ਅਰਪਨ ਲਿਖਾਰੀ ਸਭਾ ਕੈਲਗਰੀ ਵੱਲੋਂ ਲੇਖਿਕਾ ਮਿੰਨੀ ਗਰੇਵਾਲ ਦਾ ਸਨਮਾਨ
Posted on:- 02-07-2016
- ਹਰਬੰਸ ਬੁੱਟਰ
ਕੈਲਗਰੀ ਦੀ ਸਾਹਿਤਕ ਸੰਸਥਾ `ਅਰਪਨ ਲਿਖਾਰੀ ਸਭਾ ਕੈਲਗਰੀ` ਵਲੋਂ ਟੈਂਪਲ ਕਮਿਉਨਿਟੀ ਹਾਲ ਵਿਖੇ ਕੀਤੇ ਆਪਣੇ ਸਲਾਨਾ ਸਮਾਗਮ ਵਿੱਚ ਉੱਘੀ ਲੇਖਿਕਾ ਮਿੰਨੀ ਗਰੇਵਾਲ ਦਾ `ਇਕਬਾਲ ਅਰਪਨ ਯਾਦਗਾਰੀ ਐਵਾਰਡ` ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਨਮਾਨ ਵਿੱਚ ਇੱਕ ਯਾਦਗਾਰੀ ਪਲੈਕ ,1000 ਕਨੇਡੀਅਨ ਡਾਲਰ ਅਤੇ ਸਨਮਾਨ ਵੱਜੋਂ ਲੋਈ ਵੀ ਦਿੱਤੀ ਜਾਂਦੀ ਹੈ।ਵਰਨਣਯੋਗ ਹੈ ਮਿੰਨੀ ਗਰੇਵਾਲ ਨੇ ਕਹਾਣੀਆਂ ਸਮੇਤ ਕਈ ਕਿਤਾਬਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈਆਂ ਹਨ।ਇਸ ਮੌਕੇ ਤੇ ਭਰਵੇਂ ਇਕੱਠ ਵਿੱਚ `ਪੰਜਾਬੀ ਸਾਹਿਤ ਅਕੈਡਮੀ` ਦੇ ਸਾਬਕਾ ਪ੍ਰਧਾਨ ਤੇ ਉਘੇ ਲੇਖਕ ਗੁਰਭਜਨ ਗਿੱਲ ਦਾ ਵੀ ਸਭਾ ਵਲੋਂ ਉਨ੍ਹਾਂ ਦੀਆਂ ਸਾਹਿਤ ਪ੍ਰਤੀ ਸੇਵਾਵਾਂ ਲਈ ਸਨਮਾਨ ਕੀਤਾ ਗਿਆ।ਇਸ ਮੌਕੇ ਮਰਹੂਮ ਇਕਬਾਲ ਅਰਪਨ ਦੇ ਪਰਿਵਾਰਕ ਮੈਂਬਰ ਵਿਸ਼ੇਸ਼ ਤੌਰ ਤੇ ਸਮਾਗਮ ਵਿੱਚ ਸ਼ਾਮਿਲ ਹੋਏ। ਸਟੇਜ ਦਾ ਸੰਚਾਲਨ ਡਾ. ਰਿਆੜ ਨੇ ਕੀਤਾ।ਇਸ ਮੌਕੇ ਤੇ ਹੋਏ ਕਵੀ ਦਰਬਾਰ ਵਿੱਚ ਵੱਖ-ਵੱਖ ਲੇਖਿਕਾਂ ਵਲੋਂ ਆਪਣੀਆਂ ਰਚਨਾਵਾਂ ਪੜ੍ਹੀਆਂ ਗਈਆਂ।
ਲੇਖਿਕਾ ਬਲਵਿੰਦਰ ਕੌਰ ਬਰਾੜ ਵਲੋਂ ਮਿੰਨੀ ਗਰੇਵਾਲ ਦੇ ਜੀਵਨ ਤੇ ਲਿਖਤਾਂ ਬਾਰੇ ਪਰਚਾ ਪੜ੍ਹਿਆ।ਮਿੰਨੀ ਗਰੇਵਾਲ ਵਲੋਂ ਆਪਣੇ ਜੀਵਨ ਤੇ ਰਚਨਾਵਾਂ ਬਾਰੇ ਵਿਸਥਾਰ ਵਿੱਚ ਭਾਵਪੂਰਤ ਵਿਚਾਰ ਸਾਂਝੇ ਕੀਤੇ ਗਏ।ਹਮੇਸ਼ਾਂ ਦੀ ਤਰ੍ਹਾਂ ਮਾਸਟਰ ਭਜਨ ਸਿੰਘ ਵਲੋਂ `ਸ਼ਹੀਦ ਭਗਤ ਸਿੰਘ ਲਾਇਬ੍ਰੇਰੀ` ਵਲੋਂ ਉਸਾਰੂ, ਲੋਕ ਪੱਖੀ, ਵਿਗਿਆਨਕ, ਤਰਕਸ਼ੀਲ, ਸਾਹਿਤਕ ਕਿਤਾਬਾਂ ਦਾ ਸਟਾਲ ਲਗਾਇਆ, ਜਿਥੋਂ ਅਨੇਕਾਂ ਪਾਠਕਾਂ ਨੇ ਕਿਤਾਬਾਂ ਖਰੀਦੀਆਂ।ਪੰਜਾਬੀਆਂ ਵਿੱਚ ਕਿਤਾਬਾਂ ਪੜ੍ਹਨ ਦੀ ਰੁਚੀ ਪੈਦਾ ਕਰਨ ਲਈ ਮਾਸਟਰ ਭਜਨ ਸਿੰਘ ਦਾ ਉਪਰਾਲਾ ਸ਼ਲਾਘਾਯੋਗ ਹੈ।ਪ੍ਰੋਗਰਾਮ ਦੇ ਅਖੀਰ ਤੇ ਸਭਾ ਦੇ ਪ੍ਰਧਾਨ ਤੇ ਉਘੇ ਗ਼ਜ਼ਲਗੋ ਕੇਸਰ ਸਿੰਘ ਨੀਰ ਨੇ ਸਭ ਦਾ ਧੰਨਵਾਦ ਕੀਤਾ।