ਬੱਚਿਆਂ ਸਮੇਤ ਮਾਪਿਆਂ ਬੀਬੀ ਬਾਦਲ ਦੇ ਪੰਡਾਲ ਨੇੜੇ ਮਾਰਿਆ ਧਰਨਾ
Posted on:- 23-04-2016
- ਜਸਪਾਲ ਸਿੰਘ ਜੱਸੀ
ਪੰਜਾਬ ਸਰਕਾਰ ਦੁਆਰਾ ਪ੍ਰਾਈਵੇਟ ਪਬਲਿਕ ਪਾਰਟਨ ਭਾਈਵਾਲੀ (ਪੀ.ਪੀ.ਪੀ) ਸਕੀਮ ਤਹਿਤ ਸਾਲ 2011 ਤੋ ਬੋਹਾ ਵਿਖੇ ਚਲਾਏ ਜਾ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਚ ਬੁਨਿਆਦੀ ਸਹੂਲਤਾਂ ਸਮੇਤ ਅਧਿਆਪਕਾਂ ਦੀ ਕਮੀ,ਮਿਡ-ਡੇ-ਮੀਲ, ਟਰਾਂਸਪੋਰਟ ਦਾ ਪ੍ਰਬੰਧ, ਸਕੂਲ ਦੀ ਐਫੀਲੇਸ਼ਨ ਵਰਗੀਆਂ ਤੁਰਸ਼ੀਆਂ ਨਾਲ ਜੂਝ ਰਿਹਾ ਹੈ।ਲੰਬੇ ਸਮੇ ਤੋ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਸਕੂਲ ਨੂੰ ਅਣਗੌਲਿਆਂ ਕੀਤੇ ਜਾਣ ਤੋ ਗੁਸਾਏ ਮਾਪਿਆਂ ਨੇ ਅੱਜ ਆਦਰਸ਼ ਸਕੂਲ ਚੋ ਬੱਚਿਆਂ ਨੂੰ ਛੁੱਟੀ ਕਰਵਾਕੇ ਕੇਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦੀ ਬੀਰੇਵਾਲ ਡੋਗਰਾ ਫੇਰੀ ਦੌਰਾਨ ਬੀਬੀ ਬਾਦਲ ਨਾਲ ਮੁਲਾਕਾਤ ਕਰਨ ਦੇ ਮਕਸਦ ਨਾਲ ਅੱਜ ਬੀਰੇਵਾਲਾ ਡੋਗਰਾ ਵਿਖੇ ਸੰਗਤ ਦਰਸ਼ਨ ਵਾਲੇ ਪੰਡਾਲ ਤੋ ਮਹਿਜ ਕੁਝ ਦੂਰੀ ’ਤੇ ਜਾ ਸੜਕ ਉਪਰ ਧਰਨਾ ਮਾਰਿਆ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਸਵੀਰ ਸਿੰਘ ਪਿਪਲੀਆਂ, ਅਸ਼ੋਕ ਕੁਮਾਰ ਗਾਮੀਵਾਲਾ, ਬਿੰਦਰ ਸਿੰਘ ਮੱਲ ਸਿੰਘ ਵਾਲਾ, ਭੋਲਾ ਸਿੰਘ ਹਾਕਮ ਵਾਲਾ ਨੇ ਦੱਸਿਆ ਕਿ ਪ੍ਰਾਈਵੇਟ ਭਾਈਵਾਲ ਵਾਲੀ ਪੀ.ਪੀ.ਪੀ. ਸਕੀਮ ਤਹਿਤ ਬੋਹਾ ਵਿਖੇ ਇਹ ਸਕੂਲ ਚਲਾਇਆ ਜਾ ਰਿਹਾ ਹੈ ਜਿਸ ਪੰਜਾਬ ਸਰਕਾਰ ਵੱਲੋ ਲੱਗਭੱਗ 12 ਕਰੋੜ ਰੁਪਏ ਦੀ ਲਾਗਤ ਨਾਲ ਅਲੀਸ਼ਾਨ ਇਮਾਰਤ ਬਣਾਈ ਹੈ।
ਉਨ੍ਹਾਂ ਦੱਸਿਆ ਕਿ ਸਕੂਲ ਚ ਖੇਤਰ ਨਾਲ ਸਬੰਧਤ 42 ਪਿੰਡਾਂ ਦੇ 750 ਬੱਚੇ ਪੜਨ ਲਈ ਆਉਂਦੇ ਹਨ ਪਰ ਸਕੂਲ ਚ ਮਹਿਜ 8 ਹੀ ਅਧਿਆਪਕ ਹਨ।ਸਕੂਲੀ ਬੱਚੇ ਸਰਕਾਰ ਵੱਲੋ ਸਰਕਾਰੀ ਸਕੂਲਾਂ ਨੂੰ ਮਿਲਣ ਵਾਲੀਆਂ ਮੁਫਤ ਵਰਦੀਆਂ,ਦੁਪਿਹਰ ਦੇ ਭੋਜਨ ਅਤੇ ਟਰਾਂਸਪੋਰਟ ਵਰਗੀਆਂ ਸਹੂਲਤਾਂ ਤੋ ਵਾਂਝੇ ਹਨ।ਉਨ੍ਹਾਂ ਕਿਹਾ ਕਿ ਸਕੂਲ ਚ ਨਾ ਲਾਇਬ੍ਰੇਰੀ ਹੈ ਅਤੇ ਨਾ ਹੀ ਸਾਇਸ ਲਾਇਬ।ਇਥੋ ਤੱਕ ਕਿ ਇਸ ਬਹੁਕਰੋੜੀ ਸਕੂਲ ਚ ਪੀਣ ਯੋਗ ਪਾਣੀ ਤੱਕ ਦਾ ਪ੍ਰਬੰਧ ਨਹੀ ਹੈ।ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਸੀ.ਬੀ.ਐਸ.ਈ ਪੈਟਰਨ ਦੀ ਪੜਾਈ ਕਰਾ ਰਹੇ ਇਸ ਸਕੂਲ ਨੂੰ ਸੀ.ਬੀ.ਐਸ.ਈ ਸਮੇਤ ਕਿਸੇ ਵੀ ਸਿੱਖਿਆ ਬੋਰਡ ਦੀ ਮਾਨਤਾ ਨਹੀ ਹੈ।ਲਿਹਾਜਾ ਸਕੂਲ ਚੋ ਅੱਠਵੀਂ ਪਾਸ ਕਰਨ ਵਾਲੇ ਬੱਚਿਆਂ ਨੂੰ ਕੋਈ ਵੀ ਹੋਰ ਸਕੂਲ ਦਾਖਲਾ ਨਹੀ ਦੇ ਰਿਹਾ।ਜਿਸ ਕਾਰਨ ਅੱਠਵੀਂ ਪਾਸ ਕਰਨ ਵਾਲੇ ਦਰਜਨਾਂ ਬੱਚੇ ਆਪਣੇ ਘਰਾਂ ਚ ਬੈਠਣ ਲਈ ਮਜਬੂਰ ਹਨ।
ਮਾਪਿਆਂ ਦੱਸਿਆ ਕਿ ਉਕਤ ਸਮੱਸਿਆਵਾਂ ਦੇ ਹੱਲ ਲਈ ਉਹ ਕਈ ਵਾਰ ਜ਼ਿਲ੍ਹਾ ਪ੍ਰਸ਼ਾਸਨ ਸਮੇਤ ਉੱਪ ਮੁੱਖ ਮੰਤਰੀ ਪੰਜਾਬ ਸ੍ਰ.ਸੁਖਬੀਰ ਸਿੰਘ ਬਾਦਲ,ਕੇਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਨਿੱਜੀ ਰੂਪ ਚ ਮਿਲਕੇ ਬੇਨਤੀ ਕਰ ਚੁੱਕੇ ਹਨ ਪਰ ਪਰਨਾਲਾ ਉਥੇ ਦਾ ਉਥੇ ਹੀ ਹੈ।ਮਾਪਿਆਂ ਕਿਹਾ ਕਿ ਉਨ੍ਹਾਂ ਦੇ ਬੱਚਿਆਂ ਦੇ ਭਵਿੱਖ ਨਾਲ ਹੁੰਦੇ ਆ ਰਹੇ ਅਨਿਆ ਪ੍ਰਤੀ ਹੁਣ ਉਨ੍ਹਾਂ ਦੇ ਸਬਰ ਦਾ ਬੰਨ੍ਹ ਟੁੱਟ ਚੁੱਕਾ ਹੈ ਜਿਸ ਕਰਕੇ ਉਹ ਬੱਚਿਆਂ ਨੂੰ ਆਪਣੇ ਨਾਲ ਲੈਕੇ ਸੜਕ ਉਪਰ ਬੈਠਣ ਲਈ ਮਜਬੂਰ ਹਨ।ਓਧਰ ਸੰਗਤ ਦਰਸ਼ਨ ਦੇ ਪੰਡਾਲ ਨੇੜੇ ਬੱਚਿਆਂ ਨੂੰ ਲੈਕੇ ਸੜਕ ਉਪਰ ਬੈਠੇ ਮਾਪਿਆਂ ਨੂੰ ਦੇਖਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੱਥ-ਪੈਰ ਫੁੱਲ ਗਏ।ਜਿਸ ਉਪਰੰਤ ਡੀ.ਐਸ.ਪੀ ਬੁਢਲਾਡਾ ਨੇ ਮਾਪਿਆਂ ਦਾ ਇੱਕ ਵਫਦ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਮਿਲਾਉਣ ਦਾ ਭਰੋਸਾ ਦਵਾਇਆ।ਵਫਦ ਨਾਲ ਗੱਲਬਾਤ ਕਰਦਿਆਂ ਕੇਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਜਿੱਥੇ ਇਨ੍ਹਾਂ ਸੰਗਤ ਦਰਸ਼ਨਾਂ ਦੀ ਲੜੀ ਚ ਲਗਾਤਰ ਉੱਠਦੇ ਰਹੀ ਆਦਰਸ਼ ਸਕੂਲ ਬੋਹਾ ਦੇ ਮੁੱਦੇ ਉਪਰ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਨ ਖਿੱਚੇ ਉਥੇ ਉਨ੍ਹਾਂ ਸਿੱਖਿਆ ਮੰਤਰੀ ਪੰਜਾਬ ਸ੍ਰ.ਦਲਜੀਤ ਸਿੰਘ ਚੀਮਾਂ ਨੂੰ ਫੋਨ ਕਰਕੇ ਅੱਜ ਸ਼ਾਮ ਤੱਕ ਉਕਤ ਸਕੂਲ ਚ ਲੋੜੀਦੇ ਅਧਿਆਪਕ ਭੇਜਣ ਸਮੇਤ ਹੋਰ ਸਮੱਸਿਆਵਾਂ ਦਾ ਹੱਲ ਕਰਨ ਦੀ ਗੱਲ ਵੀ ਆਖੀ।ਉਨ੍ਹਾਂ ਮਾਪਿਆਂ ਨੂੰ ਭਰੋਸਾ ਦਵਾਇਆ ਕਿ ਉਹ ਸਕੂਲ ਚ ਆਪਣੇ ਬੱਚਿਆਂ ਦਾ ਦਾਖਲਾ ਕਰਾਉਣ ਅਤੇ 15 ਦਿਨਾਂ ਦੇ ਅੰਦਰ ਅੰਦਰ ਸਕੂਲ ਦੀਆਂ ਸਮੱਸਿਆਵਾਂ ਹੱਲ ਕਰ ਦਿੱਤੀਆਂ ਜਾਣਗੀਆਂ।