ਮਾਈ ਭਾਗੋ ਦੇ ਨਾਂ ’ਤੇ ਬਣਨ ਵਾਲੇ ਵਾਰਡ ਲਈ ਹੋਏ ਤਿੰਨ ਲੱਖ ਤੋਂ ਜ਼ਿਆਦਾ ਡਾਲਰ
Posted on:- 27-11-2015
- ਹਰਬੰਸ ਬੁੱਟਰ
ਕੈਲਗਰੀ: ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਮੌਕੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਰੇਡੀਓ ਰੈੱਡ ਐੱਫ ਐੱਮ ਕੈਲਗਰੀ ਵੱਲੋਂ ਫੰਡ ਇਕੱਤਰ ਕਰਨ ਲਈ ਕੀਤੇ ਉਪਰਾਲੇ ਦੌਰਾਨ ਇੱਕ ਦਿਨ ਵਿੱਚ ਹੀ 311602 ਡਾਲਰ 57 ਸੈਂਟ ਇਕੱਤਰ ਕੀਤੇ ਗਏ। ਇਹਨਾਂ ਇਕੱਤਰ ਹੋਏ ਡਾਲਰਾਂ ਨਾਲ ਕੈਲਗਰੀ ਦੇ ਪੀਟਰਲਾਹੀਡ ਹਸਪਤਾਲ ਵਿੱਚ ਮਾਈ ਭਾਗੋ ਦੇ ਨਾਂ ਉੱਪਰ ਇੱਕ ਵਾਰਡ ਜੱਚਾ ਬੱਚਾ ਦੀ ਸਾਂਭ ਸੰਭਾਲ ਲਈ ਉਸਾਰਿਆ ਜਾਵੇਗਾ। ਪੂਰਾ ਦਿਨ ਰੇਡੀਓ ਸਟੇਸ਼ਨ ਉੱਪਰ ਦਾਨੀ ਸੱਜਣਾਂ ਦੀਆਂ ਰੌਣਕਾਂ ਲੱਗੀਆਂ ਰਹੀਆਂ। ਭਾਵੇਂ ਵੱਡੀਆਂ ਧਨ ਰਾਸ਼ੀਆਂ ਵੀ ਵੱਡੀ ਮਾਤਰਾ ਵਿੱਚ ਆਉਂਦੀਆਂ ਰਹੀਆਂ ਪਰ ਜਦੋ ਇੱਕ ਬੱਚਾ ਆਪਣੇ ਵੱਲੋਂ ਇੱਕ ਇੱਕ ਪੈਨੀ ਇਕੱਤਰ ਕਰਕੇ ਤਕਰੀਬਨ 99 ਡਾਲਰ ਇਕੱਠੇ ਕਰਕੇ ਲੈ ਆਇਆ ਤਾਂ ਉਸ ਨੂੰ ਦੇਖਕੇ ਦਾਨ ਕਰਨ ਵਾਲਿਆਂ ਵਿੱਚ ਨਵਾਂ ਜ਼ੋਸ ਭਰ ਆਇਆ । ਵੋਟਾਂ ਮੰਗਣ ਵੇਲੇ ਤਾਂ ਹਰ ਕੋਈ ਲੀਡਰ ਆ ਜਾਂਦਾ ਹੈ ਪਰ ਉਸ ਵੇਲੇ ਲੋਕਾਂ ਨੇ ਚੰਗਾ ਮਹਿਸੂਸ ਕੀਤਾ ਜਦੋਂ ਸਾਬਕਾ ਮੈਂਬਰ ਪਾਰਲੀਮੈਂਟ ਦਵਿੰਦਰ ਸ਼ੋਰੀ ਅਤੇ ਵਾਈਲਡਰੋਜ਼ ਪਾਰਟੀ ਦੇ ਲੀਡਰ ਹੈਪੀ ਮਾਨ ਦੇ ਉਪਰਾਲੇ ਸਦਕਾ ਉਹਨਾਂ ਦੀ ਟੀਮ ਨੇ ਜਿਉਂ ਹੀ ਰੇਡੀਓ ਸਟੇਸਨ ਉੱਪਰ ਆਕੇ ਲਾਈਵ ਦਾਨ ਇੱਕਤਰ ਕਰਨ ਦੀ ਬੇਨਤੀ ਕੀਤੀ ਤਾਂ ਕੁਝ ਹੀ ਪਲਾਂ ਵਿੱਚ ਤਕਰੀਬਨ 16,700 ਡਾਲਰ ਦੀ ਰਾਸ਼ੀ ਇੱਕਤਰ ਹੋ ਗਈ ।
ਇਸੇ ਤਰ੍ਹਾਂ ਪੰਜਾਬੀ ਭਾਈਚਾਰੇ ਵਿੱਚ ਬਿਜਨਿਸ ਦੇ ਖੇਤਰ ਵਿੱਚ ਵੱਡਾ ਨਾਂ ਬਣਾ ਚੁੱਕੇ ਚਾਰਲੀ ਸੰਘਾ ਅਤੇ ਰਾਣਾ ਸੰਧੂ ਵੱਲੋਂ ਟ੍ਰਿਪਲ ਏ ਵਿੰਡੋ ਅਤੇ ਟ੍ਰਿਪਲ ਏ ਡੋਰ ਵੱਲੋਂ 11,000 ਡਾਲਰ ਦੀ ਰਾਸੀ ਦਾਨ ਦੇ ਰੂਪ ਵਿੱਚ ਦਿੱਤੀ ਗਈ। ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਾਬਕਾ ਮੰਤਰੀ ਮਨਮੀਤ ਭੁੱਲਰ ਦੀ ਯਾਦ ਵਿੱਚ ਵੀ ਸਾਰਾ ਦਿਨ ਉਹਨਾਂ ਦੇ ਨਾਂ ਉੱਪਰ ਬਹੁਤ ਸਾਰਾ ਫੰਡ ਇਕੱਤਰ ਹੋਇਆ। ਇਸੇ ਤਰ੍ਹਾਂ ਸਰੀ ਸਹਿਰ ਵਿਖੇ ਵੀ ਰੈੱਡ ਐੱਫ ਐੱਮ ਰੇਡੀਓ ਵੱਲੋਂ ਅੱਜ ਦੇ ਦਿਨ ਹੀ ਦੁੱਖ ਭੰਜਨ ਕਿਡਨੀ ਸੈਂਟਰ ਲਈ 820,000 ਡਾਲਰ ਇਕੱਠੇ ਕਰਕੇ ਵੱਡਾ ਯੋਗਦਾਨ ਪਾਇਆ । ਕੁੱਲ ਮਿਲਾਕੇ ਤਕਰੀਬਨ 11 ਲੱਖ ਡਾਲਰ ਦੇ ਕਰੀਬ ਫੰਡ ਪੰਜਾਬੀ ਭਾਈਚਾਰੇ ਵੱਲੋਂ ਦੋਵੇਂ ਸ਼ਹਿਰਾਂ ਵਿੱਚੋਂ ਇਕੱਤਰ ਕੀਤਾ ਗਿਆ।