ਕਸ਼ਮੀਰ ਦੇ ਹਾਲਤ ਨਾਲ ਨਜਿੱਠਣ ਲਈ ਸੂਝ-ਬੂਝ ਤੋਂ ਲਿਆ ਜਾਵੇ ਕੰਮ
Posted on:- 13-07-2016
ਮਨੁੱਖੀ ਹੱਕਾਂ ਦੀਆਂ ਜਥੇਬੰਦੀਆਂ ਵਲੋਂ ਕਸ਼ਮੀਰ ਵਿਚ ਕਤਲੋਗ਼ਾਰਤ ਬੰਦ ਕਰਨ ਦੀ ਮੰਗ ਮਨੁੱਖੀ ਤੇ ਜਮਹੂਰੀ ਹੱਕਾਂ ਦੀਆਂ ਅਠਾਰਾਂ ਜਥੇਬੰਦੀਆਂ ਦੇ ਤਾਲਮੇਲ ਕੇਂਦਰ, ਸੀ.ਡੀ.ਆਰ.ਓ., ਵਲੋਂ ਕਸ਼ਮੀਰ ਅੰਦਰਲੀਆਂ ਹਾਲੀਆ ਘਟਨਾਵਾਂ ਬਾਰੇ ਗੰਭੀਰ ਚਿੰਤਾ ਦਾ ਇਜ਼ਹਾਰ ਕਰਦਿਆਂ ਅੰਨ੍ਹੀ ਕਤਲੋਗ਼ਾਰਤ, ਜੰਗਾਂ ਅਤੇ ਅਮੁੱਕ ਦਮਨ ਦਾ ਸਿਲਸਿਲਾ ਬੰਦ ਕਰਨ 'ਤੇ ਜ਼ੋਰ ਦਿੱਤਾ ਗਿਆ ਹੈ। ਜਿਥੇ ਤਾਜ਼ਾ ਘਟਨਾਵਾਂ ਅੰਦਰ ਸੁਰੱਖਿਆ ਤਾਕਤਾਂ ਵਲੋਂ ਬੇਰਹਿਮੀ ਨਾਲ ਕੀਤੀ ਜਾ ਰਹੀ ਫਾਇਰਿੰਗ, ਅੱਥਰੂ ਗੈਸ ਦੀ ਵਰਤੋਂ ਅਤੇ ਗੁਲੇਲਾਂ ਦੁਆਰਾ ਪੱਥਰਾਂ ਦੀਆਂ ਬੌਛਾੜਾਂ ਨਾਲ 32 ਲੋਕ ਮਾਰੇ ਜਾ ਚੁੱਕੇ ਹਨ ਅਤੇ 444 ਗੰਭੀਰ ਜ਼ਖ਼ਮੀ ਲੋਕ ਹਸਪਤਾਲਾਂ ਵਿਚ ਜੇਰੇ-ਇਲਾਜ ਹਨ।
ਮ੍ਰਿਤਕਾਂ ਅਤੇ ਜ਼ਖ਼ਮੀਆਂ ਦੀਆਂ ਛਾਤੀਆਂ ਅਤੇ ਅੱਖਾਂ ਉੱਪਰ ਜ਼ਖ਼ਮਾਂ ਦੀਆਂ ਰਿਪੋਰਟਾਂ ਪੁਲਿਸ ਮੁਖੀ ਦੇ ਇਨ੍ਹਾਂ ਦਾਅਵਿਆਂ ਨੂੰ ਝੁਠਲਾਉਂਦੀਆਂ ਹਨ ਕਿ ਉੱਥੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਤਾਕਤ ਦੀ ਵਰਤੋਂ ਸੰਜਮ ਨਾਲ ਕੀਤੀ ਜਾ ਰਹੀ ਹੈ।
ਬਿਆਨ ਵਿਚ ਕਿਹਾ ਗਿਆ ਹੈ ਕਿ ਕਸ਼ਮੀਰ ਇਸ ਵਕਤ ਦੁਨੀਆਂ ਦੇ ਸਭ ਤੋਂ ਫ਼ੌਜੀਕਰਨ ਕੀਤੇ ਇਲਾਕਿਆਂ ਵਿਚੋਂ ਇਕ ਹੈ, ਜਿਥੇ ਸੱਠ ਲੱਖ ਲੋਕਾਂ ਦੇ ਖ਼ਿਲਾਫ਼ ਤਾਇਨਾਤ ਛੇ ਲੱਖ ਹਿੰਦੁਸਤਾਨੀ ਫ਼ੌਜੀ ਅਤੇ ਨੀਮ-ਫ਼ੌਜੀ ਤਾਕਤਾਂ ਕਸ਼ਮੀਰੀਆਂ ਉੱਪਰ ਜੋ ਬੇਤਹਾਸ਼ਾ ਜ਼ੁਲਮ ਕਰ ਰਹੀਆਂ ਹਨ, ਬੁਰਹਾਨ ਮੁਜ਼ੱਫ਼ਰ ਵਾਨੀ ਦੀ ਹੱਤਿਆ ਅਤੇ ਪਿੱਛੇ ਜਹੇ ਨਾਬਾਲਗ ਕੁੜੀ ਨਾਲ ਛੇੜਛਾੜ ਵਿਰੁੱਧ ਵਿਆਪਕ ਪ੍ਰਦਰਸ਼ਨ ਫ਼ੌਜਤੰਤਰ ਖ਼ਿਲਾਫ਼ ਜਮਾ ਹੋਈ ਵਿਆਪਕ ਮਾਯੂਸੀ ਅਤੇ ਗੁੱਸੇ ਦਾ ਸਪਸ਼ਟ ਇਜ਼ਹਾਰ ਹੈ।
ਲਗਭਗ ਸੱਤ ਦਹਾਕਿਆਂ ਤੋਂ ਹਿੰਦੁਸਤਾਨੀ ਨਿਜ਼ਾਮ ਦੇ ਜਬਰ ਅਤੇ ਵਾਅਦਾ-ਖ਼ਿਲਾਫ਼ੀਆਂ ਦਾ ਸ਼ਿਕਾਰ ਕਸ਼ਮੀਰੀਆਂ ਦਾ ਵਿਰੋਧ ਅਤੇ ਸਥਾਨਕ ਨੌਜਵਾਨ ਬੁਰਹਾਨ ਵਾਨੀ ਦੀ ਮਕਬੂਲੀਅਤ, ਜਿਸਦੇ ਜਨਾਜ਼ੇ ਵਿਚ ਚਾਲੀ ਹਜ਼ਾਰ ਲੋਕ ਸ਼ਾਮਲ ਹੋਏ, ਭਾਰਤੀ ਹਕੂਮਤ ਦੇ ਇਨ੍ਹਾਂ ਦਾਅਵਿਆਂ ਨੂੰ ਰੱਦ ਕਰਦੇ ਹਨ ਕਿ ਉਥੇ ਅੱਤਵਾਦ ਸਰਹੱਦ ਪਾਰਲੇ ਪਾਕਿਸਤਾਨੀ ਘੁਸਪੈਠੀਆਂ ਦਾ ਪੈਦਾ ਕੀਤਾ ਹੋਇਆ ਹੈ। ਮਾਸਲੇ ਦੇ ਸਿਆਸੀ ਹੱਲ ਦੀ ਬਜਾਏ ਭਾਰਤੀ ਹੁਕਮਰਾਨਾਂ ਦੀ ਇਕੋ ਇਕ ਟੇਕ ਬੰਦੂਕ ਦੀ ਨੀਤੀ ਉੱਪਰ ਹੋਣ ਕਾਰਨ ਕਸ਼ਮੀਰੀ ਨੌਜਵਾਨਾਂ ਨੂੰ ਭਾਰਤੀ ਫ਼ੌਜ ਦੇ ਹਿੰਸਕ ਟਾਕਰੇ ਤੋਂ ਬਿਨਾ ਆਪਣੀਆਂ ਸ਼ਿਕਾਇਤਾਂ ਅਤੇ ਜਮਹੂਰੀ ਰੀਝਾਂ ਦੇ ਨਿਪਟਾਰੇ ਦਾ ਕੋਈ ਰਸਤਾ ਨਜ਼ਰ ਨਹੀਂ ਆ ਰਿਹਾ। ਇਸੇ ਕਾਰਨ ਬੁਰਹਾਨ ਬਾਨੀ ਵਰਗੇ ਨੌਜਵਾਨ ਹਥਿਆਰਬੰਦ ਵਿਰੋਧ ਦਾ ਰਸਤਾ ਅਖ਼ਤਿਆਰ ਕਰ ਰਹੇ ਹਨ ਅਤੇ ਹਜ਼ਾਰਾਂ ਕਸ਼ਮੀਰੀ ਨੌਜਵਾਨ ਹਿੰਦੁਸਤਾਨੀ ਸੁਰੱਖਿਆ ਤਾਕਤਾਂ ਉੱਪਰ ਪਥਰਾਓ ਕਰਨ ਲਈ ਵਾਰ-ਵਾਰ ਸੜਕਾਂ 'ਤੇ ਨਿਕਲ ਰਹੇ ਹਨ।
ਬਿਆਨ ਵਿਚ ਸੀ.ਡੀ.ਆਰ.ਓ. ਵਲੋਂ ਕਸ਼ਮੀਰੀ ਲੋਕਾਂ ਵਿਰੁੱਧ ਫ਼ੌਜੀ ਤਾਕਤ ਦੀ ਅੰਧਾਧੁੰਦ ਵਰਤੋਂ ਦੀ ਨੀਤੀ 'ਤੇ ਚੱਲ ਰਹੀਆਂ ਸੂਬਾਈ ਤੇ ਕੇਂਦਰੀ ਹਕੂਮਤਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਹਾਲਤ ਨਾਲ ਨਜਿੱਠਣ ਲਈ ਸੂਝ-ਬੂਝ ਤੋਂ ਕੰਮ ਲਿਆ ਜਾਵੇ ਅਤੇ ਰੋਜ਼ਮਰਾ ਹੱਤਿਆਵਾਂ ਦੇ ਵਰਤਾਰੇ ਨੂੰ ਸੰਜੀਦਗੀ ਨਾਲ ਰੋਕਿਆ ਜਾਵੇ ਕਿਉਂਕਿ ਰੋਸ-ਵਿਖਾਵਿਆਂ ਨੂੰ ਦਬਾਉਣ ਲਈ ਜ਼ੁਲਮ-ਦਰ-ਜ਼ੁਲਮ ਹਾਲਤ ਨੂੰ ਹੋਰ ਵਿਗਾੜ ਰਹੇ ਹਨ। ਇਹ ਜ਼ੋਰ ਦੇਕੇ ਕਿਹਾ ਗਿਆ ਹੈ ਕਿ ਸਿਰਫ਼ ਤੇ ਸਿਰਫ਼ ਸਿਆਸੀ ਅਮਲ ਦਾ ਜਮਹੂਰੀ ਰਸਤਾ ਹੀ ਮਸਲੇ ਦਾ ਹੱਲ ਕਰ ਸਕਦਾ ਹੈ ਅਤੇ ਗੁੱਸੇ ਨਾਲ ਉਬਲ ਰਹੀ ਕਸ਼ਮੀਰ ਘਾਟੀ ਵਿਚ ਅਮਨ-ਚੈਨ ਮੁੜ ਲਿਆ ਸਕਦਾ ਹੈ।