ਕਿਸਾਨਾਂ ਨੇ ਮੱਕੀ ਛੱਡ ਝੋਨਾ ਬੀਜਣ ਨੂੰ ਦਿੱਤੀ ਤਰਜੀਹ
Posted on:- 05-08-2016
- ਸ਼ਿਵ ਕੁਮਾਰ ਬਾਵਾ
ਮਾਹਿਲਪੁਰ: ਪਾਣੀ ਦਾ ਪੱਧਰ ਧਰਤ ਹੇਠ ਧੱਸ ਜਾਣ ਕਾਰਨ ਕਿਸਾਨਾਂ ਦਾ ਰੁਝਾਨ ਫਿਰ ਵੀ ਝੋਨੇ ਨੂੰ ਦੀ ਫਸਲ ਵੱਲ ਨੂੰ ਮੁੜ ਆਇਆ ਹੈ। ਪੰਜਾਬ ਖਾਸਕਰ ਦੁਆਬੇ ਅੰਦਰ ਸਰਕਾਰ ਅਤੇ ਖੇਤੀਬਾੜੀ ਵਿਭਾਗ ਦੇ ਹੁਕਮਾਂ ਮੁਤਾਬਿਕ ਮੱਕੀ ਦੀ ਫਸਲ ਬੀਜਣ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ ਗਈ ਸੀ ਪ੍ਰੰਤੂ ਵਿਭਾਗ ਦੇ ਹੁਕਮਾਂ ਦੀ ਕਿਸਾਨਾਂ ਵਲੋਂ ਕੋਈ ਵੀ ਪ੍ਰਵਾਹ ਨਹੀਂ ਕੀਤੀ ਗਈ। ਖੇਤੀਬਾੜੀ ਵਿਭਾਗ ਬਰਸਾਤ ਦਾ ਮੌਸਮ ਹੋਣ ਕਾਰਨ ਕਿਸਾਨਾਂ ਨੂੰ ਮੱਕੀ ਦੀ ਫਸਲ ਬੀਜਣ ਲਈ ਕਹਿ ਰਿਹਾ ਸੀ ਪ੍ਰੰਤੂ ਕਿਸੇ ਵੀ ਕਿਸਾਨ ਨੇ ਮੱਕੀ ਦੀ ਬਜਾਏ ਝੋਨਾ ਬੀਜਣ ਨੂੰ ਹੀ ਤਰਜੀਹ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿਚ ਪਾਣੀ ਦਾ ਪੱਧਰ ਨੀਂਵਾ ਜਾਣ ਕਾਰਨ ਵਿਭਾਗ ਵਲੋਂ ਪੰਜਾਬ ਦੇ ਕਿਸਾਨਾਂ ਨੂੰ ਮੱਕੀ ਦੀ ਫਸਲ ਬੀਜਣ ਲਈ ਪ੍ਰੇਰਤ ਕੀਤਾ ਜਾ ਰਿਹਾ ਸੀ ਜਿਸਦਾ ਕੋਈ ਵੀ ਸਾਰਥਿਕ ਨਤੀਜਾ ਨਹੀਂ ਨਿਕਲਿਆ।
ਇਸੇ ਕਾਰਨ ਸਾਲ 2014 ਵਿੱਚ ਬਰਸਾਤ ਦੇ ਮੌਸਮ ਦੌਰਾਨ ਕਿਸਾਨਾਂ ਨੂੰ ਮੱਕੀ ਦਾ ਬੀਜ ਸਬਸਿਡੀ ’ ਤੇ ਅੱਧੀ ਕੀਮਤ ਤੇ ਦਿੱਤਾ ਗਿਆ ਸੀ ਪ੍ਰੰਤੂ ਕਿਸੇ ਵੀ ਕਿਸਾਨ ਨੇ ਮੱਕੀ ਨੂੰ ਛੱਡ ਝੋਨੇ ਦੀ ਫਸਲ ਬੀਜਣ ਨੂੰ ਹੀ ਤਰਜੀਹ ਦਿੱਤੀ। 2014 ਵਿਚ ਪੰਜਾਬ ਸਰਕਾਰ ਅਤੇ ਵਿਭਾਗ ਵਲੋਂ ਸਮੂਹ ਖੇਤੀਬਾੜੀ ਵਿਭਾਗ ਵਲੋਂ ਸਾਰੇ ਦਫਤਰਾਂ ਵਿਚ 273 ਟਨ ਮੱਕੀ ਬੀਜ ਵੰਡਿਆ ਅਤੇ ਬੀਜ਼ਿਆ ਗਿਆ। 2015 ਵਿਚ ਕਿਸਾਨ ਮੱਕੀ ਬੀਜਣ ਤੋਂ ਕੰਨੀ ਕਤਰਾਉਣ ਲੱਗ ਪਏ । ਇਸ ਸਾਲ ਕਿਸਾਨਾਂ ਨੇ ਸਿਰਫ 170 ਟਨ ਮੱਕੀ ਦਾ ਬੀਜ ਵੰਡਿਆ ਜੋ ਪਿੱਛਲੇ ਸਾਲ ਨਾਲੋਂ ਅੱਧ ਤੋਂ ਵੀ ਘੱਟ ਗਿਆ।
ਸਰਕਾਰ ਅਤੇ ਖੇਤੀਬਾੜੀ ਵਿਭਾਗ ਵਲੋਂ ਮੱਕੀ ਦੀ ਫਸਲ ਨੂੰ ਉਤਸ਼ਾਹਿਤ ਕਰਨ ਲਈ ਬੜਾ ਜੋਰ ਲਾਇਆ ਪ੍ਰੰਤੂ ਫਿਰ ਵੀ ਕਿਸਾਨ ਝੋਨੇ ਦੀ ਫਸਲ ਨੂੰ ਤਰਜੀਹ ਦੇ ਰਹੇ ਹਨ। ਕਿਸਾਨਾਂ ਨੇ ਦੱਸਿਆ ਕਿ ਸਰਕਾਰ ਪਾਣੀ ਦੀ ਕਿਲਤ ਕਾਰਨ ਪ੍ਰੇਸ਼ਾਨ ਹੈ ਪ੍ਰੰਤੂ ਮੱਕੀ ਦੀ ਫਸਲ ਦਾ ਰੇਟ ਬਹੁਤ ਘੱਟ ਹੁੰਦਾ ਹੈ ਜੋ ਕਿਸਾਨ ਲਈ ਬੜੀ ਮੁਸੀਬਤ ਬਣਦਾ ਰਿਹਾ ਹੈ। ਦੂਸਰੇ ਪਾਸੇ ਝੋਨੇ ਦੀ ਫਸਲ ਦਾ ਰੇਟ ਸਰਕਾਰ ਤਹਿ ਕਰਦੀ ਹੈ ਅਤੇ ਅਸਾਨੀ ਨਾਲ ਵਿਕ ਜਾਂਦੀ ਹੈ।
ਕਿਸਾਨ ਗੁਰਵਿੰਦਰ ਸਿੰਘ ਪੰਡੋਰੀ, ਰਣਧੀਰ ਸਿੰਘ ਕੰਡਿਆਣਾ, ਅਮਰਜੀਤ ਸਿੰਘ ਨੈਨੋਵਾਲ, ਪਰਮਿੰਦਰ ਸਿੰਘ ਅਜੜਾਮ, ਆਦਿ ਕਿਸਾਨਾਂ ਨੇ ਦੱਸਿਆ ਕਿ ਮੱਕੀ ਦੇ ਬੀਜ ਦੀ ਸਰਕਾਰ ਜੇਕਰ ਸਬਸਿਡੀ ਪਿੱਛਲੇ ਸਾਲ ਦੀ ਤਰ੍ਹਾਂ ਕਿਸਾਨਾਂ ਨੂੰ ਸਿੱਧੀ ਦਿੰਦੀ ਤਾਂ ਕਿਸਾਨ ਇਸ ਵਾਰ ਵੀ ਮੱਕੀ ਦੀ ਫਸਲ ਜ਼ਰੂਰ ਲਗਾਉਂਦੇ। ਉਹਨਾਂ ਦੱਸਿਆ ਕਿ ਕਿਸਾਨਾਂ ਨੂੰ ਇਸ ਵਾਰ ਮੌਸਮ ਵਿਭਾਗ ਦੀ ਸੂਚਨਾ ਕਾਰਨ ਚੰਗੀ ਬਾਰਸ਼ ਪੈਣ ਕਾਰਨ ਵੀ ਝੋਨੇ ਦੀ ਫਸਲ ਬੀਜਣ ਨੂੰ ਤਰਜੀਹ ਦਿੱਤੀ ਗਈ। ਖੇਤੀਬਾੜੀ ਵਿਭਾਗ ਦੀ ਕਿਸਾਨਾਂ ਨੂੰ ਮੱਕੀ ਬੀਜਣ ਲਈ ਪ੍ਰੇਰਤ ਕਰਨ ਤੇ ਲੱਖਾਂ ਰੁਪਏ ਖਰਚ ਕੀਤੇ ਗਏ ਪ੍ਰੰਤੂ ਉਹ ਵਿਭਾਗ ਦੇ ਸੁਸਤ ਅਧਿਕਾਰੀਆਂ ਦੀ ਢਿੱਲੀ ਕਾਰੁਜ਼ਗਾਰੀ ਕਾਰਨ ਬੇਅਰਥ ਸਾਬਤ ਹੋ ਗਏ।