ਅਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਦੀ ਕਨਵੈਨਸ਼ਨ ਨੇ ਫਾਸ਼ੀਵਾਦ ਦੇ ਖ਼ਤਰੇ ਤੋਂ ਚੌਕਸੀ ਦਾ ਦਿੱਤਾ ਹੋਕਾ
Posted on:- 27-01-2016
''ਪ੍ਰੋਫੈਸਰ ਸਾਈਬਾਬਾ ਨੂੰ ਜੇਲ੍ਹ ਵਿਚ ਸਾੜਨ ਦਾ ਮਨੋਰਥ ਸਮੁੱਚੇ ਬੁੱਧੀਜੀਵੀਆਂ, ਚਿੰਤਕਾਂ ਨੂੰ ਇਕ ਫਾਸ਼ੀਵਾਦੀ ਸੰਦੇਸ਼ ਦੇਣਾ ਹੈ ਕਿ ਸਥਾਪਤੀ ਦੀ ਆਲੋਚਨਾ ਨੂੰ ਇਹ ਨਿਜ਼ਾਮ ਸਹਿਣ ਨਹੀਂ ਕਰੇਗਾ ਅਤੇ ਅਜਿਹੇ ਕਰਨ 'ਤੇ ਉਨ੍ਹਾਂ ਨੂੰ ਜੇਲ੍ਹਾਂ ਵਿਚ ਸੜਨਾ ਪਵੇਗਾ।'' ਇਹ ਵਿਚਾਰ ਅਪਰੇਸ਼ਨ ਗਰੀਨ ਵਿਰੋਧੀ ਜਮਹੂਰੀ ਫਰੰਟ ਵਲੋਂ ਪ੍ਰੋਫੈਸਰ ਸਾਈਬਾਬਾ ਨੂੰ ਦੁਬਾਰਾ ਜੇਲ੍ਹ ਭੇਜੇ ਜਾਣ ਅਤੇ ਲੇਖਕਾ ਅਰੁੰਧਤੀ ਰਾਏ ਨੂੰ ਅਦਾਲਤ ਦੀ ਤੌਹੀਨ ਦਾ ਨੋਟਿਸ ਜਾਰੀ ਕਰਨ ਵਿਰੁੱਧ ਜਥੇਬੰਦ ਕੀਤੀ ਸੂਬਾ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਪ੍ਰੋਫੈਸਰ ਸਾਈਬਾਬਾ ਦੀ ਜੀਵਨ-ਸਾਥਣ ਏ.ਐੱਸ.ਵਸੰਤਾ ਨੇ ਕਹੇ।
ਕਨਵੈਨਸ਼ਨ ਦੇ ਪ੍ਰਧਾਨਗੀ ਮੰਡਲ ਵਿਚ ਮੁੱਖ ਬੁਲਾਰਿਆਂ ਪ੍ਰੋਫੈਸਰ ਗੀਲਾਨੀ, ਵਸੰਤਾ ਕੁਮਾਰੀ, ਪ੍ਰੋਫੈਸਰ ਜਗਮੋਹਣ ਸਿੰਘ ਦੇ ਨਾਲ ਫਰੰਟ ਦੇ ਕਨਵੈਨਸ਼ਨ ਪ੍ਰੋਫੈਸਰ ਏ.ਕੇ. ਮਲੇਰੀ, ਗੁਰਪ੍ਰੀਤ ਸਿੰਘ ਕੈਨੇਡਾ ਅਤੇ ਯਸ਼ਪਾਲ ਸ਼ਾਮਲ ਸਨ। ਅਤੇ ਕਨਵੈਨਸ਼ਨ ਦਾ ਆਗਾਜ਼ ਦਲਿਤ ਰਿਸਰਚ ਸਕਾਲਰ ਰੋਹਿਤ ਵੇਮੂਲਾ ਨੂੰ ਮੋਨ ਸ਼ਰਧਾਂਜਲੀ ਦੇ ਕੇ ਕੀਤਾ ਗਿਆ।
ਵਸੰਤਾ ਕੁਮਾਰੀ ਨੇ ਕਿਹਾ ਕਿ ਪ੍ਰੋਫੈਸਰ ਸਾਈਬਾਬਾ ਨੂੰ ਚੋਰੀ ਦੇ ਇਲਜ਼ਾਮ ਵਿਚ ਅਦਾਲਤ ਤੋਂ ਤਲਾਸ਼ੀ ਵਾਰੰਟ ਲੈਕੇ ਪੁਲਿਸ ਘਰ ਦਾ ਸਮਾਨ ਚੁੱਕਕੇ ਲੈ ਗਈ ਤੇ ਫਿਰ ਉਸ ਨੂੰ ਰਸਤੇ ਵਿੱਚੋਂ ਅਗਵਾ ਕਰਕੇ ਜੇਲ੍ਹ ਵਿਚ ਡੱਕ ਦਿੱਤਾ ਗਿਆ। ਪ੍ਰੋਫੈਸਰ ਸਾਈਬਾਬਾ ਸਮੇਤ ਸਮੁੱਚੇ ਸਿਆਸੀ ਕੈਦੀਆਂ ਦੀ ਰਿਹਾਈ ਲਈ ਜੂਝਣਾ ਜਮਹੂਰੀ ਤਾਕਤਾਂ ਦਾ ਅੱਜ ਸਭ ਤੋਂ ਅਹਿਮ ਕੰਮ ਹੈ। ਕਨਵੈਨਸ਼ਨ ਦੇ ਮੁੱਖ ਵਕਤਾ ਪ੍ਰੋਫੈਸਰ ਐੱਸ.ਏ.ਆਰ. ਗੀਲਾਨੀ ਨੇ ਪ੍ਰੋਫੈਸਰ ਸਾਈਬਾਬਾ ਦੇ ਸਮੁੱਚੇ ਮਾਮਲੇ ਦੀ ਤਫ਼ਸੀਲ ਦਿੰਦਿਆਂ ਕਿਹਾ ਕਿ ਇਕ 90ਫ਼ੀਸਦੀ ਅਪਾਹਜ ਪ੍ਰੋਫੈਸਰ ਨੂੰ ਬਹੁਤ ਵੱਡਾ ਖ਼ਤਰਾ ਬਣਾਕੇ ਉਸ ਨਾਲ ਰਾਜਤੰਤਰ ਦੇ ਇਸ ਤਰ੍ਹਾਂ ਦੇ ਸਲੂਕ ਤੋਂ ਸਪਸ਼ਟ ਹੈ ਕਿ ਇਸ ਨਿਆਂ ਪ੍ਰਬੰਧ ਤੋਂ ਇਨਸਾਫ਼ ਦੀ ਕੋਈ ਉਮੀਦ ਨਹੀਂ ਰੱਖੀ ਜਾ ਸਕਦੀ। ਪਾਰਲੀਮੈਂਟ ਉੱਪਰ ਹਮਲੇ ਦੇ ਮਾਮਲੇ ਵਿਚ ਉਨ੍ਹਾਂ ਹਿਰਾਸਤ ਵਿਚ ਵਹਿਸ਼ੀ ਤਸ਼ੱਦਦ ਦੇ ਆਪਣੇ ਨਿੱਜੀ ਅਨੁਭਵ ਅਤੇ ਅਫ਼ਜ਼ਲ ਗੁਰੂ ਨੂੰ ਫਾਂਸੀ ਦੀ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਜਮਹੂਰੀਅਤ ਦੇ ਨਾਂ ਹੇਠ ਇਹ ਫਾਸ਼ੀਵਾਦੀ ਰਾਜ ਹੈ ਜੋ ਸੁਰੱਖਿਆ ਅਤੇ ਲਾਕਾਨੂੰਨੀਅਤ ਦੇ ਨਾਂ ਹੇਠ ਇਨਸਾਨਾਂ ਤੋਂ ਜ਼ਿੰਦਗੀ ਦਾ ਹੱਕ ਖੋਹ ਰਿਹਾ ਹੈ। ਜਿਸਨੇ 90ਫ਼ੀਸਦੀ ਅਪਾਹਜ ਪ੍ਰੋਫੈਸਰ ਨੂੰ ਜਿਸਮਾਨੀ ਤੌਰ 'ਤੇ ਹੋਰ ਨਾਕਾਰਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੋਹਰੇ ਮਿਆਰਾਂ ਵਾਲੀ ਅਦਾਲਤੀ ਪ੍ਰਣਾਲੀ ਮੁਜਰਿਮ ਸਾਬਤ ਹੋ ਚੁੱਕੇ ਹਿੰਦੂਤਵੀ ਕਾਤਲਾਂ ਨੂੰ ਤਾਂ ਜ਼ਮਾਨਤਾਂ ਅਤੇ ਕਲੀਨ ਚਿੱਟਾਂ ਦੇ ਰਹੀ ਹੈ ਪਰ ਸਥਾਪਤੀ ਦੇ ਆਲੋਚਕ ਬੁੱਧੀਜੀਵੀਆਂ ਨੂੰ ਮਹਿਜ਼ ਪਾਬੰਦੀਸ਼ੁਦਾ ਜਥੇਬੰਦੀਆਂ ਨਾਲ ਸਬੰਧਤ ਹੋਣ ਦੇ ਸ਼ੱਕ ਦੇ ਇਲਜ਼ਾਮ ਵਿਚ ਅਣਮਿੱਥੇ ਸਮੇਂ ਲਈ ਜੇਲ੍ਹਾਂ ਵਿਚ ਸਾੜ ਰਹੀ ਹੈ। ਇਸ ਤਾਨਾਸ਼ਾਹ ਵਰਤਾਰੇ ਨੂੰ ਚੁਣੌਤੀ ਦੇਣ ਲਈ ਪੰਜਾਬ ਦੇ ਗੌਰਵਮਈ ਵਿਰਸੇ ਤੋਂ ਪ੍ਰੇਰਣਾ ਲੈਂਦਿਆਂ ਉਸੇ ਤਰ੍ਹਾਂ ਦੇ ਸਵੈਵਿਸ਼ਵਾਸ ਨਾਲ ਜਮਹੂਰੀ ਸੰਘਰਸ਼ ਉਸਾਰਨ ਦੀ ਲੋੜ ਹੈ ਜਿਵੇਂ ਦੇਸ਼ਭਗਤ ਇਨਕਲਾਬੀਆਂ ਨੇ ਬਰਤਾਨਵੀ ਬਸਤੀਵਾਦ ਤੋਂ ਆਜ਼ਾਦੀ ਹਾਸਲ ਕਰਨ ਲਈ ਕੀਤਾ ਸੀ।
ਸ਼ਹੀਦ ਭਗਤ ਸਿੰਘ ਦੇ ਭਾਣਜਾ ਪ੍ਰੋਫੈਸਰ ਜਗਮੋਹਣ ਸਿੰਘ ਨੇ ਆਪਣੇ ਸੰਬੋਧਨ ਵਿਚ ਮੁਲਕ ਉੱਪਰ ਮੰਡਰਾ ਰਹੇ ਹਿੰਦੂਤਵੀ ਫਾਸ਼ੀਵਾਦ ਦੇ ਖ਼ਤਰੇ ਦੀ ਚਰਚਾ ਕਰਦਿਆਂ ਹੁਕਮਰਾਨਾਂ ਦੇ ਲੋਕ ਲਹਿਰਾਂ ਨੂੰ ਆਗੂ ਰਹਿਤ ਕਰਨ ਦੇ ਮਨਸੂਬਿਆਂ ਨੂੰ ਅਸਫ਼ਲ ਬਣਾਉਣ ਲਈ ਸ਼ਹੀਦ ਭਗਤ ਸਿੰਘ ਦੇ ਦੋ ਨਾਅਰਿਆਂ 'ਇਨਕਲਾਬ ਜ਼ਿੰਦਾਬਾਦ', 'ਸਾਮਰਾਜਵਾਦ ਮੁਰਦਾਬਾਦ' ਨੂੰ ਮਾਰਗ-ਦਰਸ਼ਕ ਵਜੋਂ ਲੈਣ 'ਤੇ ਜ਼ੋਰ ਦਿੱਤਾ। ਕੈਨੇਡਾ ਤੋਂ ਰੈਡੀਕਲ ਦੇਸੀ ਦੇ ਸੰਪਾਦਕ ਅਤੇ ਪ੍ਰਸਿੱਧ ਰੇਡੀਓ ਹੋਸਟ ਗੁਰਪ੍ਰੀਤ ਸਿੰਘ ਨੇ ਕੈਨੇਡਾ ਤੇ ਹੋਰ ਮੁਲਕਾਂ ਦੀ ਧਰਤੀ ਉੱਪਰ ਭਾਰਤੀ ਹਕੂਮਤ ਦੇ ਜ਼ੁਲਮਾਂ ਵਿਰੁੱਧ ਉਠਾਈ ਜਾ ਰਹੀ ਆਵਾਜ਼ ਬਾਰੇ ਦੱਸਿਆ ਅਤੇ ਇਥੇ ਲੜੀ ਜਾ ਰਹੀ ਲੜਾਈ ਨਾਲ ਇਕਮੁੱਠਤਾ ਪ੍ਰਗਟਾਈ। ਉਨ੍ਹਾਂ ਤੋਂ ਇਲਾਵਾ ਕਨਵੈਨਸ਼ਨ ਨੂੰ ਫਰੰਟ ਦੇ ਕਨਵੀਨਰ ਡਾ. ਪਰਮਿੰਦਰ, ਪ੍ਰੋਫੈਸਰ ਮਲੇਰੀ ਅਤੇ ਯਸ਼ਪਾਲ ਨੇ ਵੀ ਸੰਬੋਧਨ ਕੀਤਾ। ਕਨਵੈਨਸ਼ਨ ਵਲੋਂ ਪੇਸ਼ ਕੀਤੇ ਅਹਿਮ ਮਤਿਆਂ ਵਿਚ ਪ੍ਰੋਫੈਸਰ ਸਾਈਬਾਬਾ ਤੇ ਹੋਰ ਸਿਆਸੀ ਕੈਦੀਆਂ ਨੂੰ ਤੁਰੰਤ ਰਿਹਾਅ ਕਰਨ, ਲੇਖਿਕਾ ਅਰੁੰਧਤੀ ਰਾਏ ਨੂੰ ਦਿੱਤਾ ਅਦਾਲਤੀ ਨੋਟਿਸ ਵਾਪਸ ਲੈਣ, ਹੈਦਰਾਬਾਦ ਯੂਨੀਵਰਸਿਟੀ ਦੇ ਵਿਦਿਆਰਥੀ ਰੋਹਿਤ ਵੇਮੁਲਾ ਦੀ ਖ਼ੁਦਕੁਸ਼ੀ ਲਈ ਜ਼ਿੰਮੇਵਾਰ ਕੇਂਦਰੀ ਮੰਤਰੀ ਤੇ ਯੂਨੀਵਰਸਿਟੀ ਅਧਿਕਾਰੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਗਈ ਅਤੇ ਪੰਜਾਬ ਵਿਚ ਲੋਕ ਸੰਘਰਸ਼ਾਂ ਨੂੰ ਦਬਾਉਣ ਲਈ ਬਾਦਲ ਸਰਕਾਰ ਵਲੋਂ ਅਪਣਾਏ ਜਾ ਰਹੇ ਤਾਨਾਸ਼ਾਹ ਕਾਨੂੰਨਾਂ, ਬੇਅਦਬੀ ਸਬੰਧੀ ਧਾਰਾ 295-ਏ ਵਰਗੀਆਂ ਜਾਬਰ ਸੋਧਾਂ ਥੋਪਣ ਅਤੇ ਬਠਿੰਡਾ, ਲੁਧਿਆਣਾ ਤੇ ਪਟਿਆਲਾ ਵਿਚ ਮੁਜ਼ਾਹਰਿਆਂ ਉੱਪਰ ਪਾਬੰਦੀ ਲਾਏ ਜਾਣ ਸਮੇਤ ਹੋਰ ਜਾਬਰ ਕਦਮਾਂ ਦੀ ਨਿਖੇਧੀ ਕੀਤੀ ਗਈ ਇਹ ਕਦਮ ਵਾਪਸ ਲਏ ਜਾਣ ਦੀ ਮੰਗ ਕੀਤੀ ਗਈ। ਕਨਵੈਨਸ਼ਨ ਵਲੋਂ ਪੰਜਾਬ ਭਰ ਵਿਚ ਪ੍ਰੋਫੈਸਰ ਸਾਈਬਾਬਾ ਦੀ ਰਿਹਾਈ ਨੂੰ ਲੈ ਕੇ ਜ਼ੋਰਦਾਰ ਮੁਹਿੰਮ ਚਲਾਉਣ ਦਾ ਸੱਦਾ ਦਿੱਤਾ ਗਿਆ।
ਇਸ ਮੌਕੇ ਪ੍ਰੋਫੈਸਰ ਏ.ਐੱਸ.ਜੋਸ਼ੀ, ਪ੍ਰੋਫੈਸਰ ਆਰ.ਪੀ. ਸਭਰਵਾਲ, ਪ੍ਰੋਫੈਸਰ ਜਗਮੋਹਣ ਸਿੰਘ ਮਾਲਵਾ ਕਾਲਜ, ਡਾ. ਦਰਸ਼ਨ ਪਾਲ, ਡੈਮੋਕਰੇਟਿਕ ਲਾਇਰਜ਼ ਐਸੋਸੀਏਸ਼ਨ ਦੇ ਕਨਵੀਨਰ ਐਡਵੋਕੇਟ ਦਲਜੀਤ ਸਿੰਘ, ਔਰਤ ਆਗੂ ਸੁਖਵਿੰਦਰ ਕੌਰ, ਜਮਹੂਰੀ ਅਧਿਕਾਰ ਸਭਾ ਦੇ ਸੂਬਾਈ ਅਹੁਦੇਦਾਰ ਮਾਸਟਰ ਤਰਸੇਮ, ਐਡਵੋਕੇਟ ਰਾਜੀਵ ਲੋਹਟਬੱਧੀ, ਬੂਟਾ ਸਿੰਘ, ਐਡਵੋਕੇਟ ਐੱਨ.ਕੇ.ਜੀਤ, ਐਡਵੋਕੇਟ ਅਮਰਜੀਤ ਬਾਈ, ਡਾ. ਤੇਜਪਾਲ, ਜਸਵੀਰ ਦੀਪ, ਫਰੰਟ ਦੇ ਸੂਬਾਈ ਆਗੂ ਕਮਲਜੀਤ ਖੰਨਾ, ਅਮੋਲਕ ਸਿੰਘ, ਕਰਨਲ ਜੇ.ਐੱਸ. ਬਰਾੜ, ਸਤੀਸ਼ ਸਚਦੇਵਾ, ਜਸਵੰਤ ਜੀਰਖ ਆਦਿ ਹਾਜ਼ਰ ਸਨ।