ਜਮਹੂਰੀ ਅਧਿਕਾਰ ਸਭਾ ਵਲੋਂ ‘ਜਾਤੀ ਪ੍ਰਥਾ’ ਤੇ ‘ਫ਼ਿਰਕੂ ਫ਼ਾਸ਼ੀਵਾਦ’ ਬਾਰੇ ਸੈਮੀਨਾਰ ਲਈ ਤਿਆਰੀ ਮੁਹਿੰਮ
Posted on:- 10-03-2016
ਬਰਨਾਲਾ: ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਗੁਰਮੇਲ ਸਿੰਘ ਠੁਲੀਵਾਲ ਨੇ ਦੱਸਿਆ ਕਿ ਕੇਂਦਰ ਵਿਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ ਲੋਕਾਂ ਦੇ ਲਿਖਣ,ਬੋਲਣ,ਆਪਣੇ ਵਿਚਾਰ ਪ੍ਰਗਟਾਉਣ,ਜਥੇਬੰਦ ਹੋਣ ਅਤੇ ਹੱਕੀ ਸੰਘਰਸ਼ ਕਰਨ ਦੇ ਅਧਿਕਾਰਾਂ ਉੱਪਰ ਯੋਜਨਾਬੱਧ ਢੰਗ ਨਾਲ ਲਗਾਤਾਰ ਕੀਤੇ ਜਾ ਰਹੇ ਹਮਲੇ ਬਹੁਤ ਤੇਜ਼ ਹੋ ਗਏ ਹਨ ਜੋ ਸਭ ਜਮਹੂਰੀਅਤ ਪਸੰਦ ਤੇ ਚਿੰਤਨਸ਼ੀਲ ਲੋਕਾਂ ਲਈ ਸੋਚਣ,ਸਮਝਣ ਅਤੇ ਵਿਚਾਰਨਯੋਗ ਇੱਕ ਗੰਭੀਰ ਮੁੱਦਾ ਬਣ ਗਿਆ ਹੈ।
ਹੈਦਰਾਬਾਦ ਕੇਂਦਰੀ ਯੂਨੀਵਰਸਿਟੀ ਦੇ ਖੋਜ਼ਾਰਥੀ ਰੋਹਿਤ ਵੈਮੂਲਾ ਦੀ ਖੁਦਕੁਸ਼ੀ ਕਾਰਨ ਜਾਤੀ ਪ੍ਰਥਾ ਤੇ ਦਲਿਤਾਂ ਉਪਰ ਹੋ ਰਹੇ ਅਤਿਆਚਾਰਾਂ ਦੇ ਮਸਲੇ ਨੇ ਲੋਕਾਂ ਦੀ ਸਮੂਹਿਕ ਸੋਚ ਨੂੰ ਜ਼ਬਰਦਸਤ ਹਲੂਣਾ ਦਿਤਾ ਹੈ। ਜੇ.ਐਨ.ਯੂ ਦੇ ਤਾਜ਼ਾ ਘਟਨਾਕਰਮ ਨੇ ਫ਼ਿਰਕੂ ਲਾਣੇ ਦੇ ਮਨਸੂਬਿਆਂ ਨੂੰ ਲੋਕਾਂ ਸਾਹਮਣੇ ਪੂਰੀ ਤਰ੍ਹਾਂ ਬੇਪਰਦ ਕਰ ਦਿਤਾ ਹੈ। ਇਨ੍ਹਾਂ ਚਲੰਤ ਮੁੱਦਿਆਂ ਉੱਪਰ ਵਿਚਾਰ ਚਰਚਾ ਦੇ ਮਕਸਦ ਨਾਲ ਜਮਹੂਰੀ ਅਧਿਕਾਰ ਸਭਾ ਦੀ ਬਰਨਾਲਾ ਜਿਲ੍ਹਾ ਇਕਾਈ ਨੇ 13 ਮਾਰਚ ਦਿਨ ਐਤਵਾਰ ਨੂੰ ਰਾਮ ਸਰੂਪ ਸੰਗੀਤ ਸਦਨ ਬਰਨਾਲਾ ਵਿਖੇ ਸਵੇਰੇ 10 ਵਜੇ ਇਕ ਸੈਮੀਨਾਰ ਦਾ ਆਯੋਜਨ ਕੀਤਾ ਹੈ ਜਿਸ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰ ਡਾਕਟਰ ਭੀਮਇੰਦਰ ਸਿੰਘ ‘ਜਾਤੀ-ਪ੍ਰਥਾ ਤੇ ਦਲਿਤਾਂ ਉਪਰ ਹੋ ਰਹੇ ਅਤਿਆਚਾਰ’ ਅਤੇ ਜਮਹੂਰੀ ਅਧਿਕਾਰ ਸਭਾ ਦੇ ਸੂਬਾ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਨ ਸਿੰਘ ‘ਫ਼ਿਰਕੂ-ਫ਼ਾਸ਼ੀਵਾਦ ਦਾ ਵਰਤਾਰਾ ਤੇ ਇਸ ਦੇ ਹੱਲਿਆਂ ਵਿਚ ਹੋ ਰਹੇ ਵਾਧੇ’ ਬਾਰੇ ਆਪਣੇ ਕੁੰਜੀਵਤ ਭਾਸ਼ਨ ਦੇਣਗੇ।ਸ੍ਰੀ ਠੁੱਲੀਵਾਲ ਨੇ ਅੱਗੇ ਕਿਹਾ ਕਿ ਸੈਮੀਨਾਰ ਦੀ ਤਿਆਰੀ ਮੁਹਿੰਮ ਵਜੋਂ ਸਭਾ ਦੇ ਸਰਗਰਮ ਮੈਂਬਰ ਇਲਾਕੇ ਦੇ ਬੁਧੀਜੀਵੀਆਂ,ਲੇਖਕਾਂ,ਪੱਤਰਕਾਰਾਂ, ਵਕੀਲਾਂ, ਅਧਿਆਪਕਾਂ ਅਤੇ ਹੋਰ ਸਮਾਜਿਕ ਕਾਰਕੁਨਾਂ ਨੂਾਲ ਸੰਪਰਕ ਕਰਕੇ ਸੈਮੀਨਾਰ ਵਿਚ ਸ਼ਾਮਲ ਹੋਣ ਦਾ ਸੱਦਾ ਦੇ ਰਹੇ ਹਨ ਅਤੇ ਫੰਡ ਇਕੱਤਰ ਵੀ ਕਰ ਰਹੇ ਹਨ। ਇਸੇ ਮਕਸਦ ਨਾਲ ਅੱਜ ਉਨ੍ਹਾਂ ਨੇ ਇਕਾਈ ਦੇ ਸਕੱਤਰ ਸ੍ਰੀ ਬਲਵੰਤ ਸਿੰਘ ਉਪਲੀ ਸਮੇਤ ਸ਼ਹਿਣਾ ਤੇ ਭਦੌੜ ਕਸਬਿਆਂ ਦਾ ਦੌਰਾ ਕੀਤਾ। ਉਨ੍ਹਾਂ ਨੇ ਸਭ ਇਲਾਕਾ ਨਿਵਾਸੀਆਂ ਨੂੰ ਸੈਮੀਨਾਰ ਵਿਚ ਸ਼ਾਮਲ ਹੋਣ ਲਈ ਖੁੱਲਾ ਸੱਦਾ ਦਿਤਾ।-ਗੁਰਮੇਲ ਸਿੰਘ ਠੁਲੀਵਾਲ