ਦਵਿੰਦਰ ਸ਼ੋਰੀ ਵੱਲੋਂ ਪਠਾਨਕੋਟ ਅੱਤਵਾਦੀ ਹਮਲੇ ਦੀ ਪੁਰਜ਼ੋਰ ਨਿਖੇਧੀ
Posted on:- 07-01-2016
-ਹਰਬੰਸ ਬੁੱਟਰ
ਕੈਲਗਰੀ: ਬੀਤੇ ਦਿਨਾਂ ਤੋਂ ਭਾਰਤੀ ਪੰਜਾਬ ਦੇ ਪਠਾਨਕੋਟ ਏਰੀਆ ਵਿੱਚ ਹੋ ਰਹੇ ਅੱਤਵਾਦ ਦੇ ਤਾਂਢਵ ਨਾਚ ਸਬੰਧੀ ਗੱਲਬਾਤ ਕਰਦਿਆਂ ਕੈਨੇਡਾ ਵਿੱਚ ਦੋ ਵਾਰ ਐੱਮ ਪੀ ਰਹਿ ਚੁੱਕੇ ਦਵਿੰਦਰ ਸ਼ੋਰੀ ਨੇ ਕਿਹਾ ਕਿ ਦੁਨੀਆਂ ਵਿੱਚ ਕਿਤੇ ਵੀ ਵਾਪਰੇ ਅੱਤਵਾਦ ਦੇ ਵਿਰੁੱਧ ਕੈਨੇਡਾ ਹਮੇਸ਼ਾ ਆਪਣੀ ਆਵਾਜ਼ ਲਾਮਵੰਦ ਕਰਦਾ ਆਇਆ ਹੈ। ਅੱਜ ਕੈਨੇਡਾ ਅਤੇ ਭਾਰਤ ਸਮੇਤ ਪੂਰੀ ਦੁਨੀਆਂ ਨੂੰ ਅੱਤਵਾਦ ਤੋਂ ਖਤਰਾ ਹੈ ਅਤੇ ਕੈਨੇਡਾ ਦੀ ਮੌਜੂਦਾ ਸਰਕਾਰ ਨੂੰ ਅੱਤਵਾਦ ਖਿਲਾਫ ਡੱਟਕੇ ਖੜਨਾ ਚਾਹੀਦਾ ਹੈ। ਪਰ ਕੈਨੇਡਾ ਦੀ ਮੌਜੂਦਾ ਲਿਬਰਲ ਸਰਕਾਰ ਨੇ ਇਸ ਸਬੰਧੀ ਕਿਉਂ ਚੁੱਪ ਧਾਰੀ ਹੋਈ ਹੈ? ਉਹਨਾਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਜਦੋਂ ਵੀ ਕਦੇ ਅਮਨ ਸ਼ਾਂਤੀ ਦੀ ਗੱਲ ਕਰਦੀਆਂ ਹਨ ਤਾਂ ਅੱਤਵਾਦ ਨੇ ਹਮੇਸ਼ਾਂ ਹੀ ਅਜਿਹੇ ਮੌਕਿਆਂ ਉੱਪਰ ਆਪਣਾ ਖੌਫਨਾਕ ਕਰੂਪ ਚਿਹਰਾ ਸਾਹਮਣੇ ਲਿਆਂਦਾ ਹੈ।
ਅੱਗੇ ਗੱਲਬਾਤ ਕਰਦਿਆਂ ਦਵਿੰਦਰ ਸ਼ੋਰੀ ਨੇ ਅੱਤਵਾਦ ਦਾ ਮੁਕਾਬਲਾ ਕਰਦੇ ਹੋਏ ਕੁਰਬਾਨੀ ਦਾ ਜਾਮ ਪੀਣ ਵਾਲੇ ਸ਼ਹੀਦ ਯੋਧਿਆਂ ਨੂੰ ਸਲਾਮ ਕੀਤਾ ਅਤੇ ਉਹਨਾਂ ਦੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਜ਼ਾਹਿਰ ਕੀਤੀ। ਉਹਨਾਂ ਕਿਹਾ ਕਿ ਅੱਤਵਾਦ ਵਿਰੁੱਧ ਜੰਗ ਲੜਦਿਆਂ ਸ਼ਹੀਦੀ ਦੇਣ ਵਾਲਿਆਂ ਦਾ ਨਾਂ ਅੱਤਵਾਦ ਵਿਰੁੱਧ ਘੋਲਾਂ ਦੇ ਇਤਿਹਾਸ ਵਿੱਚ ਹਮੇਸਾਂ ਲਈ ਸੁਨਹਿਰੀ ਅੱਖਰਾਂ ਵਿੱਚ ਅੰਕਿਤ ਰਹੇਗਾ।