ਕਨੱਈਆ ਕੁਮਾਰ ਦੀ ਗ੍ਰਿਫਤਾਰੀ ਦੀ ਕੀਤੀ ਨਿਖੇਧੀ
Posted on:- 15-02-2016
ਬਰਨਾਲਾ : ਜਮਹੂਰੀ ਅਧਿਕਾਰ ਸਭਾ ਪੰਜਾਬ ਜ਼ਿਲ੍ਹਾ ਬਰਨਾਲਾ ਵੱਲੋਂ ਸਮੁੱਚੀਆਂ ਸੰਘਰਸ਼ਸ਼ੀਲ ਇਨਕਲਾਬੀ ਜਨਤਕ ਜਮਹੂਰੀ ਇਨਸਾਫਪਸੰਦ ਜਥੇਬੰਦੀਆਂ ਦੇ ਸਹਿਯੋਗ ਨਾਲ ਜਵਾਹਰ ਲਾਲ ਨਹਿਰੂ ਯੂਨੀਵਰਿਸਟੀ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਕਨੱਈਆ ਕੁਮਾਰ ਉੱਪਰ ਤਥਾਕਥਿਤ ਦੇਸ਼ ਧਰੋਹੀ ਦਾ ਮੁਕੱਦਮਾ ਦਰਜ ਕਰਕੇ ਗਿ੍ਰਫਤਾਰ ਕਰਨ ਵਿਰੁੱਧ ਬਰਨਾਲਾ ਰੇਲਵੇ ਸਟੇਸ਼ਨ ਤੇ ਇਕੱਠੇ ਹੋਕੇ ਸਦਰ ਬਜ਼ਾਰ ਵਿੱਚ ਰੋਸ ਮਾਰਚ ਕੀਤਾ ਗਿਆ। ਇਸ ਸਮੇਂ ਸੰਬੋਧਨ ਕਰਦਿਆਂ ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਸਕੱਤਰ ਬਲਵੰਤ ਸਿੰਘ ਉੱਪਲੀ ਨੇ ਕਿਹਾ ਕਿ ਅੱਜ ਦਾ ਰੋਸ ਮਾਰਚ ਮਹਿਜ ਇੱਕ ਵਿਦਿਆਰਥੀ ਆਗੂ ਉੱਪਰ ਝੂਠਾ ਦੇਸ਼ ਧਰੋਹੀ ਦਾ ਮੁਕੱਦਮਾ ਦਰਜ ਕਰਨ ਖਿਲਾਫ ਨਹੀਂ ਸਗੋਂ ਹਰ ਚਿੰਤਨਸ਼ੀਲ ਵਿਅਕਤੀ ਦੇ ਲਿਖਣ,ਬੋਲਣ,ਜਥੇਬੰਦ ਹੋਕੇ ਸੰਘਰਸ਼ ਕਰਨ ਸਮੇਤ ਵਿਚਾਰਾਂ ਦੇ ਸਵੈਪ੍ਰਗਟਾਵੇ ਉੱਪਰ ਕੇਂਦਰੀ ਅਤੇ ਸੂਬਾਈ ਸਰਕਾਰਾਂ ਵੱਲੋਂ ਵਿਉਂਤਬੱਧ ਢੰਗ ਨਾਲ ਬੋਲੇ ਜਾ ਰਹੇ ਹੱਲੇ ਖਿਲਾਫ ਰੋਹਲੀ ਗਰਜ ਦੀ ਕੜੀ ਦਾ ਇੱਕ ਹਿੱਸਾ ਹੈ।ਅਜਿਹਾ ਰਾਜ ਕਰਨ ਵਾਲੀ ਜਮਾਤ ਨੇ ਪਹਿਲੀ ਵਾਰ ਨਹੀਂ ਕੀਤਾ ਸਗੋਂ ਵਾਰ-ਵਾਰ ਅਜਿਹਾ ਕਰਕੇ ਹਕੂਮਤ ਆਪਣਾ ਲੋਕ ਵਿਰੋਧੀ ਚਿਹਰਾ ਨੰਗਾ ਕਰ ਰਹੀ ਹੈ ਕਿਉਂਕਿ ਜਦੋਂ ਵੀ ਜਥੇਬੰਦ ਹੋਕੇ ਕਿਰਤੀ-ਕਿਸਾਨਾਂ,ਬੇਰੁਜ਼ਗਾਰ ਨੌਜਵਾਨਾਂ,ਆਦਿਵਾਸੀਆਂ ਨੇ ਆਪਣੇ ਹੱਕਾਂ ਦੀ ਗੱਲ ਕੀਤੀ ਹੈ ਤਾਂ ਕੇਂਦਰੀ ਅਤੇ ਸੂਬਾਈ ਹਾਕਮਾਂ ਦਾ ਲੋਕ ਦੋਖੀ ਕਿਰਦਾਰ ਸਾਹਮਣੇ ਆਇਆ ਹੈ।
ਉਨ੍ਹਾਂ ਕਿਹਾ ਕਿ ਹਕੂਮਤ ਨੇ ਕਦੇ ਵੀ ਲੋਕ ਮਸਲਿਆਂ ਨੂੰ ਹੱਲ ਕਰਨ ਪ੍ਰਤੀ ਸੰਜੀਦਾ ਪਹੁੰਚ ਨਹੀਂ ਅਪਣਾਈ ਸਗੋਂ ਲੋਕਾਂ ਦੇ ਬੁਨਿਆਦੀ ਮਸਲੇ ਹੱਲਕਰਨ ਦੀ ਥਾਂ ਜਬਰ ਦਾ ਸਹਾਰਾ ਲਿਆ ਹੈ। ਮੋਦੀ ਦੀ ਅਗਵਾਈ ਵਾਲੀ ਐਨ.ਡੀ.ਏ.ਹਕੂਮਤ ਤਾਂ ਆਪਣਾ ਹਿੰਦੂ ਫਾਸ਼ੀਵਾਦੀ ਗੁਪਤ ਏਜੰਡਾ ਨੰਗੇ ਚਿੱਟੇ ਰੂਪ’ਚ ਅੱਗੇ ਵਧਾ ਰਹੀ ਹੈ। ਇਸੇ ਕਰਕੇ ਦਹਾਕਿਆਂ ਬੱਧੀ ਸਿਰਜੇ ਅਨੇਕਾਂ ਬੁੱਧੀਜੀਵੀਆਂ ਦੀ ਅਣਥੱਕ ਮਿਹਨਤ ਸਦਕਾ ਸਿਰਜੇ ਅਕਾਦਮਿਕ ਮਹੌਲ ਨੂੰ ਹਿੰਦੂਵਾਦੀ ਮਿਥਿਹਾਸ ਵਿੱਚ ਤਬਦੀਲ ਕਰਨ ਦੀ ਮਨਸ਼ਾ ਪਾਲਦਿਆਂ ਹਰ ਸਥਾਪਤੀ ਵਿਰੋਧੀ ਆਵਾਜ਼ ਨੂੰ ਕੁਚਲਣ ਦੇ ਰਾਹ ਪਈ ਹੋਈ ਹੈ। ਸਾਹਿਤ,ਕਲਾ,ਸੱਭਿਆਚਾਰ ਹਰ ਖੇਤਰ ਅੰਦਰ ਆਪਣੇ ਏਜੰਡੇ ਨੂੰ ਅੱਗੇ ਵਧਾਉਣ ਲਈ ਆਰ.ਐੱਸ.ਐੱਸ.ਦੀ ਪਿੱਠ ਭੂਮੀ ਵਾਲੇ ਵਿਅਕਤੀਆਂ ਨੂੰ ਮੁਖੀ ਥਾਪਿਆ ਜਾ ਰਿਹਾ ਹੈ। ਇਸੇ ਹੀ ਤਰਾਂ ਹੋਰਨਾਂ ਬੁਲਾਰਿਆਂ ਆਦਿ ਨੇ ਕਿਹਾ ਕੇਂਦਰੀ ਹਕੂਮਤ ਦਲਿਤਾਂ ਨੂੰ ਜਾਣ ਬੁੱਝ ਕੇ ਨਿਸ਼ਾਨਾ ਬਣਾ ਰਹੀ ਹੈ ਅਨੇਕਾਂ ਕਰਬਾਨੀਆਂ ਰਾਹੀ ਪ੍ਰਾਪਤ ਕੀਤੇ ਹੱਕਾਂ ਦੀ ਰਾਖੀ ਵਿਸ਼ਾਲ ਲੋਕਾਈ ਅਧਾਰਤ ਜਾਨ ਹੂਲਵੇਂ ਜਥੇਬੰਦਕ ਸੰਘਰਸ਼ਾਂ ਰਾਹੀਂ ਹਕੂਮਤੀ ਜਾਬਰ ਹੱਲੇ ਨੂੰ ਪਛਾੜਦਿਆਂ ਕੀਤੀ ਜਾਵੇਗੀ।
ਸਟੇਜ ਸਕੱਤਰ ਦੇ ਫਰਜ ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਠੁੱਲੀਵਾਲ ਨੇ ਨਿਭਾਏ। ਇਸ ਸਮੇਂ ਹੋਰ ਵੀ ਬਹੁਤ ਸਾਰੇ ਆਗੂਆਂ ਗੁਰਜਿੰਦਰ ਵਿਦਿਆਰਥੀ ਪ੍ਰਦੀਪ ਕਸਬਾ ਨਵਕਿਰਨ ਪੱਤੀ ਮੋਹਣ ਸਿੰਘ ਰੂੜੇਕੇ ਹਰਮਨਦੀਪ ਗੁਰਮੀਤ ਸੁਖਪੁਰ ਨੇ ਵੀ ਵਿਚਾਰ ਪੇਸ਼ ਕੀਤੇ। ਇਸ ਸਮੇਂ ਅੰਬੇਡਕਰਵਾਦੀ ਸਟੂਡੈਂਟਸ ਐਸੋਸੀਏਸਨ ਦੇ ਆਗੈ ਰੋਹਿਤ ਵੁਮੇਲਾ ਨੂੰ ਖੁਦਕਸ਼ੀ ਲਈ ਮਜਬੂਰ ਕਰਨ ਵਾਲਿਆਂ ਉੱਪਰ ਪਰਚਾ ਦਰਜ ਕਰਕੇ ਗਿ੍ਰਫਤਾਰ ਕਰਨ,ਪੰਜਾਬ ਸਰਕਾਰ ਵੱਲੋਂ ਲਾਗੂ ਕੀਤਾ ਜਾਣ ਵਾਲਾ ‘ਸਰਕਾਰੀ ਅਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਐਕਟ-2014 ਰੱਦ ਕਰਨ’ਦੀ ਵੀ ਜ਼ੋਰਦਾਰ ਮੰਗ ਕੀਤੀ। ਇਸ ਸਮੇਂ ਪ੍ਰੇਮਪਾਲ ਕੌਰ ਹਰਚਰਨ ਚਹਿਲ ਨਰਾਇਣ ਦੱਤ ਰਜਿੰਦਰ ਪਾਲ ਸਾਹਿਬ ਸਿੰਘ ਗੁਰਪ੍ਰੀਤ ਰੂੜੇਕੇ ਜਗਰਾਜ ਟੱਲੇਵਾਲ ਅਮਰਜੀਤ ਕੌਰ ਗੁਰਦੇਵ ਸਿੰਘ ਮਾਂਗੇਵਾਲ ਰਾਜੀਵ ਕੁਮਾਰ ਰਜਿੰਦਰ ਭਦੌੜ ਵੀ ਹਾਜ਼ਰ ਸਨ।