ਰੌਚਕ ਬਾਲ ਸਾਹਿਤ ਨਾਲ ਨਰੋਆ ਸਮਾਜ ਸਿਰਜਿਆ ਜਾ ਸਕਦਾ :ਸੈਮਸਨ ਮਸੀਹ
Posted on:- 18-06-2016
ਮਾਹਿਲਪੁਰ: ਬਾਲ ਸਾਹਿਤ ਨਾਲ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ।ਇਹ ਵਿਚਾਰ ਕਰੂੰਬਲਾਂ ਭਵਨ ਮਾਹਿਲਪੁਰ ਵਿੱਚ ਸੁਰ ਸੰਗਮ ਵਿੱਦਿਅਕ ਟਰੱਸਟ ਵਲੋਂ ‘ਬਾਲ ਸਾਹਿਤ ਅਤੇ ਮੌਜੂਦਾ ਸਮਾਜ’ ਵਿਸ਼ੇ ਤੇ ਕਰਵਾਏ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਦੇ ਜ਼ਿਲ੍ਹਾ ਯੂਥ ਕੋ-ਆਰਡੀਨੇਟਰ ਸ਼੍ਰੀ ਸੈਮਸਨ ਮਸੀਹ ਨੇ ਆਖੇ। ਉਹਨਾਂ ਅੱਗੇ ਕਿਹਾ ਕਿ ਜਿਹੜੀਆਂ ਕਦਰਾਂ ਕੀਮਤਾਂ ਸਾਡੀ ਨਵੀਂ ਪਨੀਰੀ ਭੁਲਦੀ ਜਾ ਰਹੀ ਹੈ ਉਹਨਾਂ ਨੂੰ ਬਾਲ ਸਾਹਿਤਿਕ ਰਸਾਲਿਆਂ ਉਤੇ ਪੁਸਤਕਾਂ ਰਾਹੀਂ ਮੁੜ ਪ੍ਰਚਾਰਿਆ ਅਤੇ ਪ੍ਰਸਾਰਿਆ ਜਾ ਸਕਦਾ ਹੈ। ਉਹਨਾਂ ਆਪਣੇ ਭਾਸ਼ਣ ਵਿੱਚ ਨਿੱਕੀਆਂ ਕਰੂੰਬਲਾਂ ਦੇ ਦੋ ਦਹਾਕਿਆਂ ਦੇ ਵਿਸ਼ੇਸ਼ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਿਹੜੇ ਬੱਚੇ ਇਹ ਰਸਾਲੇ ਪੜ੍ਹਦੇ ਹਨ ਉਹ ਬਾਕੀਆਂ ਨਾਲੋਂ ਸਮਾਜ ਦੇ ਹਰ ਖੇਤਰ ਵਿੱਚ ਅੱਗੇ ਰਹਿੰਦੇ ਹਨ।
ਸਾਡੇ ਅਧਿਅਪਕਾਂ ਅਤੇ ਮਾਪਿਆਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਬੱਚਿਆਂ ਨੂੰ ਆਯੁ ਗੁੱਟ ਅਨੁਸਾਰ ਰਸਾਲੇ ਅਤੇ ਪੁਸਤਕਾਂ ਮੁਹੱਈਆ ਕਰਨ।ਸੈਮੀਨਾਰ ਦੇ ਪ੍ਰਬੰਧਕ ਅਤੇ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਦੋਂ ਅਸੀਂ ਆਪਣੇ ਬੱਚਿਆਂ ਲਈ ਖਿਡਾਉਣੇ ਚੁਣਦੇ ਹਾਂ ਉਸ ਵੇਲੇ ਉਹਨਾਂ ਦੀਆਂ ਰੁਚੀਆ ਅਨੁਸਾਰ ਪੁਸਤਕਾਂ ਦੀ ਚੋਣ ਵੀ ਕਰਨੀ ਚਾਹੀਦੀ ਹੈ। ਟੀ.ਵੀ ੳਤੇ ਨੈੱਟ ਦੇ ਜਾਲ ਚੋਂ ਬੱਚਿਆਂ ਨੂੰ ਰੌਚਕ ਪੁਸਤਕਾਂ ਨਾਲ ਕੱਢਿਆ ਜਾ ਸਕਦਾ ਹੈ।
ਸੈਮੀਨਾਰ ਦੀ ਪ੍ਰਧਾਨਗੀ ਕਰਦਿਆ ਕੌਮੀ ਯੁਵਾ ਪੁਰਸਕਾਰ ਜੇਤੂ ਪ੍ਰਮੋਦ ਸ਼ਰਮਾ ਅਤੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਸਟੇਟ ਯੁਵਾ ਪੁਰਸਕਾਰ ਜੇਤੂ ਅਮਰਪ੍ਰੀਤ ਸਿੰਘ ਹਨੀ ਅਤੇ ਅੰਤਰਰਾਸ਼ਟਰੀ ਭੰਗੜਾ ਕੋਚ ਮਨਦੀਪ ਸਿੰਘ ਨੇ ਕਿਹਾ ਕਿ ਨੌਜੂਆਨਾਂ ਨੂੰ ਉਚੇਰੀਆਂ ਮੰਜ਼ਿਲਾਂ ਵੱਲ ਨੂੰ ਤੋਰਨ ਲਈ ਨਿੱਗਰ ਸਾਹਿਤ ਦੀ ਬਹੁਤ ਲੋੜ ਹੈ। ਸਾਨੂੰ ਸਭ ਨੂੰ ਚੰਗੀਆਂ ਪੁਸਤਕਾਂ ਨੂੰ ਆਪਣਾ ਸਾਥੀ ਬਣਾਉਣਾ ਚਾਹੀਦਾ ਹੈ ਕਿਉਂਕਿ ਪੁਸਤਕਾਂ ਹਮੇਸ਼ਾਂ ਸਾਨੂੰ ਸਹੀ ਰਾਹ ਦਿਖਾਉਂਦੀਆਂ ਹਨ। ‘ਨਿੱਕੀਆਂ ਕਰੂੰਬਲਾਂ’ ਰਾਹੀਂ ਬੱਚਿਆਂ ਅੰਦਰ ਨੈਤਿਕ ਕਦਰਾਂ ਕੀਮਤਾਂ ਦਾ ਸੰਚਾਰ ਅਤੇ ਮਾਤ ਭਾਸ਼ਾ ਨਾਲ ਪਿਆਰ ਪੈਦਾ ਕੀਤਾ ਜਾ ਰਿਹਾ ਹੈ। ਅਸਲ ਵਿੱਚ ਨਰੋਏ ਬਾਲ ਸਾਹਿਤ ਨਾਲ ਅਦਰਸ਼ ਨਾਗਰਿਕਾਂ ਦਾ ਨਿਰਮਾਣ ਹੁੰਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰ. ਸਰਵਣ ਰਾਮ ਭਾਟੀਆ, ਬੱਗਾ ਸਿੰਘ ਆਰਟਿਸਟ,ਕੁਲਵਿੰਦਰ ਕੌਰ ਰੂਹਾਨੀ, ਕੁਲਦੀਪ ਕੌਰ ਬੈਂਸ, ਅਮਨ ਸਹੋਤਾ, ਤਨਵੀਰ ਮਾਨ, ਸੁਖਚੰਚਲ ਕੌਰ,ਹਰਵੀਰ ਹੈਰੀ, ਹਰਮਨਪ੍ਰੀਤ ਕੌਰ ਅਤੇ ਰਵਨੀਤ ਕੌਰ ਸਮੇਤ ਅਧਿਆਪਕ, ਮਾਪੇ, ਬੱਚੇ ਅਤੇ ਸਾਹਿਤ ਪ੍ਰੇਮੀ ਹਾਜ਼ਰ ਸਨ ਅੰਤ ਵਿੱਚ ਸਭ ਦਾ ਧੰਨਵਾਦ ਪ੍ਰਿੰ. ਮਨਜੀਤ ਕੌਰ ਨੇ ਕੀਤਾ।