ਕੈਲਗਰੀ ਦਾ ਸਟੈਮਪੀਡ ਮੇਲਾ ਸਮਾਪਤ
Posted on:- 19-07-2016
- ਹਰਬੰਸ ਬੁੱਟਰ
ਬੀਤੇ 10 ਦਿਨਾਂ ਤੋਂ ਧਰਤੀ ਉੱਪਰ ਲੱਗਣ ਵਾਲੇ ਵੱਡ-ਅਕਾਰੀ ਮੇਲਿਆਂ ਵਿੱਚੋਂ ਕੈਲਗਰੀ ਵਿਖੇ ਲੱਗਣ ਵਾਲਾ ਸਟੈਮਪੀਡ ਦਾ ਮੇਲਾ ਐਂਤਵਾਰ ਦੀ ਰਾਤ ਪੂਰੇ ਜਾਹੋ ਜਲਾਲ ਨਾਲ ਸਮਾਪਤ ਹੋਇਆ। ਮੌਸਮ ਦੀ ਖਰਾਬੀ ਕਾਰਨ ਪਿਛਲੇ ਦਿਨੀਂ ਲਗਾਤਾਰ ਮੀਂਹ ਪੈਂਦਾ ਰਿਹਾ, ਜਿਸ ਕਾਰਨ ਮੇਲੇ ਵਿੱਚ ਜਾਣ ਵਾਲੇ ਲੋਕਾਂ ਦੀ ਗਿਣਤੀ ਪਿਛਲੇ ਸਾਲਾਂ ਦੇ ਮੁਕਾਬਲੇ ਘੱਟ ਰਹੀ, ਜਿਸ ਕਾਰਨ ਮੇਲਾ ਪਰਬੰਧਕਾਂ ਨੇ ਵੀਰਵਾਰ ਅਤੇ ਸੁਕਰਵਾਰ ਦੇ ਦਿਨ 20 ਡਾਲਰ ਦੀ ਬਜਾਇ ਸਿਰਫ 5 ਡਾਲਰ ਦੀ ਦਾਖਲਾ ਫੀਸ ਕਰ ਦਿੱਤੀ ਸੀ, ਪਰ ਫਿਰ ਵੀ ਭਾਰੀ ਮੀਂਹ ਕਾਰਣ ਦਰਸਕਾਂ ਨੂੰ ਮੇਲੇ ਵੱਲ ਖਿਚਣ ਤੋਂ ਅਸਮਰੱਥ ਰਹੇ। ਐਤਵਾਰ 17 ਜੁਲਾਈ ਨੂੰ ਮੇਲੇ ਦੇ ਆਖਰੀ ਦਿਨ ਵੀ ਦਾਖਲਾ 2 ਘੰਟੇ ਲਈ ਮੁੱਫਤ ਕਰ ਦਿੱਤਾ ਗਿਆ ਸੀ, ਜਿਸ ਕਾਰਨ ਤਕਰੀਬਨ 65 ਹਜ਼ਾਰ ਲੋਕਾਂ ਨੇ ਇਸ ਦਾ ਫਾਇਦਾ ਉਠਾਇਆ। ਕੁਲ 936344 ਲੋਕਾਂ ਨੇ ਮੇਲੇ ਵਿੱਚ ਹਾਜ਼ਰੀ ਭਰੀ ਜੋ ਕਿ ਪਿਛਲੇ ਸਾਲਾਂ ਦੇ ਮੁਕਾਬਲੇ 125000 ਘੱਟ ਸੀ। ਸਾਮ ਨੂੰ 7 ਕੁ ਵਜੇ ਤੋਂ ਬਾਦ ਮੀਂਹ ਰੁੱਕ ਜਾਣ ਕਾਰਨ ਲੋਕਾਂ ਦਾ ਹਜੂਮ ਮੇਲੇ ਵੱਲ ਟੁੱਟਕੇ ਪੈ ਗਿਆ ।
ਦੇਰ ਰਾਤ ਹੋਈ ਆਤਿਸਬਾਜ਼ੀ ਨੇ ਮੇਲੇ ਵਿੱਚ ਹਾਜਿਰ ਅਤੇ ਕੈਲਗਰੀ ਨਿਵਾਸੀਆਂ ਦਾ ਮਨ ਮੋਹ ਲਿਆ। ਬੈਲ ਗੱਡੀਆਂ ਦੀ ਦੌੜ ਵਿੱਚ ਕ੍ਰਿਕ ਸੂਦਰਲੈਂਡ ਨੇ ਇਕ ਲੱਖ ਕਨੇਡੀਅਨ ਡਾਲਰ ਦਾ ਪਹਿਲਾ ਇਨਾਮ ਹਾਸਿਲ ਕੀਤਾ।ਪੰਜਾਬ ਦੇ ਮੇਲਿਆਂ ਵਾਂਗ ਕਨੇਡਾ ਦੀਆਂ ਰਾਜਨੀਤਕ ਪਾਰਟੀਆਂ ਵੀ ਅਜਿਹੇ ਮੇਲਿਆਂ ਦਾ ਪੂਰਾ ਫਾਇਦਾ ਉਠਾਉਂਦੀਆਂ ਹਨ, ਸੋ ਕਨੇਡਾ ਦੇ ਪ੍ਰਧਾਨ ਮੰਤਰੀ ਨੇ ਵੀ ਇਸ ਦੌਰਾਨ ਮੇਲੇ ਵਿੱਚ ਹਾਜ਼ਰੀ ਭਰੀ ।ਇਸ ਮੇਲੇ ਨੂੰ ਖੇਤੀਬਾੜੀ ਕਰਨ ਵਾਲੇ ਜੱਟਾਂ ਦੇ ਮੇਲੇ ਵੱਜੋਂ ਜਾਣਿਆ ਜਾਂਦਾ ਹੈ। ਮੇਲੇ ਦੌਰਾਨ ਬੈਲ ਗੱਡੀਆਂ ਦੀਆਂ ਦੌੜਾਂ, ਬੇ-ਲਗਾਮ ਘੋੜਿਆਂ, ਭੁਤਰੇ ਹੋਏ ਸਾਨਾ ਦੀ ਸਵਾਰੀ ਇਸ ਮੇਲੇ ਦੀ ਖਾਸ ਖਿੱਚ ਹੁੰਦੀ ਹੈ। ਪੰਜਾਬ ਦੇ ਲੋਕ ਪੰਜਾਬ ਵਿੱਚ ਤਾਂ ਮੇਲਿਆਂ ਦੇ ਸੌਕੀਨ ਜਾਣੇ ਜਾਂਦੇ ਹਨ, ਪਰ ਇੱਥੇ ਮਹਿੰਗੀ ਟਿਕਟ ਖਰੀਦਕੇ ਮੇਲੇ ਵਿੱਚ ਜਾਣ ਤੋਂ ਕੰਨੀ ਕਤਰਾਉਂਦੇ ਸਿਰਫ ਮੁਫਤ ਦਾਖਲਾ ਜਾਂ ਘੱਟ ਟਿਕਟ ਵਾਲੇ ਦਿਨ ਹੀ ਦੂਜੇ ਦਿਨਾ ਦੇ ਮੁਕਾਬਲੇ ਫਿਰ ਵੀ ਘੱਟ ਗਿਣਤੀ ਵਿੱਚ ਹੀ ਦਿਖਾਈ ਦਿੰਦੇ ਹਨ।