ਪੰਜਾਬ ਦੇ ਇਨਸਾਫ਼ਪਸੰਦ ਲੋਕ ਸੱਤਾਧਾਰੀ ਧਿਰ ਦੀਆਂ ਮਨਮਾਨੀਆਂ ਦਾ ਗੰਭੀਰ ਨੋਟਿਸ ਲੈਣ : ਜਮਹੂਰੀ ਅਧਿਕਾਰ ਸਭਾ
Posted on:- 10-07-2016
ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਰਧਾਨ ਪ੍ਰੋਫੈਸਰ ਏ.ਕੇ.ਮਲੇਰੀ ਅਤੇ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਨੇ ਮੋਹਾਲੀ ਵਿਚ ਪਿਛਲੇ 234 ਦਿਨ ਤੋਂ ਸ਼ਾਂਤਮਈ ਧਰਨਾ ਦੇ ਰਹੇ ਸਿੱਖਿਆ ਪ੍ਰੋਵਾਈਡਰਾਂ ਦਾ ਟੈਂਟ ਪੁਲਿਸ ਵਲੋਂ ਉਖਾੜ ਦੇਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ 'ਇਕ ਸ਼ਾਮ ਆਪਣੀ ਸਰਕਾਰ ਦੇ ਨਾਲ' ਵਰਗੀਆਂ ਪ੍ਰਚਾਰ ਮੁਹਿੰਮਾਂ ਇਸ ਹਕੀਕਤ ਨੂੰ ਛੁਪਾ ਨਹੀਂ ਸਕਦੀਆਂ ਕਿ ਸਰਕਾਰ ਦੀਆਂ ਝੂਠੇ ਵਿਕਾਸ ਦੀਆਂ ਨੀਤੀਆਂ ਕਾਰਨ ਲੋਕਾਂ ਵਿਚ ਕਿੰਨੀ ਵਿਆਪਕ ਬੇਚੈਨੀ ਹੈ ਜਿਸ ਨੂੰ ਦਬਾਉਣ ਲਈ ਲਾਠੀ-ਗੋਲੀ ਤੇ ਬੇਤਹਾਸ਼ਾ ਤਾਕਤ ਦੀ ਵਰਤੋਂ ਕੀਤੀ ਜਾ ਰਹੀ ਹੈ।
ਆਗੂਆਂ ਨੇ ਕਿਹਾ ਕਿ ਰੈਗੂਲਰ ਹੋਣ ਦੀ ਮੰਗ ਕਰ ਰਹੇ ਕੱਚੇ ਮੁਲਾਜ਼ਮਾਂ ਦੇ ਮੁਹਾਲੀ ਵਿਚ 234 ਦਿਨਾਂ ਤੋਂ ਚੱਲ ਰਹੇ ਸੰਘਰਸ਼, ਬਠਿੰਡਾ ਵਿਚ ਡੇਢ ਮਹੀਨੇ ਤੋਂ ਖੇਤੀ ਸੰਕਟ/ਖ਼ੁਦਕੁਸ਼ੀਆਂ ਦੇ ਹੱਲ ਲਈ ਪੱਕਾ ਧਰਨਾ ਲਾਈ ਬੈਠੇ ਕਿਸਾਨਾਂ ਦੇ ਸੰਘਰਸ਼ ਅਤੇ ਪੰਚਾਇਤੀ ਜ਼ਮੀਨਾਂ ਵਿੱਚੋਂ ਆਪਣੇ ਕਾਨੂੰਨੀ ਹਿੱਸੇ ਲਈ ਲੜ ਰਹੇ ਮਜ਼ਦੂਰਾਂ ਦੇ ਸੰਘਰਸ਼ ਅਤੇ ਹੋਰ ਲਗਾਤਾਰ ਸੰਘਰਸ਼ਾਂ ਪ੍ਰਤੀ ਪੰਜਾਬ ਸਰਕਾਰ ਵਲੋਂ ਧਾਰੀ ਸੋਝੀ-ਸਮਝੀ ਚੁੱਪ ਅਤੇ ਇਨ੍ਹਾਂ ਸੰਘਰਸ਼ਾਂ ਨੂੰ ਬਦਰੇਗ ਪੁਲਿਸ ਤਾਕਤ ਨਾਲ ਦਬਾਉਣ ਦੀ ਨੀਤੀ ਹੁਕਮਰਾਨਾਂ ਦੀ ਤਾਨਾਸ਼ਾਹ ਅਤੇ ਲੋਕਾਂ ਨੂੰ ਟਿੱਚ ਸਮਝਣ ਦੀ ਬਿਰਤੀ ਦਾ ਪ੍ਰਗਟਾਵਾ ਹੈ। ਸਭਾ ਦੇ ਆਗੂਆਂ ਨੇ ਅਪੀਲ ਕੀਤੀ ਕਿ ਪੰਜਾਬ ਦੇ ਇਨਸਾਫ਼ਪਸੰਦ ਲੋਕਾਂ ਨੂੰ ਹੁਕਮਰਾਨਾਂ ਨੂੰ ਜਾਇਜ਼ ਮੰਗਾਂ ਲਈ ਸੰਘਰਸ਼ਾਂ ਨੂੰ ਨਜ਼ਰਅੰਦਾਜ਼ ਕਰਕੇ ਹੰਭਾਉਣ ਅਤੇ ਜਮਹੂਰੀ ਹੱਕਾਂ ਦੇ ਘਾਣ ਦੀ ਨੀਤੀ ਨੂੰ ਫ਼ਿਕਰਮੰਦੀ ਨਾਲ ਲੈਕੇ ਸੱਤਾ ਦੀਆਂ ਮਨਮਾਨੀਆਂ ਨੂੰ ਰੋਕਣ ਲਈ ਜ਼ੋਰਦਾਰ ਆਵਾਜ਼ ਉਠਾਉਣੀ ਚਾਹੀਦੀ ਹੈ।