ਜਾਤੀ ਪ੍ਰਥਾ ਤੇ ਫਿਰਕੂ ਫਾਸ਼ੀਵਾਦ ਵਿਰੁਧ ਇਕੱਠੇ ਹੋ ਕੇ ਲ਼ੜਨ ਦਾ ਹੋਕਾ
Posted on:- 15-03-2016
ਬਰਨਾਲਾ: ਜਮਹੂਰੀ ਅਧਿਕਾਰ ਸਭਾ ਦੀ ਬਰਨਾਲਾ ਜ਼ਿਲ੍ਹਾ ਇਕਾਈ ਵਲੋਂ ਕਰਵਾਏ ਗਏ ਸੈਮੀਨਾਰ ਵਿਚ ‘ਜਾਤੀ ਪ੍ਰਥਾ ਤੇ ਦਲਿਤਾਂ ਉਪਰ ਹੋ ਰਹੇ ਅਤਿਆਚਾਰਾਂ ਦੇ ਵਿਸ਼ੇ ਉਪਰ ਬੋਲਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰ ਡਾਕਟਰ ਭੀਮਇੰਦਰ ਸਿੰਘ ਨੇ ਕਿਹਾ ਕਿ ਜਾਤੀ ਪ੍ਰਥਾ ਆਪਣੇ ਪਿਛਲੇਰੇ ਸੰਸਕਰਣ ਵਰਣ ਵਿਵਸਥਾ ਦਾ ਪੀੜ੍ਹਾ ਤੇ ਵਿਗੜਿਆ ਹੋਇਆ ਰੂਪ ਹੈ। ਜਿਸ ਵਰਣ ਵਿਵਸਥਾ ਵਿਚ ਕੁਝ ਹਾਂਦਰੂ ਪੱਖ ਸਨ, ਉਹ ਜਦ ਜਨਮ ਨਾਲ ਜੋੜ ਦਿਤੀ ਗਈ ਅਤੇ ਕੁਝ ਲੋਕਾਂ ਨੂੰ ਜਾਇਦਾਦ ਵਿਹੂਣੇ ਕਰਕੇ ਉਨ੍ਹਾਂ ਤੋਂ ਮੁਫਤ ਜਾਂ ਨਿਗੂਣੇ ਇਵਜ਼ ਵਿਚ ਕੰਮ ਕਰਾੳੇਣ ਦਾ ਸੰਦ ਬਣਾ ਦਿਤੀ ਗਈ ਤਾਂ ਆਬਾਦੀ ਦੇ ਇਕ ਵੱਡੇ ਹਿਸੇ ਦੀ ਜ਼ਿੰਦਗੀ ਨਰਕ ਤੋਂ ਵੀ ਬਦਤਰ ਹੋ ਗਈ। ਮੌਜੂਦਾ ਦੌਰ ਵਿਚ ਇਸ ਪ੍ਰਥਾ ਕਾਰਨ ਦਲਿਤਾਂ ਦੀ ਜ਼ਿੰਦਗੀ ਹੋਰ ਵੀ ਘਿਨਾਉਣਾ ਰੂਪ ਅਖਤਿਆਰ ਕਰ ਗਈ ਕਿਉਂਕਿ ਰਾਜ ਉਪਰ ਕਾਬਜ਼ ਭਗਵੀਂ ਵਿਚਾਰਧਾਰਾ ਦਾ ਇਹ ਐਲਾਨੀਆ ਇੰਸਕਾਫ਼ ਹੈ ਕਿ ਦਲਿਤ, ਘੱਟ ਗਿਣਤੀਆਂ ਤੇ ਕਮਿਉਨਿਸਟ ਉਨ੍ਹਾਂ ਦੇ ਮੁਖ ਦੁਸ਼ਮਣ ਹਨ।
ਦਲਿਤਾਂ ਨੂੰ ਜਿਥੇ ਇਕ ਪਾਸੇ ਕਦਮ-ਕਦਮ ‘ਤੇ ਸਮਾਜਿਕ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ ਉਥੇ ਉਨ੍ਹਾਂ ਨੂੰ ਆਰਥਿਕ ਤਰੱਕੀ ਦੇ ਵੀ ਸਾਂਵੇ ਮੌਕੇ ਵੀ ਨਹੀਂ ਮਿਲਦੇ। ਪੰਜਾਬ ਵਿਚ ਦਲਿਤਾਂ ਦੀ ਆਬਾਦੀ ਮੁਲਕ ਦੇ ਬਾਕੀ ਸਭ ਸੂਬਿਆਂ ਤੋਂ ਜ਼ਿਆਦਾ ਯਾਨਿ 34% ਹੈ ਜਦ ਕਿ ਉਨ੍ਹਾਂ ਕੋਲ ਕੁਲ ਜਾਇਦਾਦ ਦਾ ਸਿਰਫ਼ 2.4% ਹਿਸਾ ਹੀ ਹੈ। ਜਿਥੇ ਬਾਬੇ ਨਾਨਕ ਦੀ ਇਨਕਲਾਬੀ ਸੋਚ ਤੇ ਮੱਧ ਕਾਲ ਦੇ ਦੂਸਰੇ ਸਮਾਜ ਸੁਧਾਰਕਾਂ ਨੇ ਜਾਤੀ ਪ੍ਰਥਾ ਦੇ ਜ਼ਹਿਰ ਨੂੰ ਘੱਟ ਕਰਨ ਵਿਚ ਅਹਿਮ ਯੋਗਦਾਨ ਪਾਇਆ ਉਥੇ ਵਰਤਮਾਨ ਦੌਰ ਵਿਚ ਉਭਰੇ ਜੱਟ-ਬ੍ਰਾਹਮਣਵਾਦ ਨੇ ਸਿੱਖ ਧਰਮ ਦੀਆਂ ਮੂਲ ਸਿਖਿਆਵਾਂ ਨੂੰ ਢਾਹ ਲਾ ਕੇ ਜਾਤੀ ਪ੍ਰਥਾ ਨੂੰ ਹੋਰ ਗੂੜ੍ਹਾ ਕੀਤਾ ਹੈ। ਸ੍ਰੋਤਿਆਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਡਾਕਟਰ ਸਾਹਿਬ ਨੇ ਜਾਤੀ ਦੇ ਖਾਤਮੇ ਲਈ ਸਮਾਜਿਕ ਤੇ ਆਰਥਿਕ ਦੋਵਾਂ ਖੇਤਰਾਂ ਵਿਚ ਕੰਮ ਕਰਨ ‘ਤੇ ਜ਼ੋਰ ਦਿੱਤਾ।ਉਨ੍ਹਾਂ ਨੇ ਖੱਬੀਆਂ ਧਿਰਾਂ ਨੂੰ ਆਪਣੀਆਂ ਗਲਤੀਆਂ ਤੋਂ ਸਿਖਦੇ ਹੋਏ ਜਮਾਤੀ ਸਵਾਲ ਦੇ ਨਾਲੋ-ਨਾਲ ਜਾਤੀ ਮਸਲੇ ਨੂੰ ਵੀ ਬਹੁਤ ਗੰਭੀਰਤਾ ਨਾਲ ਲੈਣ ਲਈ ਕਿਹਾ।ਫਿਰਕੂ ਫਾਸ਼ੀਵਾਦ ਦੇ ਵਰਤਾਰੇ ਅਤੇ ਇਸ ਦੇ ਹੱਲਿਆਂ ਵਿਚ ਹੋ ਰਹੇ ਵਾਧੇ ਬਾਰੇ ਗੱਲ ਕਰਦਿਆਂ ਸਭਾ ਦੇ ਸੂਬਾ ਤਾਲਮੇਲ ਸਕੱਤਰ ਸ੍ਰੀ ਪਿ੍ਰਤਪਾਲ ਸਿੰਘ ਨੇ ਕਿਹਾ ਕਿ ਕੇਂਦਰ ਵਿਚ ਭਾਜਪਾ ਦੀ ਸਰਕਾਰ ਦੀ ਕਾਇਮੀ ਤੋਂ ਬਾਅਦ ਫਿਰਕੂ ਸ਼ਕਤੀਆਂ ਬਹੁਤ ਸਰਗਰਮ ਹੋ ਗਈਆਂ ਹਨ। ਹੈਦਰਾਬਾਦ ਯੂਨੀਵਰਸਿਟੀ ਦੇ ਖੋਜ਼ਾਰਥੀ ਰੋਹਿਤ ਵੈਮੂਲਾ ਦੀ ਖੁਦਕੁਸ਼ੀ ਅਤੇ ਜੇ,ਐਨ.ਯੂ ਦੇ ਵਿਦਿਆਰਥੀਆਂ ਕਨ੍ਹਈਆ ਕੁਮਾਰ, ਉਮਰ ਖਾਲਿਦ ਤੇ ਹੋਰਨਾਂ ਦੀਆਂ ਗਿ੍ਰਫਤਾਰੀਆਂ ਨਾਲ ਜੁੜਿਆ ਘਟਨਾਕ੍ਰਮ ਤੇ ਉਸ ਨੂੰ ਲੈ ਕੇ ਫੈਲਾਇਆ ਜਾ ਰਿਹਾ ਅੰਧ-ਰਾਸ਼ਟਰਵਾਦ, ਸੰਕਟ ਗ੍ਰਸਿਤ ਸਰਮਾਏਦਾਰੀ ਦੀ ਸਾਮਰਾਜੀਆਂ ਦੀ ਪੁਸਤਪਨਾਹੀ ਕਰਨ ਤੇ ਲੋਕਾਂ ਦਾ ਧਿਆਨ ਅਹਿਮ ਮਸਲਿਆਂ ਤੋਂ ਲਾਂਭੇ ਕਰਨ ਦੀ ਇਕ ਚਾਲ ਹੈ। ਸੈਮੀਨਾਰ ਦੇ ਪ੍ਰਧਾਨਗੀ ਮੰਡਲ ਵਿਚ ਵਕੀਲ ਜਗਜੀਤ ਸਿੰਘ ਢਿਲੋਂ,ਡਾਕਟਰ ਜਸਵੀਰ ਸਿੰਘ ਔਲਖ ਤੇ ਸਾਹਿਤਕਾਰ ਓਮ ਪ੍ਰਕਾਸ ਗਾਸੋ ਸ਼ਾਮਲ ਸਨ। ਸਭਾ ਦੇ ਜਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਠੁਲੀਵਾਲ ਨੇ ਭਖਵੇਂ ਵਿਸ਼ੇ ‘ਤੇ ਸੈਮੀਨਾਰ ਵਿਚ ਭਾਗ ਲੈਣ ਆਏ ਸ੍ਰੋਤਿਆਂ ਅਤੇ ਵਿਦਵਾਨਾਂ ਦਾ ਧੰਨਵਾਦ ਕੀਤਾ। ਸਟੇਜ਼ ਸਕੱਤਰ ਦੇ ਫਰਜ਼ ਸਭਾ ਦੇ ਸਕੱਤਰ ਬਲਵੰਤ ਸਿੰਘ ਉਪਲੀ ਨੇ ਬਾਖੂਬੀ ਨਿਭਾਏ। ਸੈਮੀਨਾਰ ਵਿਚ ਜਨਤਕ ਜਥੇਬੰਦੀਆਂ ਦੇ ਸੂਬਾਈ ਪੱਧਰ ਦੇ ਆਗੂ ਸ਼ਾਮਲ ਸਨ।-ਗੁਰਮੇਲ ਸਿੰਘ ਠੁਲੀਵਾਲ