ਮਾਤ ਭਾਸ਼ਾ ਰਾਹੀਂ ਦੁਨੀਆ ਦਾ ਗਿਆਨ ਹਾਸਲ ਕਰਨਾ ਸੁਖਾਲਾ :ਮਨਮੋਹਨ ਖੇਲਾ
Posted on:- 29-02-2016
-ਸ਼ਿਵ ਕੁਮਾਰ ਬਾਵਾ
ਮਾਤ ਭਾਸ਼ਾ ਰਾਹੀਂ ਪੂਰੀ ਦੁਨੀਆ ਦਾ ਗਿਆਨ ਹਾਸਲ ਕਰਨਾ ਸੁਖਾਲਾ ਹੈ।ਇਸ ਲਈ ਸਾਨੂੰ ਸਭ ਨੂੰ ਮਾਤ ਭਾਸ਼ਾ ਦੀ ਜਾਣਕਾਰੀ ਲੈਣ ਵਿਚ ਪਹਿਲ ਕਰਨੀ ਚਾਹੀਦੀ ਹੈ।ਇਹ ਵਿਚਾਰ ਪ੍ਰਵਾਸੀ ਭਾਰਤੀ ਅਤੇ ਲੇਖਕ ਮਨਮੋਹਨ ਸਿੰਘ ਖੇਲਾ ਨੇ ਸੁਰ ਸੰਗਮ ਵਿਦਿਅਕ ਟਰੱਸਟ (ਰਜਿ.) ਮਾਹਿਲਪੁਰ ਅਤੇ ਕਰੂੰਬਲਾਂ ਪ੍ਰਕਾਸ਼ਨ ਵਲੋਂ ਅਯੋਜਿਤ “ਮਾਤਾ ਭਾਸ਼ਾ ਦੀ ਮਹਾਨਤਾ” ਵਿਸ਼ੇ ਤੇ ਇਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਆਖੇ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਸਾਡੇ ਬੱਚਿਆਂ ਦਾ ਮੋਹ ਮਾਤ ਭਾਸ਼ਾ ਨਾਲ ਹੋਵੇਗਾ ਤਾਂ ਹੀ ਉਹ ਉੱਚੀਆਂ ਮੰਜ਼ਿਲਾਂ ਨੂੰ ਹਾਸਲ ਕਰ ਸਕਣਗੇ।ਉਨ੍ਹਾਂ ਬਲਜਿੰਦਰ ਮਾਨ ਦੇ ਸਮਾਜ ਭਲਾਈ ਕਾਰਜਾਂ ਤੇ ਮਾਣ ਕਰਦਿਆਂ ਕਿਹਾ ਕਿ ਮਾਤ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਵਿਚ ਨਿੱਕੀਆਂ ਕਰੂੰਬਲਾਂ ਦੇ ਯੋਗਦਾਨ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਉਹ ਘੱਟ ਹੈ।ਕਰੂੰਬਲਾਂ ਭਵਨ ਵਿਚ ਅਯੋਜਿਤ ਇਸ ਸੈਮੀਨਾਰ ਮੌਕੇ ਆਪਣੇ ਕੁੰਜੀਵਤ ਭਾਸ਼ਣ ਵਿਚ ਸੰਪਾਦਕ ਬਲਜਿੰਦਰ ਮਾਨ ਨੇ ਕਿਹਾ ਕਿ ਮਾਤ ਭਾਸ਼ਾ ਨੂੰ ਰੁਜ਼ਗਾਰ ਅਤੇ ਅਦਾਲਤੀ ਕੰਮ ਦੀ ਭਾਸ਼ਾ ਬਨਾਉਣ ਨਾਲ ਹੀ ਕੁਝ ਸਵਾਰਿਆ ਜਾ ਸਕਦਾ ਹੈ।ਹਰ ਸਰਕਾਰੀ ਅਤੇ ਗੈਰ ਸਰਕਾਰੀ ਸਕੂਲ ਵਿਚ ਬਾਲ ਸਾਹਿਤ ਦੇ ਰਸਾਲੇ ਪੁੱਜਣੇ ਲਾਜ਼ਮੀ ਕੀਤੇ ਜਾਣ।
ਇਸ ਸੈਮੀਨਾਰ ਦੀ ਪ੍ਰਧਾਨਗੀ ਬੀਬੀ ਸੁਰਿੰਦਰ ਕੌਰ,ਪ੍ਰਿੰ.ਸਰਵਣ ਰਾਮ ਭਾਟੀਆ,ਬੱਗਾ ਸਿੰਘ ਆਰਟਿਸਟ,ਪਰਮਾ ਨੰਦ ਬ੍ਰੱਹਮਪੁਰੀ ਅਤੇ ਰਾਮ ਤੀਰਥ ਸਿੰਘ ਖੇਲਾ ਨੇ ਕੀਤੀ।ਉਨ੍ਹਾਂ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਹਰ ਨਿਜੀ ਸਕੂਲ ਵਿਚ ਪੰਜਾਬੀ ਨਰਸਰੀ ਕਲਾਸ ਤੋਂ ਹੀ ਅਰੰਭ ਕੀਤੀ ਜਾਣੀ ਚਾਹੀਦੀ ਹੈ।ਸਾਨੂੰ ਆਪਣੀ ਮਾਤ ਭਾਸ਼ਾ ਬੋਲਣ ਵਿਚ ਮਾਣ ਮਹਿਸੂਸ ਕਰਨਾ ਚਾਹੀਦਾ ਹੈ।ਜਦੋਂ ਹਰ ਥਾਂ ਅਜਿਹਾ ਮਹੌਲ ਸਿਰਜਿਆ ਜਵੇਗਾ ਫਿਰ ਮਾਂ ਬੋਲੀ ਦਾ ਮਾਣ ਵਧੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਤਨਵੀਰ ਮਾਨ,ਕੁਲਦੀਪ ਕੌਰ ਬੈਂਸ, ਅਮਨ ਸਹੋਤਾ,ਹਰਮਨਪ੍ਰੀਤ ਕੌਰ,ਰਵਨੀਤ ਕੌਰ ਸਮੇਤ ਕਈ ਸਾਹਿਤ ਪ੍ਰੇਮੀ ਹਾਜ਼ਰ ਸਨ ।ਸਭ ਦਾ ਧੰਨਵਾਦ ਕਰਦਿਆਂ ਪ੍ਰਿੰ. ਮਨਜੀਤ ਕੌਰ ਨੇ ਕਿਹਾ ਕਿ ਮਾਤ ਭਾਸ਼ਾ ਸਿਖਾਉਣ ਵਿਚ ਮਾਵਾਂ ਅਹਿਮ ਭੂਮਿਕਾ ਅਦਾ ਕਰ ਸਕਦੀਆਂ ਹਨ।