ਗ਼ਜ਼ਲ ਸੰਗ੍ਰਹਿ ‘ਨਵ-ਤਰੰਗ’ ਲੋਕ ਅਰਪਣ
Posted on:- 18-01-2016
-ਬਲਜਿੰਦਰ ਸੰਘਾ
ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ ਸਾਲ 2016 ਦੀ ਪਲੇਠੀ ਸਾਹਿਤਕ ਬੈਠਕ ਕੋਸੋ ਦੇ ਹਾਲ ਵਿਚ ਭਰਵੀਂ ਹਾਜ਼ਰੀ ਵਿਚ ਹੋਈ। ਸਭ ਤੋਂ ਪਹਿਲਾ ਸਟੇਜ ਸਕੱਤਰ ਰਣਜੀਤ ਲਾਡੀ ਗੋਬਿੰਦਪੁਰੀ ਨੇ ਸਭਾ ਦੇ ਪ੍ਰਧਾਨ ਤਰਲੋਚਨ ਸੈਂਹਿੰਬੀ, ਮਹਿੰਦਰਪਾਲ ਸਿੰਘ ਪਾਲ ਅਤੇ ਗੁਰਬਚਨ ਬਰਾੜ ਨੂੰ ਪ੍ਰਧਾਨਗੀ ਮੰਡਲ ਵਿਚ ਬੈਠਣ ਦਾ ਸੱਦਾ ਦਿੱਤਾ। ਇਸ ਤੋਂ ਬਾਅਦ ਉਹਨਾ ਸੰਗੀਤ ਜਗਤ ਦੀਆਂ ਦੋ ਲੋਕ ਹਸਤੀਆਂ ਢਾਡੀ ਗੁਰਬਖ਼ਸ਼ ਸਿੰਘ ਅਲਬੇਲਾ ਅਤੇ ਲੋਕ ਗਾਇਕਾ ਮਨਪਰੀਤ ਅਖ਼ਤਰ ਦੇ ਅਕਾਲ ਚਲਾਣੇ ਦੀ ਸ਼ੋਕ ਮਈ ਖ਼ਬਰ ਸਾਂਝੀ ਕਰਦਿਆਂ ਇਸਨੂੰ ਲੋਕ ਕਲਾ ਦਾ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਸਭਾ ਦੀ ਨਵੇਂ ਸਾਲ ਦੀ ਮੈਂਬਰਸਿ਼ਪ ਲੈਣ ਲਈ ਬੇਨਤੀ ਕਰਦਿਆਂ ਉਹਨਾਂ ਦੱਸਿਆ ਕਿ ਨਵੀਂ ਪੀੜ੍ਹੀ ਨੂੰ ਪੰਜਾਬੀ ਨਾਲ ਜੋੜਨ ਦੇ ਉਪਰਾਲੇ ਤਹਿਤ ਸਲਾਨਾਂ ਪੰਜਵਾਂ ‘ਬੱਚਿਆਂ ਵਿਚ ਪੰਜਾਬੀ ਬੋਲਣ ਦੀ ਮੁਹਾਰਤ ਦਾ ਮੁਕਾਬਲਾ’ 12 ਮਾਰਚ ਨੂੰ ਵਾਈਟਹੌਰਨ ਹਾਲ ਵਿਚ ਹੋਵੇਗਾ। ਜੋਗਿੰਦਰ ਸਿੰਘ ਸੰਘਾ ਵੱਲੋਂ ਸਭਾ ਦੀਆਂ ਪਿਛਲੇ ਸਾਲ ਦੀਆਂ ਗਤੀਵਿਧੀਆਂ ਬਾਰੇ ਵਿਸ਼ੇਸ਼ ਰਿਪੋਰਟ ਪੇਸ਼ ਕੀਤੀ ਗਈ।
ਸਾਹਿਤਕ ਰੰਗਾਂ ਦੀ ਸ਼ੁਰੂਆਤ ਹਰਮੁਹਿੰਦਰ ਕੌਰ ਢਿੱਲੋਂ, ਦਵਿੰਦਰ ਸਿੰਘ ਮਲਹਾਂਸ ਅਤੇ ਯੁਵਰਾਜ ਸਿੰਘ ਨੇ ਆਪਣੀਆਂ ਰਚਨਾਵਾਂ ਨਾਲ ਕੀਤੀ। ਇਸ ਤੋਂ ਬਆਦ ਮਹਿੰਦਰਪਾਲ ਸਿੰਘ ਪਾਲ ਦਾ ਨਵਾਂ ਗ਼ਜ਼ਲ ਸੰਗ੍ਰਹਿ ‘ਨਵ-ਤਰੰਗ’ ਲੋਕ ਅਰਪਣ ਕੀਤਾ ਗਿਆ। ਮਹਿੰਦਰਪਾਲ ਇਸ ਤੋਂ ਪਹਿਲਾ ਤਿੰਨ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕੇ ਹਨ। ਗੁਰਬਚਨ ਬਰਾੜ ਨੇ ਇਸ ਕਿਤਾਬ ਬਾਰੇ ਆਪਣਾ ਪੇਪਰ ਪੜਦਿਆਂ ਕਿਹਾ ਕਿ ‘ ਸ਼ਾਇਰੀ ਦਾ ਸਬੰਧ ਸੂਖਮਤਾਂ ਨਾਲ ਹੈ ਚਾਹੇ ਵਿਚਾਰਾਂ ਦਾ ਵਖਰੇਵਾਂ ਕਿਓ ਨਾ ਹੋਵੇ ਤਾਂ ਵੀ ਮਹਿੰਦਰਪਾਲ ਦੀ ਸ਼ਾਇਰੀ ਦਾ ਅਨੰਦ ਲਿਆ ਜਾ ਸਕਦਾ ਹੈ, ਉਹਨਾਂ ਮਹਿੰਦਰਪਾਲ ਦੀ ਇਸ ਕਿਤਾਬ ਵਿਚੋਂ ਕੁਝ ਸ਼ੇਅਰ ਸਾਂਝੇ ਕਰਦਿਆਂ ਇਸ ਕਿਤਾਬ ਦੇ ਅਗਾਂਹਵਧੂ ਪੱਖ ਬਾਰੇ ਵਿਚਾਰ ਪੇਸ਼ ਕੀਤੇ’।
ਬਲਜਿੰਦਰ ਸੰਘਾ ਨੇ ਕਿਤਾਬ ਬਾਰੇ ‘ਗ਼ਜ਼ਲ ਸੰਗ੍ਰਹਿ ‘ਨਵ-ਤਰੰਗ’ ਅਤੇ ਸਮਾਜਿਕ ਸਾਂਝ’ ਵਿਸ਼ੇ ਤੇ ਆਪਣਾ ਪੇਪਰ ਕਿਤਾਬ ਵਿਚੋਂ ਸ਼ੇਅਰਾਂ ਦੇ ਹਵਾਲਿਆ ਨਾਲ ਪੜਿਆ ਲੇਖਕ ਦੀ ਸੂਖ਼ਮ ਅਤੇ ਸਾਂਝਾਂ ਦਾ ਸੁਨੇਹਾ ਦਿੰਦੀ ਸ਼ਾਇਰੀ ਬਾਰੇ ਗੱਲ ਕੀਤੀ। ਨਰਿੰਦਰ ਸਿੰਘ ਢਿੱਲੋਂ ਨੇ ਗ਼ਜ਼ਲ ਦੇ ਇਤਿਹਾਸ ਬਾਰੇ ਸੰਖੇਪ ਵਿਚ ਗੱਲ ਕਰਦਿਆਂ ਕਿਹਾ ਕਿ ਹੁਣ ਗ਼ਜ਼ਲ ਸਿਰਫ ਪਿਆਰ-ਮਹੁੱਬਤ ਬਾਰੇ ਹੀ ਨਹੀਂ ਲਿਖ਼ੀ ਜਾਂਦੀ, ਬਲਕਿ ਇਹ ਇਸ ਤੋਂ ਅਗਾਂਹ ਦਾ ਸਫ਼ਰ ਤਹਿ ਕਰ ਚੁੱਕੀ ਹੈ, ਉਹਨਾਂ ਮਹਿੰਦਰਪਾਲ ਸਿੰਘ ਪਾਲ ਦੀਆਂ ਗ਼ਜ਼ਲਾਂ ਦਾ ਹਵਾਲਾ ਦਿੰਦਿਆਂ ਉਹਨਾਂ ਨੂੰ ਇਸ ਲਈ ਵਧਾਈ ਵੀ ਦਿੱਤੀ।