ਬਰਾਕ ਓਬਾਮਾ ਨੇ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਚੋਣ ਜਿੱਤ ਲਈ ਹੈ। ਉਨ੍ਹਾਂ ਅਪਣੇ ਵਿਰੋਧੀ ਰਿਪਬਲਿਕਨ ਉਮੀਦਵਾਰ ਮਿੱਟ ਰੋਮਨੀ ਨੂੰ ਭਾਰੀ ਵੋਟਾਂ ਦੇ ਫ਼ਰਕ ਨਾਲ ਮਾਤ ਪਾਈ ਹੈ। ਬਰਾਕ ਓਬਾਮਾ ਦੇ ਮੁੜ ਤੋਂ ਰਾਸ਼ਟਰਪਤੀ ਚੁਣੇ ਜਾਣ ਦੀ ਖ਼ਬਰ ਆਉਂਦਿਆਂ ਹੀ, ਅਮਰੀਕਾ ਵਿਚ ਜਸ਼ਨ ਦਾ ਮਾਹੌਲ ਬਣ ਗਿਆ।
ਉਨ੍ਹਾਂ ਨੇ ਜਿੱਤ ਲਈ ਲੋੜੀਂਦੇ 270 ਵੋਟਾਂ ਦਾ ਅੰਕੜਾ ਪਾਰ ਕਰ ਲਿਆ। ਅਮਰੀਕੀ ਟੀਵੀ ਚੈਨਲਾਂ ਅਨੁਸਾਰ ਓਬਾਮਾ ਹੁਣ ਤੱਕ 303 ਵੋਟਾਂ ਲੈ ਚੁੱਕੇ ਹਨ, ਜਦਕਿ ਮਿੱਟ ਰੋਮਨੀ ਨੇ 206 ਵੋਟਾਂ ਹਾਸਲ ਕੀਤੀਆਂ ਹਨ।
ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਓਬਾਮਾ ਨੂੰ ਜਿੱਤ ਦੀਆਂ ਵਧਾਈਆਂ ਦਿੱਤੀਆਂ ਹਨ।