ਤੇਲੰਗਾਨਾ ਦੇ ਵਿਦਿਆਰਥੀਆਂ ਤੇ ਪ੍ਰੋਫੈਸਰਾਂ ਉੱਪਰ ਜਬਰ ਦੀ ਸਖ਼ਤ ਨਿਖੇਧੀ
Posted on:- 23-03-2016
ਜਮਹੂਰੀ ਅਧਿਕਾਰ ਸਭਾ, ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਏ.ਕੇ.ਮਲੇਰੀ, ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਅਤੇ ਪ੍ਰੈੱਸ ਸਕੱਤਰ ਬੂਟਾ ਸਿੰਘ ਨੇ ਤੇਲੰਗਾਨਾ ਪੁਲਿਸ ਵਲੋਂ ਹੈਦਰਾਬਾਦ ਸੈਂਟਰਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਉੱਪਰ ਵਹਿਸ਼ੀ ਢੰਗ ਨਾਲ ਤਸ਼ੱਦਦ ਕਰਨ ਅਤੇ ਦੋ ਪ੍ਰੋਫੈਸਰਾਂ ਕੇ.ਵਾਈ.ਰਤਨਮ ਤੇ ਤਥਗਤ ਸੇਨਗੁਪਤਾ ਅਤੇ 36 ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕਰਕੇ ਅਣਦੱਸੀ ਥਾਂ ਲਿਜਾਣ ਦੀ ਪੁਰਜ਼ੋਰ ਨਿਖੇਧੀ ਕੀਤੀ ਹੈ। ਵਿਦਿਆਰਥੀ ਅਤੇ ਪ੍ਰੋਫੈਸਰ ਦਲਿਤ ਵਿਰੋਧੀ ਵਾਈਸ ਚਾਂਸਲਰ ਅੱਪਾ ਰਾਓ ਪੋਡਿਲੇ ਦੀ ਯੂਨੀਵਰਸਿਟੀ ਵਿਚ ਮੁੜ ਵਾਪਸੀ ਵਿਰੁੱਧ ਪੁਰਅਮਨ ਵਿਖਾਵਾ ਕਰ ਰਹੇ ਸਨ ਜੋ ਭਾਜਪਾ ਦੇ ਮੰਤਰੀਆਂ ਬੰਡਾਂਰੂ ਦੱਤਾਤ੍ਰੇਆ ਅਤੇ ਸਮਰਿਤੀ ਈਰਾਨੀ ਦੇ ਇਸ਼ਾਰੇ 'ਤੇ ਸੰਘਰਸ਼ਸ਼ੀਲ ਦਲਿਤ ਵਿਦਿਆਰਥੀਆਂ ਨੂੰ ਜ਼ਲੀਲ ਤੇ ਤੰਗ-ਪ੍ਰੇਸ਼ਾਨ ਕਰਨ ਅਤੇ ਵਿਦਿਆਰਥੀ ਆਗੂ ਰੋਹਿਤ ਵੇਮੂਲਾ ਦੀ ਖ਼ੁਦਕੁਸ਼ੀ ਲਈ ਜ਼ਿੰਮੇਵਾਰ ਹੈ।
ਪੁਰਅਮਨ ਵਿਖਾਵਾਕਾਰੀਆਂ ਉੱਪਰ ਜਬਰ ਢਾਹੁਣ ਲਈ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਸ਼ਰਾਰਤੀ ਅਨਸਰਾਂ ਕੋਲੋਂ ਵੀ.ਸੀ. ਦੀ ਰਿਹਾਇਸ਼ ਦੀ ਭੰਨਤੋੜ ਕਰਵਾ ਗਈ ਅਤੇ ਇਸ ਨੂੰ ਬਹਾਨਾ ਬਣਾਕੇ ਪੁਲਿਸ ਵਿਖਾਵਾਕਾਰੀਆਂ ਉੱਪਰ ਟੁੱਟ ਪਈ। ਯਾਦ ਰਹੇ ਕਿ ਵਿਦਿਆਰਥੀਆਂ ਦੇ ਅੰਦੋਲਨ ਅਤੇ ਪੂਰੇ ਦੇਸ਼ ਵਿਚ ਇਨਸਾਫ਼ਪਸੰਦ ਤੇ ਜਮਹੂਰੀ ਤਾਕਤਾਂ ਵਲੋਂ ਉੱਠੀ ਵਿਰੋਧ ਦੀ ਆਵਾਜ਼ ਕਾਰਨ ਵਾਈਸ ਚਾਂਸਲਰ ਨੂੰ ਛੁੱਟੀ 'ਤੇ ਜਾਣਾ ਪਿਆ ਸੀ। ਹੁਣ ਸਰਕਾਰ ਉਸ ਨੂੰ ਦੁਬਾਰਾ ਯੂਨੀਵਰਸਿਟੀ ਉੱਪਰ ਥੋਪਣਾ ਚਾਹੁੰਦੀ ਹੈ, ਜਿਸਦਾ ਵਿਰੋਧ ਕਰਨਾ ਵਿਦਿਆਰਥੀਆਂ ਤੇ ਫੈਕਲਟੀ ਦਾ ਜਮਹੂਰੀ ਹੱਕ ਹੈ। ਉਨ੍ਹਾਂ ਮੰਗ ਕੀਤੀ ਕਿ ਗ੍ਰਿਫ਼ਤਾਰ ਕੀਤੇ ਵਿਦਿਆਰਥੀਆਂ ਤੇ ਪ੍ਰੋਫੈਸਰਾਂ ਨੂੰ ਤੁਰੰਤ ਬਿਨਾ ਸ਼ਰਤ ਰਿਹਾਅ ਕੀਤਾ ਜਾਵੇ, ਉਨ੍ਹਾਂ ਦੇ ਖ਼ਿਲਾਫ਼ ਦਰਜ ਕੀਤੇ ਕੇਸ ਰੱਦ ਕੀਤੇ ਜਾਣ, ਅੱਪਾ ਰਾਓ ਨੂੰ ਵਾਈਸ ਚਾਂਸਲਰ ਦੇ ਅਹੁਦੇ ਤੋਂ ਹਟਾਇਆ ਜਾਵੇ ਤੇ ਕਿਸੇ ਯੋਗ ਸ਼ਖਸੀਅਤ ਨੂੰ ਪ੍ਰਸ਼ਾਸਨਿਕ ਜ਼ਿੰਮੇਵਾਰੀ ਦੇ ਕੇ ਯੂਨੀਵਰਸਿਟੀ ਦਾ ਅਕਾਦਮਿਕ ਮਾਹੌਲ ਮੁੜ-ਬਹਾਲ ਕੀਤਾ ਜਾਵੇ ਅਤੇ ਭੰਨਤੋੜ ਦੀ ਘਟਨਾ ਅਤੇ ਵਿਖਾਵਾਕਾਰੀਆਂ ਉੱਪਰ ਜਬਰ ਹਾਈਕੋਰਟ ਦੇ ਪੱਧਰ 'ਤੇ ਉੱਚ ਪੱਧਰੀ ਜਾਂਚ ਕਰਾਈ ਜਾਵੇ ਅਤੇ ਇਸ ਦੀ ਸਾਜ਼ਿਸ਼ ਸਾਹਮਣੇ ਲਿਆਕੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ।-ਬੂਟਾ ਸਿੰਘ