ਪ੍ਰੋਫੈਸਰ ਸਾਈਬਾਬਾ ਦੀ ਗ੍ਰਿਫ਼ਤਾਰ ਵਿਰੁੱਧ ਕਨਵੈਨਸ਼ਨ 24 ਜਨਵਰੀ ਨੂੰ ਲੁਧਿਆਣਾ ਵਿੱਚ
Posted on:- 22-01-2016
ਲੁਧਿਆਣਾ: ਅਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਦੇ ਕਨਵੀਨਰ ਪ੍ਰੋਫੈਸਰ ਏ.ਕੇ.ਮਲੇਰੀ ਨੇ ਦੱਸਿਆ ਕਿ ਬੰਬਈ ਹਾਈਕੋਰਟ ਦੇ ਨਾਗਪੁਰ ਬੈਂਚ ਵਲੋਂ ਪਿਛਲੇ ਦਿਨੀਂ ਪ੍ਰੋਫੈਸਰ ਜੀ.ਐੱਨ.ਸਾਈਬਾਬਾ ਦੀ ਅੰਤ੍ਰਿਮ ਜ਼ਮਾਨਤ ਕੈਂਸਲ ਕਰਕੇ ਉਸ ਨੂੰ ਮੁੜ ਜੇਲ੍ਹ ਭੇਜਣ ਅਤੇ ਬੁੱਕਰ ਇਨਾਮ ਜੇਤੂ ਲੇਖਿਕਾ ਅਰੁੰਧਤੀ ਰਾਏ ਦੇ ਇਕ ਲੇਖ ਨੂੰ ਅਦਾਲਤ ਦੇ ਕੰਮ ਵਿਚ ਦਖ਼ਲਅੰਦਾਜ਼ੀ ਕਰਾਰ ਦੇ ਕੇ ਅਦਾਲਤੀ ਤੌਹੀਨ ਦਾ ਨੋਟਿਸ ਜਾਰੀ ਕਰਨ ਵਿਰੁੱਧ ਲੋਕ ਰਾਏ ਪੈਦਾ ਕਰਨ ਲਈ 24 ਜਨਵਰੀ (ਦਿਨ ਐਤਵਾਰ) ਨੂੰ ਸਵੇਰੇ ਗਿਆਰਾਂ ਵਜੇ ਪੰਜਾਬੀ ਭਵਨ ਲੁਧਿਆਣਾ ਵਿਚ ਸੂਬਾ ਪੱਧਰੀ ਕਨਵੈਨਸ਼ਨ ਕੀਤੀ ਜਾ ਰਹੀ ਹੈ ਜਿਸ ਨੂੰ ਦਿੱਲੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਦੀ ਪ੍ਰਧਾਨ ਪ੍ਰੋਫੈਸਰ ਨੰਦਿਤਾ ਨਰੈਣ ਅਤੇ ਸਿਆਸੀ ਕੈਦੀਆਂ ਲਈ ਰਿਹਾਈ ਲਈ ਆਲ ਇੰਡੀਆ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਐੱਸ.ਏ.ਆਰ. ਗੀਲਾਨੀ (ਦਿੱਲੀ ਯੂਨੀਵਰਸਿਟੀ) ਉਚੇਚੇ ਤੌਰ 'ਤੇ ਸੰਬੋਧਨ ਕਰਨਗੇ।
ਕਨਵੈਨਸ਼ਨ ਵਿਚ ਮੰਗ ਕੀਤੀ ਜਾਵੇਗੀ ਕਿ ਪ੍ਰੋਫੈਸਰ ਜੀ.ਐੱਨ. ਸਾਈਬਾਬਾ ਉਪਰ ਦਰਜ ਕੀਤਾ ਝੂਠਾ ਮੁਕੱਦਮਾ ਤੁਰੰਤ ਵਾਪਸ ਲੈ ਕੇ ਉਸ ਨੂੰ ਬਿਨਾਸ਼ਰਤ ਰਿਹਾਅ ਕੀਤਾ ਜਾਵੇ, ਸੰਸਾਰ ਪ੍ਰਸਿੱਧ ਲੇਖਕਾ ਅਰੁੰਧਤੀ ਰਾਏ ਨੂੰ ਜਾਰੀ ਕੀਤਾ ਨੋਟਿਸ ਵਾਪਸ ਲਿਆ ਜਾਵੇ, ਸਰਕਾਰ ਦੀਆਂ ਲੋਕ ਵਿਰੋਧੀ ਅਤੇ ਦੇਸ਼ ਵਿਰੋਧੀ ਨੀਤੀਆਂ ਦੀ ਆਲੋਚਨਾ ਕਰਨ ਵਾਲੇ ਅਤੇ ਹਿੰਦੂਤਵੀ ਫਾਸ਼ੀਵਾਦ ਦਾ ਵਿਰੋਧ ਕਰਨ ਵਾਲੇ ਬੁੱਧੀਜੀਵੀਆਂ, ਚਿੰਤਕਾਂ ਅਤੇ ਕਾਰਕੁਨਾਂ ਉੱਪਰ ਸਰਕਾਰੀ ਅਤੇ ਗ਼ੈਰਸਰਕਾਰੀ ਹਮਲੇ ਬੰਦ ਕੀਤੇ ਜਾਣ ਅਤੇ ਲੋਕਪੱਖੀ ਬੁੱਧੀਜੀਵੀਆਂ ਨੂੰ ਕਤਲ ਕਰਨ ਵਾਲੇ ਹਿੰਦੂਤਵੀ ਗਰੋਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ । ਉਨ੍ਹਾਂ ਨੇ ਸਾਰੀਆਂ ਅਗਾਂਹਵਧੂ, ਇਨਸਾਫ਼ਪਸੰਦ ਤੇ ਜਮਹੂਰੀ ਤਾਕਤਾਂ ਨੂੰ ਅਦਾਲਤਾਂ ਦੇ ਇਸ ਪੱਖਪਾਤੀ ਰਵੱਈਏ ਵਿਰੁੱਧ ਆਵਾਜ਼ ਉਠਾਉਣ ਅਤੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦੀ ਰਾਖੀ ਲਈ ਕਨਵੈਨਸ਼ਨ ਵਿਚ ਹੁੰਮ-ਹੁਮਾਕੇ ਪਹੁੰਚਣ ਦੀ ਅਪੀਲ ਕੀਤੀ ਹੈ।