‘ਢਾਣੀ’ ਬੀਰੇਵਾਲਾ ਡੋਗਰਾ ਦੇ ਲੋਕਾਂ ਦੀ ਨਵੀਂ ਪਹਿਲ
Posted on:- 29-04-2016
- ਜਸਪਾਲ ਸਿੰਘ ਜੱਸੀ
ਬੋਹਾ: ਸ਼ਮਸ਼ਾਨਘਾਟ ਤੱਕ ਜਾਣ ਦਾ ਰਾਸਤਾ ਬਣਾਏ ਜਾਣ ਦੀ ਆਸ ’ਚ ਪਿਛਲੇ ਚਾਰ ਦਹਾਕਿਆਂ ਤੋ ‘‘ਊਠ ਦੇ ਬੁੱਲ੍ਹ ਡਿੱਗਣ ਵਾਲੀ ਗੱਲ’’ ਸਰਕਾਰਾਂ ਵੱਲ ਵਾਂਗ ਬਿੱਟ-ਬਿੱਟ ਤੱਕ ਰਹੇ ਪਿੰਡ ਬੀਰੇਵਾਲਾ ਡੋਗਰਾ ਦੀ ਢਾਣੀ ਦੇ ਲੋਕਾਂ ਨੇ ਹੁਣ ਸਰਕਾਰਾਂ ਦੁਆਰਾ ਉਨ੍ਹਾਂ ਦੀ ਢਾਣੀ ਨੂੰ ਬਣਦੀਆਂ ਸਹੂਲਤਾਂ ਦੇਣ ਦੀ ਆਸ ਛੱਡ ਦਿੱਤੀ ਹੈ। ਉਨ੍ਹਾਂ ਇੱਕ ਨਿਵੇਕਲੀ ਪਿਰਤ ਪਾਉਦਿਆਂ ‘ਉਹ’ ਕਾਰਜ ਜੋ ਸਰਕਾਰਾਂ ਦੁਆਰਾ ਕੀਤੇ ਜਾਣੇ ਬਣਦੇ ਸਨ, ਨੂੰ ਆਪਣੇ ਪੱਧਰ ’ਤੇ ਕਰਨ ਦੀ ਸਹੁੰ ਚੁੱਕੀ ਹੈ।ਜਿਸ ਦੀ ਸ਼ੁਰੂਆਤ ਢਾਣੀ ਦੇ ਵਸਿੰਦਿਆਂ ਨੇ ਸ਼ਮਸ਼ਾਨਘਾਟ ਤੱਕ ਇੱਕ 15 ਫੁੱਟ ਚੌੜਾ ਰਾਸਤਾ ਮਿੱਟੀ ਦੀਆਂ ਟਰਾਲੀਆਂ ਨਾਲ ਉੱਚਾ ਚੁੱਕਕੇ ਤਿਆਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅਜਮੇਰ ਸਿੰਘ ਖਾਲਸਾ,ਸੁਖਰਾਜ ਸਿੰਘ ਪੰਚ, ਗੁਰਵਿੰਦਰ ਸਿੰਘ,ਕ ਲਦੀਪ ਸਿੰਘ, ਨਰਿੰਦਰ ਸਿੰਘ, ਅਮਨਦੀਪ ਸਿੰਘ,ਜਗਤਾਰ ਸਿੰਘ,ਸੁਖਵੰਤ ਸਿੰਘ ਭੁੱਲਰ ਆਦਿ ਨੇ ਦੱਸਿਆ ਕਿ ਉਨ੍ਹਾਂ ਦੀ ਢਾਣੀ ਤਕਰੀਬਨ 40 ਸਾਲ ਪੁਰਾਣੀ ਹੈ, ਜਿਸ ਚ ਤਕਰੀਬਨ 30 ਘਰ ਹਨ ਜਿਹੜੇ ਬੀਰੇਵਾਲਾ ਡੋਗਰਾ ਅਤੇ ਰਿਉਦ ਖੁਰਦ, ਰਿਉਦ ਕਲਾਂ ਆਦਿ ਪਿੰਡਾਂ ਤੋਂ ਆਕੇ ਵਸੇ ਹੋਏ ਹਨ।
ਉਨ੍ਹਾਂ ਦੱਸਿਆ ਕਿ ਢਾਣੀ ਨੂੰ ਲਗਦਾ ‘ਸ਼ਮਸ਼ਾਨਘਾਟ’ ਕੇਵਲ ਨਾਮ ਦਾ ਹੀ ਹੈ।ਸ਼ਮਸ਼ਾਨਘਾਟ ਨੂੰ ਕੋਈ ਰਾਸਤਾ ਨਾ ਲੱਗਦਾ ਹੋਣ ਕਾਰਨ ਜਦ ਵੀ ਢਾਣੀ ਦੇ ਕਿਸੇ ਵਿਆਕਤੀ ਦੀ ਮੌਤ ਹੋ ਜਾਂਦੀ ਤਾਂ ਮ੍ਰਿਤਕ ਦੇਹ ਨੂੰ ਫਸਲਾਂ ਵਿੱਚੋ ਦੀ ਲੰਘਕੇ ਲਿਜਾਣਾ ਪੈਦਾ ਸੀ ਜਾਂ ਟਰੈਕਟਰ-ਟਰਾਲੀ ਉਪਰ ਮ੍ਰਿਤਕ ਦੇਹ ਨੂੰ ਪਾਕੇ ਸ਼ਮਸ਼ਾਨਘਾਟ ਤੱਕ ਲਿਜਾਇਆ ਜਾਂਦਾ ਸੀ।ਇਸ ਸਮੇ ਦੁੱਖ ਦੀ ਘੜੀ ਚ ਸ਼ਰੀਕ ਹੋਣ ਵਾਲੇ ਰਿਸ਼ਤੇਦਾਰਾਂ ਤੋ ਵੀ ਸਾਨੂੰ ਸ਼ਰਮ ਮਹਿਸੂਸ ਹੁੰਦੀ ਸੀ ਕਿ ਸਾਡੇ ਕੋਲ ਢੰਗ ਸਿਰ ਦਾ ਸ਼ਮਸ਼ਾਨਘਾਟ ਵੀ ਨਹੀਂ ਹੈ।
ਉਨ੍ਹਾਂ ਕਿਹਾ ਕਿ ਢਾਣੀ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਸਮੇਂ-ਸਮੇਂ ਦੀਆਂ ਸਰਕਾਰਾਂ ਅੱਗੇ ਮੰਗ ਰੱਖੀ ਗਈ ਪ੍ਰੰਤੂ ‘ਪਰਨਾਲਾ ਉਥੇ ਦਾ ਉਥੇ’ ਹੀ ਰਿਹਾ।ਜਿਸ ਉਪਰੰਤ ਲੰਘੇ ਦਿਨੀ ਉਨ੍ਹਾਂ ਨੇ ਢਾਣੀ ਦੇ ਲੋਕਾਂ ਦਾ ਇਕੱਠ ਸੱਦਕੇ ਸਮੂਹਿਕ ਤੌਰ ਤੇ ਫੈਸਲਾ ਲਿਆ ਕਿ ਉਹ ਹੁਣ ਸਰਕਾਰ ਦੁਆਰਾ ਢਾਣੀ ਦੇ ਲੋਕਾਂ ਨੂੰ ਬਣਦੀਆਂ ਬੁਨਿਆਦੀ ਸਹੂਲਤਾਂ ਦੇਣ ਦੀ ਆਸ ਛੱਡਕੇ ‘ਖੁਦ’ ਪੱਲਿਓ ਪੈਸੇ ਖਰਚਕੇ ਸਹੂਲਤਾਂ ਮੁਹਈਆ ਕਰਾਉਣਗੇ।ਜਿਸ ਦੀ ਸ਼ੁਰੂਆਤ ਉਨਾ ਸ਼ਮਸ਼ਾਨਘਾਟ ਤੱਕ 15 ਫੁੱਟ ਚੌੜਾ ਰਾਸਤਾ ਬਣਾਕੇ ਕੀਤੀ ਹੈ।ਜਿਸ ਉਪਰ ਤਕਰੀਬਨ 50 ਹਜ਼ਾਰ ਰੁਪਏ ਦੀ ਲਾਗਤ ਆਈ ਹੈ।ਉਨ੍ਹਾਂ ਕਿਹਾ ਕਿ ਅਗਲੇ ਪੜਾਅ ਚ ਉਹ ਸ਼ਮਸ਼ਾਨਘਾਟ ਚ ਸ਼ੈਡ ਦੀ ਉਸਾਰੀ ਕਰਨਗੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਵਿੰਦਰ ਸਿੰਘ, ਸੁਖਵਿੰਦਰ ਸਿੰਘ, ਗੁਰਪਾਲ ਸਿੰਘ,ਗੁਰਮੇਲ ਸਿੰਘ, ਕਰਨੈਲ ਸਿੰਘ, ਮੰਗਾ ਸਿੰਘ, ਅਜੈਬ ਸਿੰਘ ਅਤੇ ਬਚਿੱਤਰ ਸਿੰਘ ਆਦਿ ਵੀ ਹਾਜ਼ਰ ਸਨ।