ ਦੇ ਕਿਲੇ ਦੇ ਸਿਰਜਕ ਅਣਖੀ ਲੋਕਾਂ ਸਮੇਤ ਪ੍ਰੈੱਸ ਨੂੰ ਸੰਗਰਾਮੀ ਮੁਬਾਰਕਬਾਦ ਦਿੰਦਿਆਂ 12 ਅਗਸਤ ਨੂੰ ਸ਼ਹੀਦ ਕਿਰਨਜੀਤ ਕੌਰ ਮਹਿਲਕਲਾਂ ਦੇ 19 ਵੇਂ ਸਰਧਾਂਜਲੀ ਸਮਾਗਮ ਵਿੱਚ ਵੱਡੀ ਗਿਣਤੀ‘ਚ ਕਾਫਲੇ ਬੰਨ੍ਹਕੇ ਪੁੱਜਣ ਦੀ ਅਪੀਲ ਕੀਤੀ।ਐਕਸਨ ਕਮੇਟੀ ਨੇ ਲੋਕਾਂ ਦੀ ਹੱਕੀ ਅਤੇ ਜਾਇਜ਼ ਮੰਗ ਨੂੰ ਪ੍ਰਵਾਨ ਕਰਨ ਲਈ ਮੁੱਖ ਮੰਤਰੀ ਪੰਜਾਬ ਅਤੇ ਪ੍ਰਸ਼ਾਸ਼ਨਕ ਅਧਿਕਾਰੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।-ਗੁਰਬਿੰਦਰ ਸਿੰਘ