ਕਿਸਾਨ-ਮਜ਼ਦੂਰ ਕਰਜ਼ਾ ਮੁਕਤ ਸੰਘਰਸ਼ ਦੀਆਂ ਤਿਆਰੀਆਂ ਸ਼ੁਰੂ
Posted on:- 10-05-2016
ਮਹਿਲਕਲਾਂ: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਕਰਜ਼ੇ ਤੋਂ ਪੀੜਤ ਛੋਟੇ ਅਤੇ ਦਰਮਿਆਨੇ ਕਿਸਾਨਾਂ-ਮਜ਼ਦੂਰਾਂ ਦੀ ਜਾਨ ਦਾ ਖੌਅ ਬਣੇ ਸੂਦਖੋਰ ਆੜਤੀਆਂ ਅਤੇ ਬੈਂਕਾਂ ਦੇ ਕਰਜ਼ਿਆਂ ਦਾ ਤੰਦੂਆ ਜਾਲ ਤੋੜਨ ਅਤੇ ਕਰਜ਼ੇ ਤੋਂ ਮੁਕਤੀ ਹਾਸਲ ਕਰਨ ਲਈ ਮਈ 16 ਤੋਂ ਡੀ ਸੀ ਬਰਨਾਲਾ ਦੇ ਦਫਤਰ ਅੱਗੇ ਲਗਾਤਾਰ ਧਰਨਾ ਅਤੇ ਪੜਾਅਵਾਰ ਕਰਜ਼ਾ ਮੁਕਤੀ ਮੋਰਚਾ ਦੀਆਂ ਤਿਆਰੀਆਂ ਪਿੰਡ-ਪਿੰਡ ਮੀਟਿੰਗਾਂ ਕਰਵਾਉਣ ਨਾਲ ਸ਼ੁਰੂ ਹੋ ਗਈਆਂ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਧਨੇਰ, ਮੁੰਮ,ਸਹਿਜੜਾ,ਸਹੌਰ ਅਤੇ ਮਾਂਗੇਵਾਲ ਵਿਖੇ ਹੋਈਆਂ ਵਿਸ਼ਾਲ ਮੀਟਿੰਗਾਂ ਅਤੇ ਮਿਲ ਰਹੇ ਕਿਸਾਨਾਂ-ਮਜ਼ਦੂਰਾਂ ਦੇ ਉਤਸ਼ਾਹਜਨਕ ਹੁੰਗਾਰੇ ਤੋਂ ਬਾਅਦ ਬਲਾਕ ਮਹਿਲਕਲਾਂ ਦੇ ਪ੍ਰਧਾਨ ਜਗਰਾਜ ਹਰਦਾਸਪੁਰਾ ਅਤੇ ਚਮਕੌਰ ਸਹਿਜੜਾ ਨੇ ਕੀਤਾ। ਜਥੇਬੰਦੀ ਦੇ ਆਗੂਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ,ਜ਼ਿਲ੍ਹਾ ਆਗੂ ਬਲਦੇਵ ਸੱਦੋਵਾਲ ਸੀਨੀਅਰ ਆਗੂ ਗੁਰਦੇਵ ਮਾਂਗੇਵਾਲ ਨੇ ਇਨ੍ਹਾਂ ਮੰਟਿੰਗਾਂ ਸਮੇਂ ਕਿਸਾਨਾਂ-ਮਜਦੂਰਾਂ ਨਾਲ ਮੰਗਾਂ ਸਬੰਧੀ ਗੱਲ ਕਰਦਿਆਂ ਕਿਹਾ ਕਿ ਸਾਮਰਾਜੀ ਲੁਟੇਰਿਆਂ ਦੇ ਦਿਸ਼ਾ ਨਿਰਦੇਸ਼ਨਾਂ ਤਹਿਤ ਸਮੇਂ-ਸਮੇਂ ਦੀਆਂ ਕੇਂਦਰੀ ਅਤੇ ਸੂਬਾ ਸਰਕਾਰਾਂ ਦੀਆਂ ਕਿਸਾਨ-ਮਜ਼ਦੂਰ ਵਿਰੋਧੀ ਨੀਤੀ ਕਾਰਨ ਛੋਟਾ ਤੇ ਦਰਮਿਆਨਾ ਕਿਸਾਨ ਆਰਥਿਕ ਪੱਖੋਂ ਟੁੱਟ ਕੇ ਹਕੀਕੀ ਰੂਪ’ਚ ਦਿਵਾਲੀਆ ਹੋ ਚੁੱਕਿਆ ਹੈ।
ਇਸ ਲਈ ਆਗੂਆਂ ਨੇ ਜ਼ੋਰਦਾਰ ਮੰਗ ਕੀਤੀ ਕਿ ਕਿਸਾਨਾਂ-ਮਜ਼ਦੂਰਾਂ ਸਿਰ ਚੜ੍ਹਿਆ ਸਰਕਾਰੀ, ਸਹਿਕਾਰੀ, ਪ੍ਰਾਈਵੇਟ ਬੈਂਕਾਂ ਅਤੇ ਸੂਦਖੋਰ ਆੜ੍ਹਤੀਆਂ ਦਾ ਸਾਰਾ ਕਰਜ਼ਾ ਖਤਮ ਕੀਤਾ ਜਾਵੇ, ਕਿਸਾਨ ਦੀ ਜ਼ਮੀਨ, ਘਰ, ਸੰਦ ਸਾਧਨਾਂ ਦੀ ਕੁਰਕੀ ਨਿਲਾਮੀ ਕਬਜ਼ੇ ਵਰੰਟ ਸਾਰੇ ਰੱਦ ਕੀਤੇ ਜਾਣ, ਸੂਦ-ਖੋਰ ਆੜ੍ਹਤੀਆਂ ਦੇ ਖਾਲੀ ਪਰੋਨੋਟ ਝੂਠੇ ਇਕਰਾਰਨਾਮੇ,ਖਾਲੀ ਚੈੱਕ ਅਤੇ ਬਹੀਆਂ ਆਦਿ ਦੀ ਮਾਨਤਾ ਰੱਦ ਕੀਤੀ ਜਾਵੇ, ਕਿਸਾਨਾਂ-ਮਜ਼ਦੂਰਾਂ ਦੇ ਗਲੇ ਦਾ ਫੰਦਾ ਬਣੇ ਆੜ੍ਹਤੀਆ/ਸ਼ਾਹੂਕਾਰਾ ਪ੍ਰਬੰਧ ਨੂੰ ਖਤਮ ਕੀਤਾ ਜਾਵੇ, ਸਿਰੇ ਤੋਂ ਕਿਸਾਨਾਂ-ਮਜ਼ਦੂਰਾਂ ਨੂੰ ਲੰਬੀ ਮਿਆਦ ਦੇ ਵਿਆਜ ਰਹਿਤ ਕਰਜ਼ੇ ਦੇਣ ਦਾ ਪ੍ਰਬੰਧ ਕੀਤਾ ਜਾਵੇ। ਖੁਦਕਸ਼ੀ ਕਰ ਗਏ ਕਿਸਾਨਾਂ-ਮਜਦੂਰਾਂ ਦੇ ਪ੍ਰੀਵਾਰਾਂ ਨੂੰ ਫੌਰੀ ਰਾਹਤ ਵਜੋਂ ਪੰਜ-ਪੰਜ ਲੱਖ ਰੁ. ਦੀ ਵਿੱਤੀ ਸਹਾਇਤਾ, ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਹਰ ਕਿਸਮ ਦਾ ਕਰਾਜ਼ਾ ਖਤਮ ਕੀਤਾ ਜਾਵੇ।ਅਸੀਂ ਸਾਰੇ ਕਰਜ਼ੇ ਤੋਂ ਪੀੜਤ ਖੁਦਕਸ਼ੀ ਦੀ ਕਗਾਰ ਤੇ ਖੜ੍ਹੇ ਕਿਸਾਨਾਂ-ਮਜ਼ਦੂਰਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੇ ਸਿਰ ਚੜ੍ਹੇ ਕਰਜ਼ੇ ਦੇ ਸਬੂਤਾਂ ਸਮੇਤ ਸਾਡੀ ਜਥੇਬੰਦੀ ਨਾਲ ਸੰਪਰਕ ਕਰਨ ਅਤੇ ਸੰਘਰਸ਼ ਵਿੱਚ ਸ਼ਾਮਲ ਹੋਣ।