ਸੇਜਲ ਅੱਖਾਂ ਨਾਲ ਸਵ: ਮਨਮੀਤ ਭੁੱਲਰ ਨੂੰ ਅੰਤਿਮ ਵਿਦਾਇਗੀ
Posted on:- 01-12-2015
- ਹਰਬੰਸ ਬੁੱਟਰ
ਕੈਲਗਰੀ: ਸੜਕ ਹਾਦਸੇ ਦੌਰਾਨ ਮੌਤ ਦੀ ਬੁੱਕਲ ਵਿੱਚ ਜਾ ਬਿਰਾਜੇ ਅਲਬਰਟਾ ਦੇ ਸਾਬਕਾ ਮੰਤਰੀ ਅਤੇ ਮੌਜੂਦਾ ਸਰਕਾਰ ਵਿੱਚ ਐੱਮ ਐੱਲ ਏ ਸਵ: ਸ: ਮਨਮੀਤ ਸਿੰਘ ਭੁੱਲਰ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਅੱਜ ਕੈਲਗਰੀ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਜੁਬਲੀ ਆਡੋਟੋਰੀਅਮ ਵਿਖੇ ਹਜ਼ਾਰਾਂ ਦੀ ਗਿਣਤੀ ਵਿੱਚ ਕੈਲਗਰੀ ਅਤੇ ਦੂਰ ਦੁਰਾਡੇ ਤੋਂ ਪੁੱਜੇ ਮਨਮੀਤ ਭੁੱਲਰ ਦੇ ਚਾਹੁਣ ਵਾਲਿਆਂ ਦੀਆਂ ਸਵੇਰ ਤੋਂ ਹੀ ਲੰਮੀਆਂ ਲਾਈਨਾਂ ਇਸ ਵੱਡ ਅਕਾਰੀ ਬਿਲਡਿੰਗ ਦੇ ਬਾਹਰ ਤੱਕ ਲੱਗੀਆਂ ਹੋਈਆਂ ਸਨ। ਅਲਬਰਟਾ ਦੇ ਸਾਬਕਾ ਪ੍ਰੀਮੀਅਰ ਜਿੱਮ ਪ੍ਰੈਂਟਿਸ ਜੋ ਕਿ ਇਸ ਸੋਗਮਈ ਸਮਾਰੋਹ ਦੇ ਸੰਚਾਲਕ ਸਨ ,ਦੇ ਸਹਿਯੋਗ ਨਾਲ ਓ ਕਨੇਡਾ ਅਤੇ ਸਬਦ ਕੀਰਤਨ ਨਾਲ ਆਰੰਭਤਾ ਹੋਈ ।ਸਵ: ਮਨਮੀਤ ਭੁੱਲਰ ਦੀ ਵਿਧਵਾ ਪਤਨੀ ਨਮਰਿਤਾ ਕੌਰ ਰਤਨ, ਵੱਡੀ ਭੈਣ ਤਰਜਿੰਦਰ ਕੌਰ ਭੁੱਲਰ, ਅਤੇ ਛੋਟੇ ਵੀਰ ਐਪੀ ਸਿੰਘ ਭੁੱਲਰ ਦੇ ਦਿਲ ਨੂੰ ਧੁਹ ਪਾਉਣ ਵਾਲੇ ਬੋਲਾਂ ਨੇ ਹਾਜਰੀਨ ਦੇ ਹੰਝੂਆਂ ਦੇ ਦਰਿਆਵਾਂ ਦੀ ਠੱਲ ਨੂੰ ਤੋੜ ਦਿੱਤਾ।
ਉਹਨਾਂ ਵੱਲੋਂ ਅਫਗਾਨ ਵਿੱਚ ਫਸੇ ਹੋਏ ਘੱਟ ਗਿਣਤੀ ਭਾਈਚਾਰੇ ਦੇ ਪਰਿਵਾਰਾਂ ਨੂੰ ਮੁਲਕ ਵਿੱਚੋਂ ਕੱਢਕੇ ਕੈਨੇਡਾ ਲੈ ਆਉਣ ਦੇ ਕੀਤੇ ਜਾ ਰਹੇ ਉਪਰਾਲੇ ਜਾ ਜ਼ਿਕਰ ਹੋਇਆ। ਸਾਬਕਾ ਫੈਡਰਲ ਮੰਤਰੀ ਟਿੰਮ ਉੱਪਲ,ਟੋਨੀ ਸਿੰਘ ਧਾਲੀਵਾਲ,ਅਮਰਦੀਪ ਸਿੰਘ ਲਹਿਲ , ਕੈਲਗਰੀ ਦੇ ਮੇਅਰ ਨਾਹੀਦ ਨੈਨਸੀ ਅਤੇ ਕਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੇ ਵੀਡੀਓ ਸੰਦੇਸ ਰਾਹੀਂ ਸਵ: ਮਨਮੀਤ ਭੁੱਲਰ ਦੇ ਮਨੁੱਖਤਾ ਦੇ ਸੱਚੇ ਮਿੱਤਰ, ਸੱਚੇ ਸੁੱਚੇ ਰਾਜਨੀਤਕ,ਲੋਕ ਸੇਵਕ,ਅਤੇ ਨੌਜਵਾਨਾਂ ਦੇ ਮਾਰਗ ਦਰਸਕ ਦੇ ਰੂਪ ਵਿੱਚ ਯਾਦਾਂ ਨੂੰ ਸਾਂਝਾ ਕੀਤਾ ਗਿਆ। ਮ੍ਰਿਤਕ ਦੇਹ ਦੇ ਅੰਤਿਮ ਸਸਕਾਰ ਉਪਰੰਤ ਗੁਰੂਦਵਾਰਾ ਦਸਮੇਸ ਕਲਚਰਲ ਸੈਂਟਰ ਕੈਲਗਰੀ ਸਾਹਿਬ ਸੀ੍ਰ ਗੁਰੂ ਗਰੰਥ ਸਾਹਿਬ ਜੀ ਭੋਗ ਪਾਏ ਗਏ ਅਤੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਦੀ ਜੋਦੜੀ ਕਰਦਿਆਂ ਅੰਤਿਮ ਅਰਦਾਸ ਹੋਈ ।
ਗੁਰੂਘਰ ਦੇ ਪ੍ਰਧਾਨ ਗੁਰਿੰਦਰ ਸਿੱਧੂ ਅਤੇ ਸਵ: ਮਨਮੀਤ ਸਿੰਘ ਬੁੱਲਰ ਦੇ ਪਿਤਾ ਜੀ ਸ: ਬਰਜਿੰਦਰ ਸਿੰਘ ਭੁੱਲਰ ਨੇ ਸਭ ਸੰਗਤਾਂ ਦਾ ਇਸ ਦੁਖਦਾਈ ਘੜੀ ਮੌਕੇ ਉਹਨਾਂ ਦੇ ਪਰਿਵਾਰ ਦਾ ਸਾਥ ਦੇਣ ਧੰਨਵਾਦ ਕੀਤਾ। ਉਪਰੰਤ ਹਾਕਸ ਫੀਲਡ ਦੇ ਹਾਕੀ ਦੇ ਖਿਡਾਰੀਆਂ ਵੱਲੋਂ ਸਵ: ਭੁੱਲਰ ਦੀ ਤਸਵੀਰ ਵਾਲੀਆਂ ਸ਼ਰਟਾਂ ਪਹਿਨ ਕੇ ਇੱਕ ਵੱਖਰੇ ਰੂਪ ਵਿੱਚ ਸ਼ਰਧਾਂਜਲੀ ਦਿੱਤੀ ਜਾ ਰਹੀ ਰਹੀ ਸੀ। ਐਤਵਾਰ ਦੀ ਰਾਤ ਸਿਟੀ ਆਫ ਕੈਲਗਰੀ ਦੇ ਮੇਅਰ ਨਾਹੀਦ ਨੈਨਸੀ ਨੇ ਮਨਮੀਤ ਭੁੱਲਰ ਨੂੰ ਸ਼ਰਧਾਂਜਲੀ ਵੱਜੋਂ ਡਾਉਨਟਾਊਨ ਦੇ ਇਲਾਕੇ ਵਿੱਚ ਨੀਲੀਆਂ ਲਾਈਟਾਂ ਵਿਸ਼ੇਸ਼ ਤੌਰ ‘ਤੇ ਜਗਾਈਆਂ।