ਸਵ. ਮਨਮੀਤ ਸਿੰਘ ਭੁੱਲਰ ਦੀ ਯਾਦ ਵਿੱਚ ਐਵਾਰਡ ਸਥਾਪਿਤ ਕਰਨ ਐਲਾਨ
Posted on:- 25-12-2015
- ਹਰਬੰਸ ਬੁੱਟਰ
ਕੈਲਗਰੀ: ਰਾਣਾ ਸਪੋਰਟਸ ਐਂਡ ਕਲਚਰਲ ਕਲੱਬ ਦਾਊਧਰ ਪੰਜਾਬ /ਕੈਲਗਰੀ ਕੈਨੇਡਾ ਅਤੇ ਕਲੇਰ ਕਸਟਮ ਹੋਮਜ਼ ਲਿਮਟਿਡ ਨੇ ਕੈਨੇਡਾ-ਇੰਡੀਆ ਫਰੈਂਡਸ਼ਿਪ ਗਰੁੱਪ ਦੇ ਸਹਿਯੋਗ ਨਾਲ ਕੈਨੇਡਾ ਦੇ ਅਲਬਰਟਾ ਸੂਬੇ ਵਿਚਲੇ ਪਹਿਲੇ ਪੰਜਾਬੀ ਸਿੱਖ ਮੰਤਰੀ ਕੈਬਨਿਟ ਮੰਤਰੀ ਤੇ ਵਿਧਾਇਕ ਸਵਰਗੀ ਮਨਮੀਤ ਸਿੰਘ ਭੁੱਲਰ ਦੀ ਯਾਦ ਨੂੰ ਸਦੀਵੀ ਬਣਾਉਣ ਦੇ ਯਤਨ ਵਜੋਂ ਮਨਮੀਤ ਭੁੱਲਰ ਯਾਦਗਾਰੀ ਐਵਾਰਡ ਸਥਾਪਿਤ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਜਾਰੀ ਇਕ ਬਿਆਨ ਵਿਚ ਰਾਣਾ ਸਪੋਰਟਸ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸਿੱਧੂ ਤੇ ਕਲੇਰ ਕਸਟਮ ਹੋਮਜ਼ ਦੇ ਸ ਅਵਤਾਰ ਸਿੰਘ ਕਲੇਰ ਤੇ ਅਮਰਪ੍ਰੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਸਵਰਗੀ ਮਨਮੀਤ ਸਿੰਘ ਭੁੱਲਰ ਲੋਕ ਸੇਵਾ ਨੂੰ ਸਮਰਪਿਤ ਆਗੂ ਸਨ, ਜਿਹਨਾਂ ਨੇ ਸਿੱਖਿਆ, ਖੇਡਾਂ ਤੇ ਸਿਆਸੀ ਖੇਤਰ ਵਿਚ ਨਵੀਆਂ ਪੈੜਾਂ ਪਾਈਆਂ।
ਨੌਜਵਾਨ ਪੀੜ੍ਹੀ ਨੂੰ ਉਸ ਮਹਾਨ ਆਗੂ ਦੇ ਜੀਵਨ ਤੋਂ ਪ੍ਰੇਰਨਾ ਲੈਣ ਅਤੇ ਉਤਸ਼ਾਹਿਤ ਕਰਨ ਲਈ ਇਕ ਯਾਦਗਾਰੀ ਐਵਾਰਡ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਐਵਾਰਡ ਹਰ ਸਾਲ ਪੰਜਾਬ ਵਿਚ ਦਾਊਧਰ ਕਬੱਡੀ ਕੱਪ ਮੌਕੇ ਅਤੇ ਕੈਲਗਰੀ ਵਿਖੇ ਇਕ ਸਲਾਨਾ ਸਮਾਗਮ ਦੌਰਾਨ ਕਿਸੇ ਹੋਣਹਾਰ ਪੰਜਾਬੀ ਨੌਜਵਾਨ ਨੂੰ ਦਿੱਤਾ ਜਾਇਆ ਕਰੇਗਾ। ਇਸ ਸਬੰਧੀ ਇਕ ਕਮੇਟੀ ਗਠਿਤ ਕੀਤੀ ਜਾਵੇਗੀ ਜੋ ਮੈਰਿਟ ਦੇ ਆਧਾਰ `ਤੇ ਐਵਾਰਡ ਦੀ ਚੋਣ ਲਈ ਮਾਪ ਦੰਡ ਤਹਿ ਕਰੇਗੀ। ਇਸੇ ਦੌਰਾਨ ਪੀਜ਼ਾ ਹਾਊਸ ਦੇ ਮਾਲਕ ਸ ਅਵਤਾਰ ਸਿੰਘ ਹੇਅਰ ਨੇ ਮਨਮੀਤ ਸਿੰਘ ਭੁੱਲਰ ਯਾਦਗਾਰੀ ਐਵਾਰਡ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਐਲਾਨ ਕੀਤਾ ਹੈ।