ਬੋਹਾ ’ਚ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਖ਼ਿਲਾਫ਼ ਰੋਸ -ਜਸਪਾਲ ਸਿੰਘ ਜੱਸੀ
Posted on:- 02-11-2012
ਪਿਛਲੇ 10 ਸਾਲਾਂ ਤੋਂ ਪੀਣ ਯੋਗ ਪਾਣੀ ਦੀ ਬੂੰਦ-ਬੂੰਦ ਤੋਂ ਮੁਥਾਜ ਬੋਹਾ ਦੀ ਪੰਜਗਰਾਂਈ ਬਸਤੀ ਦੇ ਲੋਕਾਂ ਨੇ ਅੱਜ ਆਪਣਾ ਗੁੱਸਾ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਖਿਲਾਫ ਜ਼ੋਰਦਾਰ ਨਾਹਰੇਬਾਜ਼ੀ ਕਰਕੇ ਕੀਤੀ। ਲੋਕ ਸਭਾ ਹਲਕਾ ਬਠਿੰਡਾ ਤੋਂ ਸਾਂਸਦ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਘੁਰਕੀ ਦਿੰਦਿਆਂ ਲੋਕਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਇਹ ਸਮੱਸਿਆ ਤੁਰੰਤ ਹੱਲ ਨਾ ਕੀਤੀ ਗਈ ਤਾਂ ਆਉਂਦੀਆਂ ਲੋਕ ਸਭਾ ਸਮੇਤ ਹੋਰ ਚੋਣਾਂ ’ਚ ਉਹ ਵੋਟ ਦੀ ਆਸ ਨਾ ਰੱਖੇ।
ਰੋਸ ਪ੍ਰਗਟ ਕਰ ਰਹੇ ਵੱਡੀ ਗਿਣਤੀ ਲੋਕ ਜਿਨ੍ਹਾਂ ਦੀ ਅਗਵਾਈ ਮਹਿੰਦਰ ਸਿੰਘ, ਸ਼ੇਰ ਸਿੰਘ,ਗਿਆਨੀ ਇੰਦਰ ਸਿੰਘ, ਬਖਸ਼ੀਸ਼ ਸਿੰਘ ਕਰ ਰਹੇ ਸਨ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ 1500 ਦੇ ਕਰੀਬ ਆਬਾਦੀ ਵਾਲੀ ਇਸ ਬਸਤੀ ਦੇ ਰਾਜਨੀਤਿਕ ਤੌਰ ’ਤੇ 90 ਫੀਸਦ ਪਰਿਵਾਰ ਪੁਰਖਿਆਂ ਤੋਂ ਅਕਾਲੀ ਦਲ ਨਾਲ ਜੁੜੇ ਹੋਏ ਹਨ। ਇਸ ਬਸਤੀ ਦੇ ਸਵਰਗੀ ਜਥੇਦਾਰ ਜੋਗਿੰਦਰ ਸਿੰਘ, ਜਥੇਦਾਰ ਸਾਧੂ ਸਿੰਘ,ਜਥੇਦਾਰ ਜੇਠਾ ਸਿੰਘ ਅਤੇ ਜਥੇਦਾਰ ਭਗਵਾਨ ਸਿੰਘ ਨੇ ਅਕਾਲੀ ਦਲ ਦੇ ਕਈ ਮੋਰਚਿਆਂ ’ਚ ਮੁੱਖ ਮੰਤਰੀ ਪੰਜਾਬ ਸ੍ਰ.ਪਰਕਾਸ਼ ਸਿੰਘ ਬਾਦਲ ਨਾਲ ਜੇਲ੍ਹਾਂ ਵੀ ਕੱਟੀਆਂ। ਅਫਸੋਸ ਕਿ ਪੰਜਾਬ ਦੇ ਚਾਰ ਵਾਰ ਮੁੱਖ ਮੰਤਰੀ ਬਣਨ ਵਾਲੇ ਸ੍ਰ.ਬਾਦਲ ਅਤੇ ਸੂਬੇ ’ਚ 25 ਸਾਲਾਂ ਤੱਕ ਲਗਾਤਾਰ ਰਾਜ ਕਰਨ ਦੀਆਂ ਡੀਂਗਾਂ ਮਾਰਨ ਵਾਲੇ ਉੱਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਨੇ ਸਾਡੇ ਪੁਰਖਿਆਂ ਦੀਆਂ ਕੁਰਬਾਨੀਆਂ ਦਾ ਹੋਰ ਮੁੱਲ ਤਾਂ ਕੀ ਪਾਉਣਾ ਸੀ, ਸਗੋਂ ਉਨ੍ਹਾਂ ਦੀ ਪੀਣਯੋਗ ਪਾਣੀ ਦੀ ਹੱਕੀ ਮੰਗ ਨੂੰ ਵੀ ਪੂਰਾ ਨਹੀਂ ਕਰ ਸਕੇ।
ਬਸਤੀ ਵਾਸੀ ਬਲਵਿੰਦਰ ਸਿੰਘ, ਬਲਵੀਰ ਸਿੰਘ,ਦਰਸ਼ਨ ਸਿੰਘ ਅਦਿ ਨੇ ਕਿਹਾ ਕਿ ਸਵਰਗੀ ਲੋਕ ਸਭਾ ਮੈਂਬਰ ਸ੍ਰ. ਭਾਨ ਸਿੰਘ ਭੌਰਾ ਨੇ ਆਪਣੇ ਅਖਤਿਆਰੀ ਕੋਟੇ ’ਚੋਂ ਲੱਖਾਂ ਰੁਪਏ ਦੀ ਗ੍ਰਾਂਟ ਦੇਕੇ ਉਨ੍ਹਾਂ ਨੂੰ ਵੱਖਰੀ ਪਾਇਪ ਲਾਇਨ ਰਾਹੀਂ ਪੀਣਯੋਗ ਪਾਣੀ ਮੁਹੱਈਆ ਕਰਵਾਇਆ ਸੀ, ਜਿਸ ਪਾਇਪ ਲਾਇਨ ’ਤੇ ਹੁਣ ਸੈਂਕੜੇ ਨਾਜਾਇਜ਼ ਟੂਟੀ ਕੁਨੈਕਸ਼ਨ ਲਗਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨਾਜਾਇਜ਼ ਟੂਟੀ ਕੁਨੈਕਸ਼ਨਾਂ ’ਤੇ ਸਿੱਧੀਆਂ ਮੋਟਰਾਂ ਵੀ ਲਗਾਈਆਂ ਹੋਈਆਂ ਹਨ, ਲਿਹਾਜਾ ਜਲ ਘਰ ਤੋਂ ਸਪਲਾਈ ਕੀਤਾ ਜਾਂਦਾ ਟੂਟੀ ਪਾਣੀ ਉੱਚੀ ਰਾਜਨੀਤਿਕ ਪਹੁੰਚ ਰੱਖਣ ਵਾਲੇ ਪਿੰਡ ਦੇ ਕੁਝ ਕੁ ਘਰਾਂ ਤੱਕ ਸੀਮਤ ਹੋਕੇ ਰਹਿ ਜਾਂਦਾ ਹੈ। ਇਸ ਬਾਰੇ ਵਿਭਾਗ ਵੀ ਚੁੱਪ ਹੈ।
ਆਗੂਆਂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਸਮੇਂ ਪਿੰਡ ਪੱਧਰੀ ਅਕਾਲੀ ਆਗੂਆਂ ਤੇ ਹਲਕਾ ਵਿਧਾਇਕ ਸ੍ਰ. ਚਤਿੰਨ ਸਿੰਘ ਸਮਾਂਓ ਨੇ ਉਨ੍ਹਾਂ ਦੀ ਬਸਤੀ ’ਚ ਆ ਕੇ ਸਰਕਾਰ ਬਣਦਿਆਂ ਸਾਰ ਹੀ ਪੀਣਯੋਗ ਪਾਣੀ ਦੀ ਸਮੱਸਿਆ ਤੁਰਤ ਹੱਕ ਕਰਨ ਦਾ ਵਾਅਦਾ ਕੀਤਾ ਸੀ ਜਿਹੜਾ ਸ੍ਰ. ਸਮਾਂਓ ਵਿਧਾਇਕ ਬਣਦਿਆਂ ਹੀ ਭੁੱਲ ਗਏ।
ਲੋਕਾਂ ਨੇ ਇਹ ਵੀ ਦੱਸਿਆ ਕਿ ਉਹ ਆਪਣੀ ਇਸ ਸਮੱਸਿਆ ਬਾਰੇ ਸਾਂਸਦ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਵੀ ਮਿਲੇ ਸਨ, ਪਰ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਇਕੱਤਰ ਲੋਕਾਂ ਨੇ ਪੰਜਾਬ ਸਰਕਾਰ ਅਤੇ ਬਠਿੰਡਾ ਲੋਕ ਸਭਾ ਹਲਕੇ ਤੋਂ ਅਕਾਲੀ ਦੀ ਸਾਂਸਦ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਪੀਣਯੋਗ ਪਾਣੀ ਦੀ ਸਮੱਸਿਆ ਤਾ ਤੁਰੰਤ ਹੱਲ ਨਾ ਕੀਤਾ ਗਿਆ ਤਾਂ ਆਉਂਦੀਆਂ ਚੋਣਾਂ ’ਚ ਉਹ ਸਾਥੋਂ ਵੋਟਾਂ ਦੀ ਆਸ ਨਾ ਕਰਨ।
ਉਨ੍ਹਾਂ ਇਹ ਵੀ ਕਿਹਾ ਕਿ ਉਹ ਕੇਵਲ ਪਾਰਟੀ ਵਿਰੋਧੀ ਵੋਟ ਹੀ ਨਹੀਂ ਪਾਉਣਗੇ ਬਲਕੇ ਖੁੱਲਕੇ ਪ੍ਰਚਾਰ ਵੀ ਕਰਨਗੇ।ਇਸ ਸਬੰਧੀ ਜਦ ਹਲਕਾ ਵਿਧਾਇਕ ਸ੍ਰ. ਚਤਿੰਨ ਸਿੰਘ ਸਮਾਂਓ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਪੰਜ ਗਰਾਂਈ ਬਸਤੀ ਦੇ ਲੋਕਾਂ ਦੀ ਪੀਣਯੋਗ ਪਾਣੀ ਦੀ ਸਮੱਸਿਆ ਹੱਲ ਕਰਾਉਣ ਲਈ ਯਤਨਸ਼ੀਲ ਹਨ, ਉਨ੍ਹਾਂ ਕਿਹਾ ਕਿ ਇਸ ਬਸਤੀ ਦੇ ਲੋਕਾਂ ਲਈ ਵੱਖਰਾ ਆਰ.ਓ ਲਗਾਉਣ ਦੀ ਤਜਵੀਜ ਵੀ ਪੰਜਾਬ ਸਰਕਾਰ ਨੂੰ ਭੇਜੀ ਗਈ ਹੈ।