ਪੰਜਾਬੀ ਲਿਖਾਰੀ ਸਭਾ ਵੱਲੋਂ ਕਰਵਾਏ ਗਏ ਪੰਜਾਬੀ ਮਾਂ ਬੋਲੀ ਦੇ ਮੁਕਾਬਲੇ
Posted on:- 18-03-2016
ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਪੰਜਵੇਂ ਸਲਾਨਾ ਪੰਜਾਬੀ ਮਾਂ ਬੋਲੀ ਦੇ ਮੁਕਾਬਲੇ ਵਾਈਟਹੌਰਨ ਕਮਿਉਨਟੀ ਹਾਲ ਵਿੱਚ ਕਰਵਾਏ ਗਏ। ਇਸ ਪ੍ਰੋਗਰਾਮ ਵਿੱਚ ਕੈਲਗਰੀ ਨਿਵਾਸੀਆਂ ਵੱਲੋਂ ਵੱਧ ਚੱੜਕੇ ਹਿੱਸਾ ਲਿਆ ਗਿਆ। ਹਾਲ ਸ੍ਰੋਤਿਆਂ ਅਤੇ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਬੱਚਿਆਂ ਨਾਲ ਪੰਜ ਘੰਟੇ ਤੱਕ ਚੱਲੇ, ਇਸ ਪ੍ਰੋਗਰਾਮ ਵਿੱਚ ਖਚਾ ਖਚ ਭਰਿਆ ਰਿਹਾ।
ਇਸ ਪ੍ਰੋਗਰਾਮ ਵਿੱਚ ਤਕਰੀਬਨ 70-80 ਬੱਚਿਆਂ ਨੇ ਭਾਗ ਲਿਆ। ਇਸ ਤੋਂ ਇਲਾਵਾ ਢਾਡੀ ਜੱਥਾ, ਗਿੱਧਾ, ਭੰਗੜਾ ਅਤੇ ਖ਼ਾਸ ਪੇਸ਼ਕਾਰੀਆਂ ਰਾਹੀਂ ਵੀ 20-25 ਬੱਚਿਆਂ ਨੇ ਹਾਜ਼ਰੀ ਲਗਵਾਈ। ਮੁਕਾਬਲੇ ਨੂੰ ਤਿੰਨ ਗਰੁੱਪਾਂ ਵਿੱਚ ਵੰਡਿਆ ਗਿਆ ਸੀ। ਪਹਿਲੇ ਗਰੁੱਪ ਵਿੱਚ ਗਰੇਡ ਤਿੰਨ ਅਤੇ ਚਾਰ ਦੇ ਬੱਚੇ, ਦੂਜੇ ਗਰੁੱਪ ਵਿੱਚ ਗਰੇਡ ਪੰਜ ਅਤੇ ਛੇ ਦੇ ਬੱਚੇ ਅਤੇ ਤੀਸਰੇ ਗਰੁੱਪ ਵਿੱਚ ਗਰੇਡ ਸੱਤ ਅਤੇ ਅੱਠ ਦੇ ਬੱਚਿਆਂ ਨੂੰ ਰੱਖਿਆ ਗਿਆ ਸੀ।
ਪਹਿਲੇ ਗਰੁੱਪ ਵਿੱਚੋਂ ਸੁਕੀਰਤ ਕੌਰ ਸਿੱਧੂ ਨੇ ਪਹਿਲਾ, ਪੁਨੀਤ ਢੱਡਾ ਨੇ ਦੂਸਰਾ ਅਤੇ ਕੁਸ਼ੇਕ ਚੀਮਾਂ ਨੇ ਤੀਸਰਾ ਸਥਾਨ ਹਾਸਿਲ ਕੀਤਾ। ਦੂਸਰੇ ਗਰੁੱਪ ਵਿੱਚੋਂ ਰੀਆ ਸੇਖੋਂ ਨੇ ਪਹਿਲਾ, ਸੁਖਰੂਪ ਸੰਘਾ ਨੇ ਦੂਸਰਾ ਅਤੇ ਪ੍ਰਭਲੀਨ ਗਰੇਵਾਲ਼ ਨੇ ਤੀਸਰਾ ਸਥਾਨ ਹਾਸਿਲ ਕੀਤਾ। ਤੀਸਰੇ ਗਰੁੱਪ ਵਿੱਚੋਂ ਚੰਨਪ੍ਰੀਤ ਮੁੰਜ਼ਾਲ ਨੇ ਪਹਿਲਾ, ਅਮਰੀਤ ਗਿੱਲ ਨੇ ਦੂਸਰਾ ਅਤੇ ਕੋਮਲ ਕੌਰ ਧਾਲੀਵਾਲ ਨੇ ਤੀਸਰਾ ਸਥਾਨ ਹਾਸਿਲ ਕੀਤਾ।
ਇਸ ਮੌਕੇ ਮਾਸਟਰ ਭਜਨ ਸਿੰਘ ਨੂੰ ਉਹਨਾਂ ਵੱਲੋਂ ਕੀਤੇ ਸਮਾਜਿਕ ਕਾਰਜਾਂ ਕਰਕੇ ਸਨਮਾਨਿਤ ਕੀਤਾ ਗਿਆ। ਲਵਪ੍ਰੀਤ ਕੌਰ ਦਿਓ ਨੂੰ ਵੀ ਵਿਸ਼ੇਸ਼ ਸਨਮਾਨ ਦਿੱਤਾ ਗਿਆ, ਜ਼ਿਹਨਾਂ ਨੇ ਅਪਾਹਜ ਹੋਣ ਦੇ ਬਾਵਜੂਦ ਖੇਡਾਂ ਵਿੱਚ ਮੱਲਾਂ ਮਾਰੀਆਂ ਹਨ। ਮੰਚ ਸੰਚਾਲਨ ਸਭਾ ਦੇ ਜਨਰਲ ਸਕੱਤਰ ਬਲਵੀਰ ਗੋਰਾ ਵੱਲੋਂ ਕੀਤਾ ਗਿਆ। ਸਭਾ ਵੱਲੋਂ ਆਏ ਹੋਏ ਮਹਿਮਾਨਾਂ ਵਾਸਤੇ ਚਾਅ ਪਾਣੀ ਦਾ ਉਚੇਚਾ ਪ੍ਰਬੰਧ ਕੀਤਾ ਗਿਆ ਸੀ। ਅਖੀਰ ਵਿੱਚ ਸਭਾ ਦੇ ਪ੍ਰਧਾਨ ਤਰਲੋਚਨ ਸੈਂਹਬੀ ਨੇ ਆਏ ਹੋਏ ਮਹਿਮਾਨਾਂ, ਸਮੂਹ ਮੀਡੀਆ ਅਤੇ ਪ੍ਰੋਗਰਾਮ ਦੇ ਸਪੌਂਸਰਾਂ ਦਾ ਪ੍ਰੋਗਰਾਮ ਨੂੰ ਕਾਮਯਾਬ ਬਣਾਉਣ ਵਾਸਤੇ ਸਾਰਿਆਂ ਦਾ ਸਭਾ ਵੱਲੋਂ ਧੰਨਵਾਦ ਕੀਤਾ।