ਇਨਕਲਾਬੀ ਕੇਂਦਰ ਪੰਜਾਬ ਵੱਲੋਂ ਮੋਦੀ ਸਰਕਾਰ ਦੀ ਨਿੰਦਾ
Posted on:- 25-06-2016
ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ ਸੂਬਾ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਮੋਦੀ ਸਰਕਾਰ ਵੱਲੋਂ ਦੇਸ਼ ਦੇ 10 ਨਵੇਂ ਖੇਤਰਾਂ ਨੂੰ ਵਿਦੇਸ਼ੀ ਪੂੰਜੀ ਨਿਵੇਸ਼ ਲਈ ਹੋਰ ਖੁੱਲਾਂ ਦੇਣ ਦੀ ਮੋਦੀ ਸਰਕਾਰ ਦੀ ਨਿੰਦਾ ਕਰਦੇ ਹੋਏ ਕਿਹਾ ਹੈ ਕਿ ਦੇਸ਼ ਦੇ ਰੱਖਿਆ, ਫਰਮਾਸਿਊਟੀਕਲ, ਹਵਾਬਾਜ਼ੀ, ਸਿੰਗਲ ਬਰੈਂਡ ਪਰਚੂਨ ਆਦਿ ਖੇਤਰਾਂ ਵਿੱਚ ਵਿਦੇਸ਼ੀ ਅਤੇ ਭਾਰਤੀ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਹੋਰ ਫਾਇਦਾ ਹੋਵੇਗਾ । ਇਸ ਨਾਲ ਮੋਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਰੁਜ਼ਗਾਰ ਨੂੰ ਹੁਲਾਰਾ ਮਿਲਣ ਦੇ ਦਾਅਵਿਆਂ ਵਿੱਚ ਰਤੀ ਭਰ ਵੀ ਸਚਾਈ ਨਹੀਂ ਕਿਉਂਕਿ ਜਦੋਂ ਤੋਂ ਵਿਦੇਸ਼ੀ ਪੂੰਜੀ ਦੀ ਆਮਦ ਵਾਸਤੇ ਕੋਈ ਕਦਮ ਚੁੱਕੇ ਗਏ ਉਹਦੇ ਨਾਲ ਦੇਸ਼ ਅੰਦਰ ਰੁਜਗਾਰ ਦੇ ਮੌਕਿਆਂ ’ਚ ਕੋਈ ਵਾਧਾ ਨਹੀਂ ਹੋਇਆ ।
ਮੋਦੀ ਸਰਕਾਰ ਦੇ ‘ਮੇਕ ਇੰਨ ਇੰਡੀਆ’ ਪ੍ਰੋਗਰਾਮ ਤਹਿਤ ਵਿਦੇਸ਼ੀ ਦੌਰਿਆਂ ਨੇ ਦੇਸ਼ ਵਿਦੇਸ਼ ਦੇ ਧੰਨਾ ਸੇਠਾਂ ਨੂੰ ਤਾਂ ਨਿਹਾਲ ਕੀਤਾ ਹੈ ਪਰ ਇਨ੍ਹਾਂ ਨੇ ਦੇਸ਼ ਦੇ ਕਰੋੜਾਂ ਮਿਹਨਤਕਸ਼ ਲੋਕਾਂ ਦੀ ਜਿੰਦਗੀ ਨੂੰ ਸੁਧਾਰਨ ਵਾਸਤੇ ਕੁਝ ਨਹੀਂ ਕੀਤਾ । ਇਸਦਾ ਅਸਲ ਮਕਸਦ ਅਮਰੀਕਾ ਅਤੇ ਇਸਦੀ ਅਗਵਾਈ ’ਚ ਕੰਮ ਕਰਦੇ ਹੋਰ ਸਾਮਰਾਜੀ ਦੇਸ਼ਾਂ ਨੂੰ ਖੁਸ਼ ਕਰਕੇ ਐਨ.ਐਸ.ਜੀ. (ਪ੍ਰਮਾਣੂ ਵਸਤਾਂ ਦੀ ਪੂਰੀ ਸਬੰਧੀ ਬਣਿਆ ਗਰੁੱਪ) ਦੀ ਮੈਂਬਰੀ ਹਾਸਿਲ ਕਰਨਾ ਹੈ ਤਾਂ ਕਿ ਦੇਸ਼ ਅੰਦਰ ਪ੍ਰਮਾਣੂ ਊਰਜਾ ਦੇ ਵਧਾਰਾ ਕਰਨ ਵਾਸਤੇ ਹੋਰ ਵੱਧ ਮੌਕੇ ਹਾਸਿਲ ਕੀਤੇ ਜਾਣ ਅਤੇ ਇਉਂ ਆਪਣੇ ਆਪ ਨੂੰ ਤਾਕਤਵਾਰ ਮੁਲਕਾਂ ਦੀ ਸ੍ਰੇਣੀ ’ਚ ਸ਼ਾਮਿਲ ਕਰਕੇ ਦੱਖਣੀ ਏਸ਼ੀਆ ’ਚ ਆਪਣਾ ਦਬਦਬਾ ਬਣਾਇਆ ਜਾਵੇ । ਇਹ ਅਮਰੀਕੀ ਸਾਮਰਾਜੀ ਧੜੇ ਨਾਲ ਇੱਕ ਤਰ੍ਹਾਂ ਦੀ ਸੌਦੇਬਾਜ਼ੀ ਹੈ ਜਿਸ ਕਰਕੇ ਗਵਾਂਢੀ ਦੇਸ਼ਾਂ ਖਾਸ ਤੌਰ ਚੀਨ ਅਤੇ ਪਾਕਿਸਤਾਨ ਨਾਲ ਖਾਹਿਬਾਜ਼ੀ ਹੋਰ ਤਿੱਖੀ ਹੋਵੇਗੀ । ਇਨਕਲਾਬੀ ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੋਦੀ ਸਰਕਾਰ ਦੇ ‘ਮੇਕ ਇੰਨ ਇੰਡੀਆ’ ਦੇ ਨਾਂ ਤੇ ਸਾਮਰਾਜੀ ਲੁਟੇਰਿਆਂ ਅਤੇ ਭਾਰਤੀ ਹਾਕਮ ਜਮਾਤਾਂ ਦੇ ਕਾਰੋਬਾਰਾਂ ਅਤੇ ਮੁਨਾਫਿਆਂ ਨੂੰ ਵਧਾਉਣ ਅਤੇ ਦੇਸ਼ ਦੇ ਕੋਰੜਾਂ ਲੋਕਾਂ ਦੇ ਗਲ ਬੇਰੁਜ਼ਗਾਰੀ, ਗਰੀਬੀ ਅਤੇ ਮਹਿੰਗਾਈ ਦਾ ਸਿੰਕਜ਼ਾ ਹੋਰ ਕਸਣ ਦੇ ਮਨਸੂਬਿਆਂ ਤੋਂ ਸਾਵਧਾਨ ਰਹਿਣ ਅਤੇ ਦੇਸ਼ ਦੇ ਵੱਖ-ਵੱਖ ਖੇਤਰਾਂ ਨੂੰ ਵਿਦੇਸ਼ੀ ਪੂੰਜੀ ਨਿਵੇਸ਼ ਲਈ ਹੋਰ ਵੱਧ ਖੁੱਲਾਂ ਕਰਨ ਦਾ ਡਟਵਾ ਵਿਰੋਧ ਕਰਨ ।