ਦਰਿਆਈ ਪਾਣੀਆਂ ਦਾ ਝਗੜਾ,ਐਸਵਾਈਐੱਲ,ਸੋਕਾ ਅਤੇ ਹੱਲ ਵਿਸ਼ੇ ’ਤੇ ਵਿਚਾਰ ਗੋਸ਼ਟੀ
Posted on:- 27-06-2016
ਬਰਨਾਲਾ : ਇਨਕਲਾਬੀ ਕੇਂਦਰ ਪੰਜਾਬ ਵੱਲੋਂ, ਐੱਸਵਾਈਐੱਲ ਤੇ ਦਰਿਆਈ ਪਾਣੀਆਂ ਦੀ ਵੰਡ ਦੇ ਝਗੜਿਆਂ ਦੇ ਮੁੱਦੇ ਅਤੇ ਦੇਸ਼ ਭਰ ਵਿੱਚ ਪਏ ਭਿਆਨਕ ਸੋਕੇ ਦੇ ਮੁੱਦੇ ’ਤੇ ਇਕ ਸੂਬਾ ਪੱਧਰੀ ਵਿਚਾਰ ਚਰਚਾ ਕੀਤੀ ਗਈ। ਵਿਚਾਰ-ਚਰਚਾ ਦੀ ਸ਼ੁਰੂਆਤ ਕਰਦਿਆਂ ਇਨਕਲਾਬੀ ਕੇਂਦਰ ਦੇ ਸੂਬਾ ਕਮੇਟੀ ਮੈਂਬਰ ਮੁਖਤਿਆਰ ਪੂਹਲਾ ਨੇ ਕਿਹਾ, ‘‘ਮੌਜੂਦਾ ਲੋਕ ਵਿਰੋਧੀ ਸਾਮਰਾਜੀ ਪ੍ਰਬੰਧ ਅੰਦਰ ਹੋਰ ਕੁਦਰਤੀ ਸੋਮਿਆਂ ਦੀ ਤਰ੍ਹਾਂ ਪਾਣੀਆਂ ਨੂੰ ਵੀ ਖੋਹ-ਖਿੰਝ ਦਾ ਅਖਾੜਾ ਬਣਾ ਦਿੱਤਾ ਗਿਆ । ਕੌਮਾਂਤਰੀ ਪੱਧਰ ’ਤੇ ਵਿਕਸਤ ਹੋਏ ਨਿਯਮਾਂ ਮੁਤਾਬਿਕ ਜੇਕਰ ਪੰਜਾਬ ਦੇ ਦਰਿਆਈ ਪਾਣੀਆਂ ਦਾ ਮਸਲਾ ਹੱਲ ਕਰਨਾ ਹੋਵੇ ਤਾਂ ਇਹ ਕੋਈ ਮੁਸ਼ਕਲ ਮਾਮਲਾ ਨਹੀਂ ।’’
ਉਨ੍ਹਾਂ ਕਿਹਾ ਕਿ ‘‘ਪੰਜਾਬ ਦੇ ਦਰਿਆਈ ਪਾਣੀਆਂ ਦਾ ਝਗੜਾ ਵੀ ਕੇਂਦਰੀ ਹਾਕਮਾਂ ਵੱਲੋਂ ਪੰਜਾਬੀ ਕੌਮੀਅਤ ਨਾਲ ਕੀਤੇ ਜਾ ਰਹੇ ਧੱਕੇ ਅਤੇ ਵਿਤਕਰੇ ਕਰਕੇ ਲਟਕਦਾ ਰੱਖਿਆ ਜਾ ਰਿਹਾ। ਸਿਆਸੀ ਪਿੜ ਅੰਦਰ ਸਰਗਰਮ ਸਾਰੀਆਂ ਹੀ ਬੁਰਜੂਆਂ ਪਾਰਲੀਮਾਨੀ ਪਾਰਟੀਆਂ ਦੇ ਹਿੱਤ ਮਾਮਲੇ ਨੂੰ ਵੱਧ ਤੋਂ ਵੱਧ ਲਮਕਾਕੇ ਆਪਣੀ ਜ਼ਿੰਮੇਵਾਰੀ ਇੱਕ ਦੂਸਰੇ ਉੱਪਰ ਸੁੱਟਕੇ ਸਿਆਸੀ ਰੋਟੀਆਂ ਸੇਕਣ ਨਾਲ ਜੁੜੇ ਹੋਏ ਹਨ। ਇਸ ਦਾ ਸਹੀ ਨਿਪਟਾਰਾ ਕਰਨ ਲਈ ਜਮਹੂਰੀ ਅਤੇ ਨਿਰਪੱਖ ਜਲ ਮਾਹਿਰਾਂ ਦੀ ਟੀਮ ਦੀ ਜ਼ਰੂਰਤ ਜੋ ਕਿ ਨਾ ਸਿਰਫ ਘੱਗਰ ਦਰਿਆ ਦੇ ਸਿੰਧ ਨਦੀ ਖੇਤਰ ਦਾ ਹਿੱਸਾ ਹੋਣ ਜਾਂ ਨਾ ਹੋਣ ਬਾਰੇ ਨਿਰਣਾ ਕਰੇ ਬਲਕਿ ਪ੍ਰੰਰਪਰਾਗਤ ਅਧਾਰ ’ਤੇ ਵਰਤੇ ਜਾ ਰਹੇ ਪਾਣੀਆਂ ਨੂੰ ਸੁਰੱਖਿਅਤ ਕਰਦੇ ਹੋਏ ਉਹ ਤਿੰਨਾਂ ਰਾਜਾਂ ਦੀ ਤਸੱਲੀ ਵਾਸਤੇ ਪੂਰੀ ਤਰ੍ਹਾਂ ਨਿਰਪੱਖ ਰਹਿ ਕੇ ਕੌਮਾਂਤਰੀ ਨਿਯਮਾਂ ਮੁਤਾਬਿਕ ਬਕਾਇਦਾ ਬਾਕੀ ਬਚਦੇ ਪਾਣੀ ਦਾ ਨਿਤਾਰਾ ਕਰ ਕੇ ਇਹਨਾਂ ਦੀ ਵੰਡ ਕਰੇ।’’
ਦੇਸ਼ ਦੇ ਵੱਡੇ ਹਿੱਸੇ ਵਿੱਚ ਪਏ ਸੋਕੇ ਜਿਸ ਨਾਲ ਸਰਕਾਰੀ ਅੰਕੜਿਆਂ ਅਨੁਸਾਰ 35 ਕਰੋੜ (ਗ਼ੈਰ-ਸਰਕਾਰੀ ਅੰਕੜਿਆਂ ਮੁਤਾਬਿਕ 45 ਕਰੋੜ) ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ‘‘ਇਹ ਸਭ ਕੁੱਝ ਸਿਰਫ਼ ਥੋੜੀ ਜਿਹੀ ਗਿਣਤੀ ਦੇ ਅਮੀਰਾਂ ਦੇ ਮੁਨਾਫ਼ਿਆਂ ਦੀ ਖਾਤਰ ਬਣਾਈਆਂ ਤੇ ਲਾਗੂ ਕੀਤੀਆਂ ਜਾ ਰਹੀਆਂ ਲੋਕ-ਵਿਰੋਧੀ ਨੀਤੀਆਂ ਦੇ ਕਾਰਨ ਹੋ ਰਿਹਾ ।’’
ਪੀਟੀਯੂ ਸੈਂਟਰ ਬਰਨਾਲਾ ਦੇ ਹਾਲ ਵਿੱਚ ਪੰਜਾਬ ਭਰ ਤੋਂ ਆਏ ਇਨਕਲਾਬੀ ਕੇਂਦਰ ਪੰਜਾਬ ਦੇ 60 ਦੇ ਕਰੀਬ ਸਰਗਰਮ ਵਰਕਰਾਂ ਤੇ ਮੈਂਬਰਾਂ ਨੇ ਅਨੇਕਾਂ ਸੁਆਲ ਰੱਖੇ ਜਿਨ੍ਹਾਂ ’ਤੇ ਦੋ ਘੰਟੇ ਗੰਭੀਰ ਚਰਚਾ ਹੋਈ ਤੇ ਬਹੁਤ ਸਾਰੇ ਸੁਆਲਾਂ ਦੇ ਜੁਆਬ ਦਿੱਤੇ ਗਏ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਪ੍ਰਧਾਨ ਨਰੈਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਸਾਂਝੇ ਤੌਰ ’ਤੇ ਨਿਭਾਈ। ਇਸ ਸਮੇਂ ਸਮੁੱਚੀ ਸੂਬਾ ਕਮੇਟੀ ਇਲਾਕਾ ਕਮੇਟੀਆਂ ਸਮੇਤ ਸਮੁੱਚੇ ਪੰਜਾਬ ਵਿੱਚੋਂ ਸਰਗਰਮ ਆਗੂ ਹਾਜਰ ਸਨ।ਇਹ ਵਿਚਾਰ ਚਰਚਾ ਬੇਹੱਦ ਮਹੱਤਵਪੂਰਨ ਪੇਚੀਦਾ ਮਸਲੇ ਦੀਆਂ ਪੇਚੀਦੀਗੀਆਂ ਨੂੰ ਸਮਝਣ ਸਹੀ ਹੱਲ ਪੇਸ਼ ਕਰਨ ਵਿੱਚ ਬਹੁਤ ਮਦਦਗਾਰ ਸਾਬਤ ਹੋਈ।