ਅੰਤਰਜਾਤੀ ਵਿਆਹ ਕਰਵਾਉਣ ਵਾਲ਼ੇ ਜੋੜਿਆਂ ਦਾ ਸਨਮਾਨ ਸਮਾਗਮ
Posted on:- 08-05-2016
ਜਾਤੀਵਾਦ ਦਾ ਕੋਹੜ ਅੱਜ ਵੀ ਸਾਡੇ ਸਮਾਜ ਦੇ ਮੱਥੇ ’ਤੇ ਲੱਗੇ ਇੱਕ ਕਲੰਕ ਵਾਂਗ ਸਾਨੂੰ ਚਿੜਾਅ ਰਿਹਾ ਹੈ। ਨੀਵੀਂਆਂ ਜਾਤਾਂ ਦੇ ਲੋਕਾਂ ਨੂੰ ਸਾਡੇ ਸਮਾਜ ਵਿੱਚ ਜੋ ਜ਼ਿੱਲਤ ਦੀ ਜ਼ਿੰਦਗੀ ਜਿਉਣੀ ਪੈਂਦੀ ਹੈ ਉਸਦੀ ਤਸਵੀਰ ਬਹੁਤ ਹੀ ਭਿਆਨਕ ਹੈ। ਪੈਰ-ਪੈਰ ’ਤੇ ਉੱਚ ਜਾਤੀਆਂ ਵੱਲੋਂ ਜ਼ਲੀਲ ਕਰਨਾ, ਉਹਨਾਂ ਨੂੰ ਬਰਾਬਰ ਦੇ ਇਨਸਾਨ ਨਾ ਮੰਨਣਾ, ਉਹਨਾਂ ਦੀਆਂ ਰਿਹਾਇਸ਼ਾਂ ਉੱਚ ਜਾਤਾਂ ਦੇ ਲੋਕਾਂ ਤੋਂ ਵੱਖਰੀਆਂ ਹੋਣਾ, ਮਾਰ-ਕੁਟਾਈ, ਖਾਣ-ਪੀਣ ਉਹਨਾਂ ਤੋਂ ਵੱਖਰਾ, ਵਿਆਹਾਂ-ਸ਼ਾਦੀਆਂ ਵਿੱਚ ਉਹਨਾਂ ਦੀ ਸ਼ਮੂਲੀਅਤ ਨਾਂ-ਮਾਤਰ ਹੋਣਾ, ਨੀਵੀਂ ਜਾਤੀ ਦੇ ਇਨਸਾਨ ਨੂੰ ਹੀਣਤਾ ਭਾਵ ਨਾਲ਼ ਦੇਖਣਾ, ਇੱਥੋਂ ਤੱਕ ਕਿ ਸਮਾਜ ਵਿੱਚ ਕੱਢੀਆਂ ਜਾਂਦੀਆਂ ਗਾਲ੍ਹਾਂ ਵਿੱਚ ਜਾਤ-ਸੂਚਕ ਸ਼ਬਦ ਦਾ ਆਮ ਪ੍ਰਚਲਣ ਆਦਿ ਕੁਝ ਚੁਨਿੰਦਾ ਮਿਸਾਲਾਂ ਹਨ ਜੋ ਸਾਡੇ ਸਮਾਜ ਵਿਚਲੀ ਘੋਰ ਜਾਤੀਵਾਦੀ ਮਾਨਸਿਕਤਾ ਨੂੰ ਦਰਸਾਉਂਦੀਆਂ ਹਨ, ਜਿਸ ਕਰਕੇ ਕਿਵੇਂ ਬਹੁ-ਗਿਣਤੀ ਇਨਸਾਨਾਂ ਨੂੰ ਘੁੱਟ-ਘੁੱਟ ਕੇ ਤੇ ਪੈਰ-ਪੈਰ ’ਤੇ ਮਰਕੇ ਜਿਉਂਣਾ ਪੈਂਦਾ ਹੈ।
ਭਾਵੇਂ ਕਿ ਅੱਜ ਭਾਰਤ ਵਿੱਚ ਜਾਤ-ਪਾਤ ਉਸੇ ਪੁਰਾਤਨ ਰੂਪ ਵਿੱਚ ਨਹੀਂ ਹੈ ਸਗੋਂ ਕਾਫ਼ੀ ਹੱਦ ਤੱਕ ਟੁੱਟੀ ਵੀ ਹੈ। ਪਰ ਸੱਭਿਆਚਾਰਕ ਪੱਧਰ ’ਤੇ ਇਸਦੀ ਮੌਜੂਦਗੀ ਹਾਲੇ ਵੀ ਬਹੁਤ ਭਿਅੰਕਰ ਹੈ। ਤੁਅੱਸਬਾਂ ਦੇ ਰੂਪ ਵਿੱਚ ਇਹ ਹਾਲੇ ਵੀ ਬਚੀ ਹੋਈ ਹੈ। ਕਿਉਂਕਿ ਅੱਜ ਵੀ ਜੇਕਰ ਕੋਈ ਨੀਵੀਂ ਜਾਤ ਦਾ ਕੋਈ ਧੀ-ਪੁੱਤ ਕਿਸੇ ਉੱਚੀ ਜਾਤੀ ਦੇ ਕੁੜੀ ਜਾਂ ਮੁੰਡੇ ਨੂੰ ਆਪਣੇ ਜੀਵਨ ਸਾਥੀ ਵਜੋਂ ਚੁਣਨ ਦਾ ਫੈਸਲਾ ਲੈਂਦਾ ਹੈ ਤਾਂ ਸਾਡੇ ਸਮਾਜ ਵਿੱਚ ਉਹਨਾਂ ਨਾਲ਼ ਜੋ ਹੁੰਦਾ ਹੈ ਉਹ ਕਿਸੇ ਤੋਂ ਲੁਕਿਆ ਹੋਇਆ ਨਹੀਂ।
ਬਹੁਤੇ ਕੇਸਾਂ ਵਿੱਚ ਤਾਂ ਅਣਖ ਦੇ ਨਾਂ ’ਤੇ ਕਤਲ ਤੱਕ ਹੁੰਦੇ ਹਨ। ਜੋ ਜਿਉਂਦੇ ਰਹਿ ਵੀ ਜਾਂਦੇ ਹਨ ਸਮਾਜ ਉਹਨਾਂ ਨੂੰ ਮਿਹਣੇ ਦੇ-ਦੇ ਕੇ ਮਾਰਨ ਦੀ ਕੋਈ ਕਸਰ ਨਹੀਂ ਛੱਡਦਾ। ਉਹਨਾਂ ਨੂੰ ਇੰਨਾ ਸਤਾਇਆ ਜਾਂਦਾ ਹੈ ਕਿ ਉਹ ਇਤਿਹਾਸਕ ਤੌਰ ’ਤੇ ਇੱਕ ਅਗਾਂਹਵਧੂ ਫੈਸਲਾ ਲੈਣ ਦੇ ਬਾਵਜੂਦ ਵੀ ਆਪਣੇ-ਆਪ ’ਤੇ ਨਮੋਸ਼ੀ ਮਹਿਸੂਸ ਕਰਦੇ ਹਨ ਅਤੇ ਇੱਕ ਸਮੇਂ ਬਾਅਦ ਉਹਨਾਂ ਨੂੰ ਆਪਣਾ ਫੈਸਲਾ “ਗ਼ਲਤ” ਲੱਗਣ ਲੱਗ ਜਾਂਦਾ ਹੈ। ਪਰ ਜਦ ਨੌਜਵਾਨ ਮੁੰਡੇ ਕੁੜੀਆਂ ਨੂੰ ਸਮਾਜ ਵੱਲੋਂ ਕੋਈ ਸੁਰੱਖਿਆ ਨਹੀਂ ਮਿਲਦੀ ਤਾਂ ਇੱਕ ਅਗਾਂਹਵਧੂ ਕੰਮ ਕਰਨ ਦੇ ਬਾਵਜੂਦ ਵੀ ਉਹ ਪਛਤਾਵਾ ਮਹਿਸੂਸ ਕਰਦੇ ਹਨ। ਜਾਤੀ-ਪਾਤੀ ਮਾਨਸਿਕਤਾ ਦੀ ਜਕੜ ਇੰਨੀ ਮਜ਼ਬੂਤ ਹੈ ਕਿ ਕਈ ਵਾਰ ਅਗਾਂਹਵਧੂ ਲੋਕ ਵੀ ਇਸਦਾ ਸ਼ਿਕਾਰ ਹੋ ਜਾਂਦੇ ਹਨ ਜਦ ਉਹਨਾਂ ਦੇ ਬੱਚੇ ਅੰਤਰਜਾਤੀ ਵਿਆਹ ਕਰਵਾਉਣ ਦਾ ਫੈਸਲਾ ਕਰ ਲੈਣ। ਅਜਿਹੇ ਮੌਕੇ ਜਾਤ-ਪਾਤ ਨੂੰ ਨਾ ਮੰਨਣ ਵਾਲ਼ਿਆਂ ਵਿੱਚੋਂ ਵੀ ਉੱਚ-ਜਾਤੀ ਦੀ ਹਾਊਮੇ ਬਾਹਰ ਆ ਜਾਂਦੀ ਹੈ।
ਕੋਈ ਸੁਰੱਖਿਆ ਨਾ ਮਿਲਣ ਕਰਕੇ ਅਜਿਹੇ ਨੌਜਵਾਨ ਸਮਾਜ ਵਿੱਚੋਂ ਬੁਰੀ ਤਰ੍ਹਾਂ ਛੇਕੇ ਜਾਂਦੇ ਹਨ। ਜਦ ਕਿ ਅੰਤਰਜਾਤੀ ਵਿਆਹ ਇੱਕ ਅਗਾਂਹਵਧੂ ਚੀਜ਼ ਹਨ ਜੋ ਜਾਤ-ਪਾਤ ’ਤੇ ਬਹੁਤ ਹੀ ਪ੍ਰਭਾਵੀ ਤੇ ਮਾਰੂ ਸੱਟ ਮਾਰਦੇ ਹਨ ਅਤੇ ਇਸਨੂੰ ਖ਼ਤਮ ਕਰਨ ਵਿੱਚ ਵੀ ਬਹੁਤ ਵੱਡੀ ਭੂਮਿਕਾ ਨਿਭਾਅ ਸਕਦੇ ਹਨ। ਇਸ ਕਰਕੇ ਸਮਾਜ ਦੇ ਅਗਾਂਹਵਧੂ ਲੋਕਾਂ ਦਾ ਅੱਜ ਇਹ ਇੱਕ ਕੰਮ ਬਣਦਾ ਹੈ ਕਿ ਉਹ ਅਜਿਹੇ ਵਿਆਹਾਂ ਨੂੰ ਹੱਲਾਸ਼ੇਰੀ ਦੇਣ। ਜੋ ਨੌਜਵਾਨ ਅਜਿਹੇ ਅਗਾਂਹਵਧੂ ਫੈਸਲੇ ਲੈਂਦੇ ਹਨ ਉਹਨਾਂ ਦਾ ਸਾਥ ਦਿੱਤਾ ਜਾਵੇ। ਸਾਡਾ ਪਿੱਛੜਿਆ ਸਮਾਜ ਜੋ ਕਿਸੇ ਵੀ ਕਿਸਮ ਦੇ ਪ੍ਰੇਮ-ਵਿਆਹ ਨੂੰ ਇੱਕ ਗੁਨਾਹ ਮੰਨਦਾ ਹੈ ਤਾਂ ਅਜਿਹੇ ਮਾਹੌਲ ਵਿੱਚ ਅੰਤਰ-ਜਾਤੀ ਪ੍ਰੇਮ ਵਿਆਹਾਂ ਦੀ ਸਾਰਥਿਕਤਾ ਵੱਧ ਜਾਂਦੀ ਹੈ। ਇਸ ਕਰਕੇ ‘ਗਿਆਨ ਪ੍ਰਸਾਰ ਸਮਾਜ’ (ਇਕਾਈ ਬਠਿੰਡਾ) ਨੇ ਅੰਤਰਜਾਤੀ ਵਿਆਹ ਕਰਵਾਉਣ ਵਾਲ਼ੇ ਜੋੜਿਆਂ ਨੂੰ ਸਨਮਾਨਿਤ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ। ਤਾਂ ਜੋ ਅਜਿਹਾ ਕੰਮ ਕਰਨ ਵਾਲ਼ੇ ਨੌਜਵਾਨ ਆਪਣੇ ਇਸ ਅਗਾਂਹਵਧੂ ਕੰਮ ’ਤੇ ਮਾਣ ਮਹਿਸੂਸ ਕਰਨ। ਉਹ ਵੀ ਸਮਾਜ ਵਿੱਚ ਸਵੈ-ਮਾਣ ਨਾਲ਼ ਆਪਣੀ ਜ਼ਿੰਦਗੀ ਜਿਉਣ ਅਤੇ ਉਹਨਾਂ ਨੂੰ ਆਪਣੇ ਇਸ ਅਗਾਂਹਵਧੂ ਫੈਸਲੇ ਦੀ ਅਸਲੀਅਤ ਪਤਾ ਲੱਗੇ ਤਾਂ ਜੋ ਹੋਰ ਵੀ ਨੌਜਵਾਨਾਂ ਨੂੰ ਇਸ ਤੋਂ ਪ੍ਰੇਰਣਾ ਮਿਲੇ। ਇਸ ਤਰ੍ਹਾਂ ਸਮਾਜ ਵਿੱਚ ਪਾਏ ਜਾਂਦੇ ਜਾਤੀਗਤ ਤੁਅੱਸਬਾਂ ਨੂੰ ਤੋੜਣ ਵਿੱਚ ਇਹ ਨਿੱਕੀਆਂ-ਨਿੱਕੀਆਂ ਗੱਲਾਂ ਵੱਡੀ ਮਦਦ ਕਰਨਗੀਆਂ। ‘ਗਿਆਨ ਪ੍ਰਸਾਰ ਸਮਾਜ’ (ਇਕਾਈ) ਬਠਿੰਡਾ ਨੇ ਇਸ ਦਿਸ਼ਾ ਵੱਲ਼ ਇੱਕ ਨਿੱਕਾ ਜਿਹਾ ਉਪਰਾਲਾ ਕਰਨ ਦਾ ਯਤਨ ਕੀਤਾ ਹੈ। ਆਪ ਸਭ ਨੂੰ ਇਸ ਪ੍ਰੋਗਰਾਮ ਵਿੱਚ ਪਹੁੰਚਣ ਦਾ ਸੱਦਾ ਹੈ ਜੀ!
ਸਨਮਾਨਿਤ ਕੀਤੇ ਜਾ ਰਹੇ ਜੋੜੇ:
1. ਡਾ. ਜਸ਼ਨ ਅਤੇ ਡਾ. ਸਮੀਰ
2. ਪਵੇਲ ਤੇ ਰਾਜਵਿੰਦਰ ਕੌਰ
ਪ੍ਰੋਗਰਾਮ:
ਮਿਤੀ:- 21-08-2016 (ਦਿਨ ਐਤਵਾਰ)
ਸਮਾਂ:- ਸਵੇਰੇ 9.30 ਵਜੇ
ਸਥਾਨ ਟੀਚਰਜ਼ ਹੋਮ, ਬਠਿੰਡਾ।