ਰਾਜਕੀ ਤਸ਼ੱਦਦ ਵਿਰੁੱਧ ਜਮਹੂਰੀ ਹੱਕਾਂ ਦੀ ਸੂਬਾ ਕਨਵੈਨਸ਼ਨ 5 ਜੂਨ ਨੂੰ ਲੁਧਿਆਣਾ
Posted on:- 01-06-2016
ਜਮਹੂਰੀ ਅਧਿਕਾਰ ਸਭਾ, ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਏ.ਕੇ. ਮਲੇਰੀ, ਸੂਬਾ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਅਤੇ ਪ੍ਰੈੱਸ ਸਕੱਤਰ ਬੂਟਾ ਸਿੰਘ ਨੇ ਪ੍ਰੈੱਸ ਬਿਆਨ ਜਾਰੀ ਕਰਕੇ ਜਾਣਕਾਰੀ ਦਿੱਤੀ ਕਿ ਸਮੁੱਚੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਚੱਲ ਰਹੇ ਵਿਆਪਕ ਰਾਜਕੀ ਤਸ਼ੱਦਦ ਦੇ ਮੱਦੇਨਜ਼ਰ ਸਭਾ ਵਲੋਂ 5 ਜੂਨ, ਦਿਨ ਐਤਵਾਰ ਨੂੰ ਸਵੇਰੇ 10.30 ਵਜੇ ਪੰਜਾਬੀ ਭਵਨ ਲੁਧਿਆਣਾ ਵਿਖੇ ਬਹੁਤ ਹੀ ਅਹਿਮ ਸੂਬਾ ਕਨਵੈਨਸ਼ਨ ਆਯੋਜਤ ਕੀਤੀ ਜਾ ਰਹੀ ਹੈ। ਜੋ ਹਿੰਦੂਤਵੀ ਤਾਕਤਾਂ ਦੇ ਕੇਂਦਰ ਵਿਚ ਸੱਤਾਧਾਰੀ ਹੋਣ ਤੋਂ ਬਾਦ ਨਵਉਦਾਰਵਾਦੀ ਆਰਥਕ ਮਾਡਲ ਤਹਿਤ ਕਾਰਪੋਰੇਟ ਸਰਮਾਏਦਾਰੀ ਦੇ ਹਿੱਤ ਵਿਚ ਆਮ ਲੋਕਾਂ ਦੀ ਹੱਕ-ਜਤਾਈ ਅਤੇ ਜਮਹੂਰੀ ਹੱਕਾਂ ਨੂੰ ਕੁਚਲਣ ਦੀ ਰਾਜਕੀ ਨੀਤੀ ਅਤੇ ਸੰਘ ਪਰਿਵਾਰ ਦੇ ਫਿਰਕੂ ਪਾਲਾਬੰਦੀ ਦੇ ਪਿਛਾਖੜੀ ਏਜੰਡੇ ਦੇ ਮਿਲਾਪ ਨਾਲ ਹੋਰ ਵੀ ਬੇਤਹਾਸ਼ਾ ਅਤੇ ਬੇਰਹਿਮ ਸ਼ਕਲ ਅਖਤਿਆਰ ਕਰਨ ਦੀ ਨਾਜ਼ੁਕ ਸਥਿਤੀ ਨੂੰ ਮੁਖ਼ਾਤਬ ਹੋਵੇਗੀ।
ਹਿੰਦੂਤਵੀ ਸਰਕਾਰ ਵਲੋਂ ਅਖਾਉਤੀ ਵਿਕਾਸ ਮਾਡਲ ਦੇ ਦੇਸ਼ ਵਿਰੋਧੀ ਤੇ ਲੋਕ ਵਿਰੋਧੀ ਚਿਹਰੇ ਉੱਪਰ ਪਰਦਾ ਪਾਉਣ ਲਈ ਅਤੇ ਦੇਸ਼ ਨੂੰ ਦਰਪੇਸ਼ ਵਿਰਾਟ ਸਮੱਸਿਆਵਾਂ ਤੇ ਇਨ੍ਹਾਂ ਨੂੰ ਹੱਲ ਕਰਨ ਵਿਚ ਹਾਕਮ ਜਮਾਤਾਂ ਦੀ ਪੂਰੀ ਤਰ੍ਹਾਂ ਨਾਕਾਮੀ ਤੋਂ ਧਿਆਨ ਹਟਾਉਣ ਲਈ ਰਾਸ਼ਟਰਵਾਦ ਨੂੰ ਇਕ ਹਥਿਆਰ ਦੇ ਤੌਰ 'ਤੇ ਵਰਤਿਆ ਜਾ ਰਿਹਾ ਹੈ। ਰਾਸ਼ਟਰਵਾਦ ਦੇ ਨਾਂ ਹੇਠ ਹਰ ਜਮਹੂਰੀ ਵਿਰੋਧ ਨੂੰ ਦਬਾਉਣ ਦੀ ਤਾਨਾਸ਼ਾਹ ਨੀਤੀ ਨੂੰ ਜਾਇਜ਼ ਠਹਿਰਾਉਣ ਲਈ ਸੰਘ ਪਰਿਵਾਰ ਦਾ ਹਰ ਅੰਗ ਪੂਰੀ ਬੇਹਯਾਈ ਨਾਲ ਸਰਗਰਮ ਹੈ। ਦੂਰ-ਦਰਾਜ ਬਸਤਰ ਦੇ ਜੰਗਲਾਂ ਤੋਂ ਲੈਕੇ ਕੌਮੀ ਰਾਜਧਾਨੀ ਤਕ, ਦੇਸ਼ ਦੀਆਂ ਚੋਟੀ ਦੀਆਂ ਸਿੱਖਿਆ ਸੰਸਥਾਵਾਂ ਤੋਂ ਲੈਕੇ ਉੱਤਰ-ਪੂਰਬ ਅਤੇ ਜੰਮੂ-ਕਸ਼ਮੀਰ ਦੇ ਕੌਮੀਅਤ ਅੰਦੋਲਨਾਂ ਤਕ ਸਾਡਾ ਸਮੁੱਚਾ ਵਤਨ ਇਕ ਵੱਡੇ ਤਸੀਹਾ ਕੈਂਪ ਵਿਚ ਬਦਲ ਚੁੱਕਾ ਹੈ।
ਇਸ ਗੰਭੀਰ ਸਥਿਤੀ ਉੱਪਰ ਚਰਚਾ ਕਰਨ ਅਤੇ ਜਮਹੂਰੀ ਹੱਕਾਂ ਉੱਪਰ ਸਿਲਸਿਲੇਵਾਰ ਗਿਣੇਮਿਥੇ ਹਿੰਦੂਤਵੀ ਰਾਜਕੀ ਹਮਲੇ ਬਾਰੇ ਜਮਹੂਰੀ ਵਿਰੋਧ ਲਾਮਬੰਦ ਕਰਨ ਦੇ ਮਨੋਰਥ ਨਾਲ ਇਹ ਵਿਸ਼ੇਸ਼ ਕਨਵੈਨਸ਼ਨ ਕੀਤੀ ਜਾ ਰਹੀ ਹੈ। ਜਿਸ ਵਿਚ ਸ਼ਾਹਿਲਾ ਰਾਸ਼ਿਦ ਸ਼ੋਰਾ (ਵਾਈਸ ਪ੍ਰੈਜ਼ੀਡੈਂਟ ਜੇ.ਐੱਨ.ਯੂ. ਸਟੂਡੈਂਟਸ ਯੂਨੀਅਨ) ਅਤੇ ਖੁਰਮ ਪਰਵੇਜ਼ (ਪ੍ਰੋਗਰਾਮ ਕੋਆਰਡੀਨੇਟਰ ਜੰਮੂ-ਕਸ਼ਮੀਰ ਕੁਲੀਸ਼ਨ ਆਫ ਸਿਵਲ ਸੁਸਾਇਟੀ) ਨੂੰ ਮੁੱਖ ਬੁਲਾਰਿਆਂ ਵਜੋਂ ਸ਼ਾਮਲ ਹੋਣਗੇ ਤਾਂ ਜੋ ਜਮਹੂਰੀ ਹੱਕਾਂ ਦੀ ਜੱਦੋਜਹਿਦ ਦੇ ਵਿਆਪਕ ਭਵਿਖਨਕਸ਼ੇ ਵਿਚ ਇਸ ਸਮੁੱਚੀ ਸਥਿਤੀ ਬਾਰੇ ਚਰਚਾ ਕੀਤੀ ਜਾ ਸਕੇ। ਸਭਾ ਦੇ ਆਗੂਆਂ ਨੇ ਸਾਰੀਆਂ ਜਨਤਕ ਜਮਹੂਰੀ ਜਥੇਬੰਦੀਆਂ ਅਤੇ ਇਨਸਾਫ਼ਪਸੰਦ, ਅਗਾਂਹਵਧੂ ਜਮਹੂਰੀਅਤਪਸੰਦ ਤਾਕਤਾਂ ਅਤੇ ਬੌਧਿਕ ਹਲਕਿਆਂ ਨੂੰ ਜਮਹੂਰੀ ਹੱਕਾਂ ਦੀ ਰਾਖੀ ਲਈ ਜੱਦੋਜਹਿਦ ਵਿਚ ਸਰਗਰਮੀ ਨਾਲ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਕਿਹਾ ਇਹ ਅੱਜ ਸਾਡੀ ਸਭ ਦੀ ਬਹੁਤ ਹੀ ਅਹਿਮ ਜ਼ਿੰਮੇਵਾਰੀ ਹੈ ਜਿਸ ਨੂੰ ਨਿਭਾਉਣ ਲਈ ਸਾਨੂੰ ਪੂਰੀ ਤਨਦੇਹੀ ਨਾਲ ਕੰਮ ਕਰਨਾ ਚਾਹੀਦਾ ਹੈ।