17ਵਾਂ ਦਿਲਬਰ ਯਾਦਗਾਰੀ ਸਮਾਗਮ ਰਿਹਾ ਪ੍ਰਭਾਵਸ਼ਾਲੀ
Posted on:- 27-11-2015
ਪੰਜਾਬੀ ਮਾਂ ਬੋਲੀ ਦੀ ਝੋਲੀ 31 ਕਿਤਾਬਾਂ ਪਾਉਣ ਵਾਲੇ ਦਰਵੇਸ਼ ਸਾਹਿਤਕਾਰ ਹਰੀ ਸਿੰਘ ਦਿਲਬਰ ਜੀ ਦੀ ਯਾਦ ਵਿੱਚ 17ਵਾਂ ਸਾਹਿਤਕ ਸਮਾਗਮ ਦਿਲਬਰ ਯਾਦਗਾਰੀ ਹਾਲ ਲਲਤੋਂ ਕਲਾਂ ਵਿਖੇ ਕਰਵਾਇਆ ਗਿਆ।ਇਸ ਸਮਾਗਮ ਵਿੱਚ ਸ.ਗੁਰਨਾਮ ਸਿੰਘ ਗਿੱਲ,ਏ.ਡੀ.ਸੀ(ਰਿਟਾ.) ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਸਰਦਾਰ ਪੰਛੀ,ਦੇਵ ਥਰੀਕੇ,ਜਗਮੀਤ ਸਿੰਘ ਅਤੇ ਮਾਸਟਰ ਤਰਸੇਮ ਲਾਲ ਸ਼ਾਮਲ ਸਨ।ਕਰਮਜੀਤ ਸਿੰਘ ਗਰੇਵਾਲ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਹਰੀ ਸਿੰਘ ਦਿਲਬਰ ਜੀ ਵੱਲੋਂ ਪੰਜਾਬੀ ਮਾਂ ਬੋਲੀ ਦੇ ਵਿਕਾਸ ਲਈ ਕੀਤੇ ਖੋਜ ਕਾਰਜਾਂ ਦੀ ਪ੍ਰਸੰਸਾ ਕੀਤੀ।ਸਮਾਗਮ ਦੇ ਸ਼ੁਰੂਆਤੀ ਦੌਰ ਜਨਮੇਜਾ ਜੌਹਲ ਜੀ ਨੇ ਦਿਲਬਰ ਜੀ ਬਾਰੇ ਬੋਲਦਿਆਂ ਕਿਹਾ ਕਿ ਉਹਨਾਂ ਦਾ ਕੁਦਰਤ ਨਾਲ ਬਹੁਤ ਪਿਆਰ ਸੀ।ਉਹਨਾਂ ਵੱਲੋਂ ਦਿਲਬਰ ਜੀ ਬਾਰੇ ਲਿਖੇ ਲੇਖ ਸਾਹਿਤ ਦਾ ਗੱਡਾ ਅਤੇ ਦਿਲਬਰ ਜੀ ਦੇ ਸਾਹਿਤ ਦੀ ਯਾਦਗਾਰੀ ਤਸਵੀਰ ਬਾਰੇ ਵੀ ਚਾਨਣਾ ਪਾਇਆ ਗਿਆ।ਉਹਨਾਂ ਦਿਲਬਰ ਜੀ ਦੇ ਸਾਹਿਤ ਨੂੰ ਦੁਬਾਰਾ ਛਾਪਣ ਤੇ ਸਾਂਭਣ ਦੀ ਵੀ ਗੱਲ ਕੀਤੀ ।
ਡਾ.ਗੁਲਜ਼ਾਰ ਸਿੰਘ ਪੰਧੇਰ ਵੱਲੋਂ ਹਰੀ ਸਿੰਘ ਦਿਲਬਰ ਯਾਦਗਾਰੀ ਭਾਸ਼ਣ ਦੌਰਾਨ ਦਿਲਬਰ ਜੀ ਦੀਆਂ ਲਿਖਤਾਂ ਦੀ ਅਜੋਕੇ ਦੌਰ ਵਿੱਚ ਪ੍ਰਸੰਗਤਾ ਤੇ ਅਹਿਮ ਨੁਕਤੇ ਸਾਂਝੇ ਕੀਤੇ।ਉਹਨਾਂ ਆਖਿਆ ਕਿ ਅੱਜ ਜਦੋਂ ਸਮਾਜ ਵਿੱਚ ਵੰਡੀਆਂ ਪਾਉਣ ਲਈ ਸਰਮਾਏਦਾਰਾਂ ਵੱਲੋਂ ਪੂਰੀ ਯੋਜਨਾਬੰਦੀ ਨਾਲ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ,ਸਮਾਜ ਫਾਸਿਜਮ ਦੇ ਰਸਤੇ ਤੋਰਿਆ ਜਾ ਰਿਹਾ ਹੈ ਉਸ ਵੇਲੇ ਦਿਲਬਰ ਜੀ ਦੀਆਂ ਸਾਨੂੰ ਸਾਡੀਆਂ ਜੜਾਂ ਨਾਲ ਜੋੜਦੀਆਂ ਤੇ ਬਰਾਬਰੀ ਦੀ ਗੱਲ ਕਰਦੀਆਂ ਲਿਖਤਾਂ ਦਾ ਮਹੱਤਵ ਹੋਰ ਵੀ ਵਧ ਜਾਂਦਾ ਹੈ।ਉਹਨਾਂ ਵੱਲੋਂ ਆਪਣੀਆਂ ਰਚਨਾਵਾਂ ਵਿੱਚ ਵਰਤੇ ਗਏ ਨਿਰੋਲ ਪੇਂਡੂ ਸ਼ਬਦ ਅੱਜ ਵੀ ਉਸ ਮਹਾਨ ਸੱਭਿਆਚਾਰਕ ਵਿਰਸੇ ਦੀ ਯਾਦ ਦਿਵਾਉਂਦੇ ਹਨ।
ਕਾਮਰੇਡ ਕਸਤੂਰੀ ਲਾਲ ਨੇ ਇਸ ਭਾਸ਼ਣ ਵਿੱਚੋਂ ਕੁਝ ਸਵਾਲ ਕਰਕੇ ਇਸ ਚਰਚਾ ਨੂੰ ਹੋਰ ਅੱਗੇ ਤੋਰਿਆ।ਹਰੀ ਸਿੰਘ ਦਿਲਬਰ ਜੀ ਦੇ ਮਾਣਮੱਤੇ ਸ਼ਾਗਿਰਦ ਦੇਵ ਥਰੀਕੇ ਨੇ ਕਿਹਾ ਕਿ ਮੈਂ ਅੱਜ ਸ਼ਾਇਰ ਤੇ ਲੇਖਕ ਦੇਵ ਥਰੀਕੇ ਨਾ ਹੁੰਦਾ ਜੇ ਮੇਰੇ ਸਿਰ ਤੇ ਉਸਤਾਦ ਹਰੀ ਸਿੰਘ ਦਿਲਬਰ ਦਾ ਹੱਥ ਨਾ ਹੁੰਦਾ।ਉਹਨਾਂ ਮੈਨੂੰ ਬਾਪ ਵਾਂਗ ਛਤਰਛਾਇਆ ਦਿੱਤੀ ।ਮੇਰੀਆਂ ਜੜਾਂ ’ਚ ਪਾਣੀ ਤੇ ਖਾਦ ਦਿਲਬਰ ਜੀ ਨੇ ਪਾਈ।ਪਰ ਉਹਨਾਂ ਨੂੰ ਇਸ ਗੱਲ ਦਾ ਅਫਸੋਸ ਵੀ ਰਹੇਗਾ ਕਿ ਇਸ ਮਹਾਨ ਲੇਖਕ ਨੂੰ ਸਰਕਾਰਾਂ ਵੱਲੋਂ ਬਣਦਾ ਮਾਣ ਸਨਮਾਨ ਵੀ ਨਹੀਂ ਦਿੱਤਾ ਗਿਆ ।ਬੇਸ਼ੱਕ ਸ਼ਰੀਫ ਆਦਮੀ ਜਗਾੜੂ ਨਹੀਂ ਹੋ ਸਕਦਾ ਪਰ ਹਰੀ ਸਿੰਘ ਦਿਲਬਰ ਵਰਗੇ ਲੇਖਕ ਸ਼੍ਰੋਮਣੀ ਸਾਹਿਤਕਾਰ ਅਵਾਰਡ ਦੇ ਹੱਕਦਾਰ ਬਣਦੇ ਸਨ।ਮੁੱਖ ਮਹਿਮਾਨ ਸ.ਗੁਰਨਾਮ ਸਿੰਘ ਗਿੱਲ ਨੇ ਹਰੀ ਸਿੰਘ ਦਿਲਬਰ ਜੀ ਦੇ ਨਿਵੇਕਲੇ ਸਾਹਿਤ ਦੀ ਪ੍ਰਸੰਸਾ ਕਰਦਿਆਂ ਸਾਹਿਤ ਦੀ ਜੀਵਨ ਵਿੱਚ ਮਹੱਤਤਾ,ਬੱਚਿਆ ਨੂੰ ਸਾਹਿਤ ਨਾਲ ਜੋੜਨ ਦੀ ਚੇਟਕ ਲਾਉਣ ਦੀ ਗੱਲ ਕੀਤੀ।ਉਹਨਾਂ ਦਿਲਬਰ ਯਾਦਗਾਰੀ ਲਾਇਬ੍ਰੇਰੀ ਲਈ ਅਲਮਾਰੀ ਅਤੇ ਕਿਤਾਬਾਂ ਵੀ ਦਿੱਤੀਆਂ। “ਅਣੂ” ਦੇ ਸੰਪਾਦਕ ਸੁਰਿੰਦਰ ਕੈਲੇ ਜੀ ਨੇ ਹਰੀ ਸਿੰਘ ਦਿਲਬਰ ਜੀ ਦੇ ਸਾਦਗੀ ਵਾਲੇ ਸੁਭਾਅ ,ਸ਼ਬਦ ਭੰਡਾਰ ਤੇ ਵਿਲੱਖਣ ਲੇਖਣੀ ਤੇ ਉਹਨਾਂ ਨਾਲ ਬਿਤਾਏ ਪਲਾਂ ਦੀ ਗੱਲ ਸਾਂਝੀ ਕੀਤੀ।
ਸਮਾਗਮ ਦੇ ਅਗਲੇ ਦੌਰ ਵਿੱਚ ਕਵੀ ਦਰਬਾਰ ਦੀ ਸ਼ੁਰੂਆਤ ਸੁਰੀਲੇ ਸ਼ਾਇਰ ਤ੍ਰਲੋਚਨ ਲੋਚੀ ਵੱਲੋਂ “ਆਪਣੇ ਮਨ ਦੇ ਵਿਹੜੇ” ਗਜ਼ਲ ਤਰੰਨੁਮ ਵਿੱਚ ਗਾ ਕੇ ਕੀਤੀ ਗਈ।ਦੇਵ ਥਰੀਕੇ ਵੱਲੋਂ-“ਇੰਜ ਨਹੀਂ ਸੀ ਪਤਾ ਕਿ ਇੰਜ ਹੋ ਜਾਵੇਗਾ,ਸਮਿਆਂ ਦੀ ਧੂੜ ਵਿੱਚ ਗੀਤ ਖੋ ਜਾਵੇਗਾ”, ਪੰਮੀ ਹਬੀਬ ਨੇ ਅੱਜ ਦੇ ਬਾਬੇ, ਕੁਲਵਿੰਦਰ ਕੌਰ ਕਿਰਨ-ਕਾਹਤੋਂ ਮੋਹ ਹੋ ਜਾਂਦਾ ਉਹਨਾਂ ਥਾਵਾਂ ਨਾਲ, ਸੁਖਚਰਨਜੀਤ ਗਿੱਲ ਵੱਲੋਂ ਦਿਲਕਸ਼ ਅਵਾਜ਼ ਵਿੱਚ ਹੱਸੇ ਹਨੇਰਾ ਤੇ ਚਾਨਣ ਰੋਵੇ, ਨਿਵੇਕਲੇ ਸ਼ਾਇਰ ਭਗਵਾਨ ਢਿੱਲੋਂ ਵੱਲੋਂ ਐ ਪੰਜਾਬ, ਰਾਜਦੀਪ ਤੂਰ-ਰਾਜਿਆ ਰਾਜ ਕਰੇਂਦਿਆ, ਹਰਬੰਸ ਮਾਲਵਾ-ਕਿਸੇ-ਕਿਸੇ ਦੇ ਹਿੱਸੇ ਆਉਂਦਾ, ਤਰਲੋਚਨ ਝਾਂਡੇ-ਕੁੱਝ ਨਹੀਂ ਹਾਸਲ ਹੋਣਾ ਮੰਗਵੇਂ ਚਾਵਾਂ ਤੋਂ, ਜਾਗੀਰ ਸਿੰਘ ਪ੍ਰੀਤ-ਫੁੱਲਾਂ ਦੀ ਸੰਗਤ, ਪ੍ਰਭਜੋਤ ਸੋਹੀ-ਉਹ ਹੱਸ ਪਈ ਤੇ ਇਕਲੋਤੀ ਧੁਨ, ਰਵਿੰਦਰ ਦੀਵਾਨਾ-ਚੰਨਾ ਤੇਰਾ ਧੰਨ ਜਿਗਰਾ, ਨਗਿੰਦਰ ਸਿੰਘ ਵੱਲੋਂ ਦਿਲਬਰ ਪਿਆਰੇ,ਰਾਜੂ ਹਰਫੀ ਤੇ ਜੱਗਾ ਲਲਤੋਂ ਵੱਲੋਂ ਵੀ ਗੀਤ ਪੇਸ਼ ਕੀਤੇ ਗਏ।ਅਖੀਰ ਵਿੱਚ ਉੱਘੇ ਸ਼ਾਇਰ ਸਰਦਾਰ ਪੰਛੀ ਨੇ ਪ੍ਰਧਾਨਗੀ ਭਾਸ਼ਣ ਦੌਰਾਨ ਇਸ ਸਫਲ ਸਮਾਗਮ ਲਈ ਮੰਚ ਨੂੰ ਮੁਬਾਰਕਬਾਦ ਦਿੱਤੀ ਅਤੇ ਆਪਣੇ ਗੀਤਾਂ ਤੇ ਸ਼ਾਇਰੀ ਨਾਲ ਸਮਾਗਮ ਨੂੰ ਸਿਖਰ ਤੇ ਪਹੁੰਚਾ ਦਿੱਤਾ।ਇਸ ਸਮਾਗਮ ਵਿੱਚ ਪੰਜ ਮਾਣਮੱਤੀਆਂ ਸਖ਼ਸ਼ੀਅਤਾਂ ਦੇਵ ਥਰੀਕੇ, ਸਰਦਾਰ ਪੰਛੀ, ਸ.ਗੁਰਨਾਮ ਸਿੰਘ ਗਿੱਲ ਏ.ਡੀ.ਸੀ(ਰਿਟਾ.) ਜਗਮੀਤ ਸਿੰਘ ਅਤੇ ਮਾਸਟਰ ਤਰਸੇਮ ਲਾਲ ਨੂੰ ਦਿਲਬਰ ਯਾਦਗਾਰੀ ਮੰਚ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ।ਲੇਖਕ ਉਜਾਗਰ ਲਲਤੋਂ ਨੇ ਆਏ ਮਹਿਮਾਨਾਂ ਤੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਇਸ ਸਮਾਗਮ ਨੂੰ ਬੱਚਿਆਂ ਤੱਕ ਲਿਜਾਣ ਤੇ ਹੋਰ ਵਿਸ਼ਾਲ ਬਨਾਉਣ ਦਾ ਪ੍ਰਣ ਕੀਤਾ।ਇਸ ਸਮਾਗਮ ਵਿੱਚ ਫਿਲਮੀ ਕਲਾਕਾਰ ਬਲਦੇਵ ਲਲਤੋਂ,ਮਨਚੈਨ ਸਿੰਘ,ਹਰਭਜਨ ਸਿੰਘ,ਪੰਚ ਗੁਰਦੀਪ ਸਿੰਘ,ਪੰਚ ਪ੍ਰੀਤਮ ਸਿੰਘ,ਦਲਜੀਤ ਸਿੰਘ ਸਾਬਕਾ ਸਰਪੰਚ ਫੁੱਲਾਂਵਾਲ,ਰਵਿੰਦਰ ਰਵੀ,ਕੈਪਟਨ ਮਲਕੀਤ ਸਿੰਘ,ਹਰਨੇਕ ਸਿੰਘ,ਪਾਲ ਸਿੰਘ,ਹਰਜੀਤ ਸਿੰਘ ਗਰੇਵਾਲ,ਜੈਪਾਲ ਸਿੰਘ,ਨਿਰਮਲ ਸਿੰਘ,ਸੁਦਾਗਰ ਸਿੰਘ,ਬਲਵਿੰਦਰ ਸਿੰਘ,ਅਜੀਤਪਾਲ ਸਿੰਘ,ਜਸਵੰਤ ਸਿੰਘ,ਜਸਵੀਰ ਸਿੰਘ ਭੋਲਾ,ਦੀਪਿੰਦਰ ਸਿੰਘ ਤੋਂ ਇਲਾਵਾ ਇਲਾਕੇ ਦੇ ਲੋਕਾਂ ਨੇ ਭਰਵੀਂ ਸ਼ਿਰਕਤ ਕੀਤੀ।
ਫੋਟੋ ਕੈਪਸ਼ਨ:ਲਲਤੋਂ ਕਲਾਂ ਵਿਖੇ ਹੋਏ ਦਿਲਬਰ ਯਾਦਗਾਰੀ ਸਮਾਗਮ ਦੌਰਾਨ ਸਨਮਾਨਤ ਸਖ਼ਸ਼ੀਅਤਾਂ ਦੇਵ ਥਰੀਕੇ,ਸਰਦਾਰ ਪੰਛੀ,ਗੁਰਨਾਮ ਸਿੰਘ ਗਿੱਲ ਏਡੀਸੀ(ਰਿਟਾ) ਜਗਮੀਤ ਸਿੰਘ,ਮਾਸਟਰ ਤਰਸੇਮ ਲਾਲ ਨਾਲ ਪ੍ਰਬੰਧਕ