ਪਿੰਡ ਪੰਜੋੜਾ ਦੇ ਲੋਕ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪ੍ਰੇਸ਼ਾਨ
Posted on:- 19-07-2016
- ਸ਼ਿਵ ਕੁਮਾਰ ਬਾਵਾ
ਬਲਾਕ ਮਾਹਿਲਪੁਰ ਦੇ ਪਿੰਡ ਪੰਜੋੜਾ ਦੇ ਲੋਕ ਪਿੰਡ ਦੀ ਅਬਾਦੀ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਨਰਕ ਭੋਗਣ ਲਈ ਮਜ਼ਬੂਰ ਹਨ। ਲੇਬਰ ਪਾਰਟੀ ਭਾਰਤ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਅਤੇ ਰੋਸ਼ਨ ਲਾਲ ਖੈਰੜ ਨੇ ਪਿੰਡ ਪੰਜੋੜਾ ਵਿਚ ਘਰਾਂ ਦਾ ਗੰਦਾ ਪਾਣੀ ਗਲੀਆਂ ਵਿਚ ਖੜ੍ਹਨ, ਘਰਾਂ ’ ਚ ਦਾਖਿਲ ਹੋਣ ਅਤੇ ਲੋਕਾਂ ਦਾ ਲਾਂਘਾ ਬੰਦ ਹੋਣ ਅਤੇ ਸ਼ਿਵ ਮੰਦਰ ਦੇ ਸਰੋਵਰ ਨੂੰ ਛੱਪੜ ਵਿਚ ਤਬਦੀਲ ਕਰਨ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਦਿਆਂ ਪਿੰਡ ਵਾਸੀਆਂ ਦੀ ਮੰਗ ਤੇ ਇਸ ਸਬੰਧ ਵਿਚ ਡਿਪਟੀ ਕਮਿਸ਼ਨਰ ਨੂੰ ਹੁਸ਼ਿਆਰਪੁਰ ਨੂੰ ਪੱਤਰ ਲਿਖਕੇ ਮਸਲੇ ਦਾ ਤੁਰੰਤ ਹੱਲ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਪਿੰਡ ਦੇ ਲੋਕਾਂ ਜਤਿੰਦਰ ਸਿੰਘ ਬੱਬੂ , ਅਜੀਤ ਸਿੰਘ ਅਤੇ ਸੁਰਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਗੰਦੇ ਪਾਣੀ ਦੀ ਨਿਕਾਸੀ ਸਹੀ ਨਾ ਹੋਣ ਕਾਰਨ ਉਹ ਸੰਤਾਪ ਭੋਗ ਰਹੇ ਹਨ ।
ਬਰਸਾਤ ਦੇ ਦਿਨਾਂ ’ ਚ ਸੀਵਰੇਜ ਵਾਲਾ ਗੰਦਾ ਬਦਬੂ ਮਾਰਦਾ ਪਾਣੀ ਘਰਾਂ ਵਿਚ ਦਾਖਲ ਹੋ ਜਾਦਾਂ ਹੈ ਜਿਸ ਕਾਰਨ ਘਰਾਂ ਵਿਚ ਬੈਠਣਾ ਮੁਸ਼ਕਿਲ ਹੋ ਜਾਂਦਾ ਹੈ। ਗੰਦੇ ਪਾਣੀ ਨਾਲ ਗੱਲੀਆਂ ਨਾਲੀਆਂ ਓਵਰ ਫਲੋ ਜਾਂਦੀਆਂ ੲਨ ਤੇ ਗਲੀਆਂ ਵਿਚੋਂ ਲੰਘਣਾ ਸਭ ਤੋਂ ਵੱਡੀ ਮੁਸੀਬਤ ਬਣਦਾ ਹੈ। ਉਹਨਾਂ ਦੱਸਿਆ ਕਿ ਅਜਿਹਾ ਹੋਣ ਨਾਲ ਲੋਕ ਚਮੜੀ ਰੋਗ, ਦਮਾ, ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਖੜ੍ਹੇ ਗੰਦੇ ਪਾਣੀ ਦੀ ਐਨੀ ਭੇੜੀ ਬਦਬੂ ਹੈ ਕਿ ਹਰੇਕ ਵਿਅਕਤੀ ਨੂੰ ਮੂੰਹ ਅੱਗੇ ਕਪੜਾ ਰੱਖ ਕੇ ਲੰਘਣਾ ਪੈਂਦਾ ਹੈ । ਇਸ ਤਰ੍ਹਾਂ ਲੋਕਾਂ ਦੇ ਘਰਾਂ ਵਿਚ ਸਲਾਭਾ ਆਉਦਾ ਹੈ ਅਤੇ ਮਕਾਨ ਖਰਾਬ ਹੋ ਰਹੇ ਹਨ।
ਉਨ੍ਹਾਂ ਦੱਸਿਆ ਕਿ ਪਿੰਡ ਵਿਚ ਇਤਹਾਸਿਕ ਸ਼ਿਵ ਮੰਦਰ ਦੇ ਸਰੋਵਰ ਨੂੰ ਕਾਫੀ ਸਮਾਂ ਪਹਿਲਾਂ ਛੱਪੜ ਵਿਚ ਬਦਲ ਦਿਤਾ ਗਿਆ ਸੀ, ਉਸ ਸਰੋਵਰ ਦੀਆ ਹਾਲੇ ਵੀ ਪੋੜੀਆਂ ਨਜ਼ਰ ਆ ਰਹੀਆਂ ਹਨ ਜੋ ਪੂਰੀ ਤਰ੍ਹਾਂ ਝਾੜੀਆਂ ਵਿੱਚ ਲੁੱਕੀਆਂ ਹੋਈਆਂ ਹਨ। ਇਸ ਸਭ ਲਈ ਬਲਾਕ ਵਿਕਾਸ ਅਤੇ ਪ੍ਰਚਾਇਤ ਅਫਸਰ ਅਤੇ ਜੇ ਈ ਪੂਰੀ ਤਰ੍ਹਾਂ ਜ਼ੁੰਮੇਵਾਰ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਪਿੰਡ ਦੇ ਲੋਕ ਪਹਿਲਾਂ ਇਸ ਸਰੋਵਰ ਵਿਚ ਨਹਾਉਂਦੇ ਸੀ ਤੇ ਸਰੋਵਰ ਦਾ ਪਾਣੀ ਸਾਫ ਸੀ । ਸਰੋਵਰ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਅਤੇ ਆਸਥਾਵਾਂ ਨਾਲ ਜੁੜਿਆ ਹੋਇਆ ਹੈ। ਲੋਕਾਂ ਨੇ ਦੱਬੀ ਅਵਾਜ਼ ਵਿਚ ਕਿਹਾ ਕਿ ਲੋਕ ਦੱਬੇ ਹੋਏ ਮਹਿਸੂਸ ਕਰਦੇ ਹਨ, ਜੋ ਕਿ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਹੈ।
ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰੋਵਰ ਨੂੰ ਮੁੜ ਲੀਹਾਂ ਉਤੇ ਲਿਆਉਣ ਲਈ ਅਤੇ ਗੰਦਾ ਪਾਣੀ ਪਿੰਡ ਵਿਚੋਂ ਬਾਹਰ ਕਢਣ ਲਈ ਪਿੰਡ ਨੂੰ ਸਪੈਸ਼ਲ ਗ੍ਰਾਂਟ ਦਾ ਪੈਕਜ ਦਿਤਾ ਜਾਵੇ ਤਾਂ ਕਿ ਸ਼ਿਵ ਮੰਦਰ ਦਾ ਸਰੋਵਰ ਮੁੜ ਸਰੋਵਰ ਬਣ ਸਕੇ ਤੇ ਲੋਕ ਸਦਾ ਲਈ ਗੰਦੇ ਪਾਣੀ ਦੀਆਂ ਮੁਸ਼ਿਕਲਾਂ ਤੋਂ ਛੁੱਟਕਾਰਾ ਪਾ ਸਕਣ।
ਇਸ ਸਬੰਧ ਵਿਚ ਬਲਾਕ ਵਿਕਾਸ ਅਧਿਕਾਰੀ ਹਰਬਿਲਾਸ ਮਾਹਿਲਪੁਰ ਨੇ ਦੱਸਿਆ ਕਿ ਉਹ ਪਿੰਡ ਵਾਸੀਆਂ ਦੀ ਸ਼ਿਕਾਇਤ ਤੇ ਖੁਦ ਮੌਕਾ ਦੇਖਣਗੇ ਅਤੇ ਗੰਦਗੀ ਅਤੇ ਗੰਦੇ ਪਾਣੀ ਦੇ ਨਿਕਾਸ ਲਈ ਸਮੂਹ ਪਿੰਡ ਵਾਸੀਆਂ ਦੀ ਸਲਾਹ ਨਾਲ ਪੰਚਾਇਤ ਦੀ ਸਹਿਮਤੀ ਨਾਲ ਬੈਠਕੇ ਮੌਕੇ ਤੇ ਹੀ ਹੱਲ ਕੱਢਿਆ ਜਾਵੇਗਾ।